ਸੁਖਬੀਰ ਬਾਦਲ ਦੀਆਂ ਟਿੱਪਣੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਾਕਤ ਨੂੰ ਢਾਹ ਲਗਾਉਂਦੀਆਂ ਹਨ ਅਤੇ ਪੰਥ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀਆਂ ਹਨ: ਹਰਜੋਤ ਸਿੰਘ ਬੈਂਸ
ਸੁਖਬੀਰ ਬਾਦਲ ਨੇ ਆਪਣੇ ਸ਼ਬਦਾਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹਮਲਾ ਕੀਤਾ ਹੈ; ਤਖ਼ਤ ਸਾਹਿਬ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੇ ਪੰਥ ਦੀ ਨੁਮਾਇੰਦਗੀ ਨਹੀਂ ਕਰ ਸਕਦੇ: ਹਰਜੋਤ ਸਿੰਘ ਬੈਂਸ
ਸ੍ਰੀ ਅਕਾਲ ਤਖ਼ਤ ਸਾਹਿਬ ਪੰਥ ਲਈ ਅਧਿਆਤਮਿਕ ਅਤੇ ਦੁਨਿਆਵੀ ਕੇਂਦਰ ਹੈ; ਉਥੋਂ ਜਾਰੀ ਹੋਇਆ ਹਰ ਹੁਕਮਨਾਮਾ ਅਕਾਲ ਪੁਰਖ ਦਾ ਹੁਕਮ ਹੁੰਦਾ ਹੈ ਅਤੇ ਇਸ ‘ਤੇ ਕੋਈ ਸਵਾਲ ਨਹੀਂ ਕੀਤਾ ਜਾ ਸਕਦਾ: ਹਰਜੋਤ ਸਿੰਘ ਬੈਂਸ
ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹਮਲੇ ਦਾ ਸਖ਼ਤ ਨੋਟਿਸ ਲੈਣਾ ਚਾਹੀਦਾ ਹੈ: ਹਰਜੋਤ ਸਿੰਘ ਬੈਂਸ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਦਾ ਸਿਹਰਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਨੂੰ ਨਾ ਦੇਣ ਕਰਕੇ ਇਹ ਪ੍ਰਾਜੈਕਟ ਰੋਕਿਆ: ਹਰਜੋਤ ਸਿੰਘ ਬੈਂਸ
ਸਿਆਸੀ ਦਖਲ ਕਾਰਨ ਸ੍ਰੀ ਅਨੰਦਪੁਰ ਸਾਹਿਬ ਪ੍ਰਾਜੈਕਟ ਦਾ 90 ਫੀਸਦੀ ਹਿੱਸਾ ਲੀਹੋਂ ਉਤਰਿਆ, ਲੋਕ ਯਾਦ ਰੱਖਣਗੇ ਕਿ ਇਸਨੂੰ ਕਿਸਨੇ ਰੋਕਿਆ ਸੀ: ਹਰਜੋਤ ਸਿੰਘ ਬੈਂਸ
ਚੰਡੀਗੜ੍ਹ, 9ਅਪ੍ਰੈਲ 2026 (ਦੀ ਪੰਜਾਬ ਵਾਇਰ)– ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ 2 ਦਸੰਬਰ, 2024 ਦੇ ਹੁਕਮਾਂ ਸਬੰਧੀ ਟਿੱਪਣੀਆਂ ‘ਤੇ ਆਲੋਚਨਾ ਕਰਦਿਆਂ ਕਿਹਾ ਕਿ ਅਜਿਹੇ ਬਿਆਨ ਸਿੱਖ ਪੰਥ ਦੀ ਸਰਵਉੱਚ ਤਾਕਤ ਨੂੰ ਢਾਹ ਲਗਾਉਂਦੇ ਹਨ ਅਤੇ ਇਸਦੀ ਪਵਿੱਤਰਤਾ ਅਤੇ ਭਾਈਚਾਰੇ ਦੀਆਂ ਸਮੂਹਿਕ ਭਾਵਨਾਵਾਂ ‘ਤੇ ਸਿੱਧਾ ਹਮਲਾ ਹਨ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਪੰਥ ਦਾ ਸਰਵਉੱਚ ਅਧਿਆਤਮਿਕ ਕੇਂਦਰ ਹੈ ਅਤੇ ਇਸ ਤੋਂ ਜਾਰੀ ਹਰ ਹੁਕਮਨਾਮਾ ਅਕਾਲ ਪੁਰਖ ਦਾ ਬ੍ਰਹਮ ਹੁਕਮ ਹੈ ਇਸ ‘ਤੇ ਕੋਈ ਵੀ ਸਵਾਲ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਤਖਤ ਸਾਹਿਬ ਦੀ ਤਾਕਤ ਨੂੰ ਚੁਣੌਤੀ ਦਿੰਦੇ ਹਨ ਉਹ ਪੰਥ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਨਹੀਂ ਕਰ ਸਕਦੇ।
ਤੁਰੰਤ ਦਖਲ ਦੀ ਮੰਗ ਕਰਦਿਆਂ ਉਨ੍ਹਾਂ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਤਖ਼ਤ ਸਾਹਿਬ ‘ਤੇ ਇਸ ਹਮਲੇ ਦਾ ਸਖ਼ਤ ਨੋਟਿਸ ਲੈਣ ਦੀ ਅਪੀਲ ਕੀਤੀ। ਇਸੇ ਸੰਦਰਭ ਵਿੱਚ, ਹਰਜੋਤ ਸਿੰਘ ਬੈਂਸ ਨੇ ਧਾਰਮਿਕ ਅਤੇ ਵਿਰਾਸਤੀ ਮਾਮਲਿਆਂ ਵਿੱਚ ਸਿਆਸੀ ਦਖਲਅੰਦਾਜ਼ੀ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਐਸਜੀਪੀਸੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਨੂੰ ਸ੍ਰੀ ਅਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਦਾ ਸਿਹਰਾ ਨਾ ਦੇਣ ਲਈ ਇਸ ਪ੍ਰਾਜੈਕਟ ਦਾ ਲਗਭਗ 90 ਫੀਸਦ ਹਿੱਸਾ ਬਦਲ ਦਿੱਤਾ। ਉਨ੍ਹਾਂ ਕਿਹਾ ਕਿ ਲੋਕ ਯਾਦ ਰੱਖਣਗੇ ਕਿ ਇਸ ਧਾਰਮਿਕ ਅਤੇ ਸੱਭਿਆਚਾਰਕ ਮਹੱਤਤਾ ਵਾਲੇ ਪ੍ਰਾਜੈਕਟ ਨੂੰ ਕਿਸਨੇ ਰੋਕਿਆ ਸੀ।
ਉਨ੍ਹਾਂ ਅੱਗੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਪੰਥ ਲਈ ਸਰਬੋਤਮ ਅਧਿਆਤਮਿਕ ਅਤੇ ਦੁਨਿਆਵੀ ਕੇਂਦਰ ਹੈ। ਉੱਥੋਂ ਜਾਰੀ ਹੋਇਆ ਹਰ ਹੁਕਮਨਾਮਾ ਇੱਕ ਬ੍ਰਹਮ ਹੁਕਮ ਹੁੰਦਾ ਹੈ ਅਤੇ ਇਸ ‘ਤੇ ਕੋਈ ਸਵਾਲ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਸਖ਼ਤ ਚੇਤਾਵਨੀ ਜਾਰੀ ਕਰਦਿਆਂ ਕਿਹਾ ਕਿ ਜੋ ਕੋਈ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਹੁਕਮਨਾਮੇ ‘ਤੇ ਸਵਾਲ ਉਠਾਉਂਦਾ ਹੈ, ਤਾਂ ਉਹ ਗੁਰੂ ਸਾਹਿਬ ਨੂੰ ਜਵਾਬਦੇਹ ਹੋਵੇਗਾ।
ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਅਪੀਲ ਕਰਦਿਆਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਆਪਣੇ ਸ਼ਬਦਾਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹਮਲਾ ਕੀਤਾ ਹੈ। ਇਹ ਸਾਡੇ ਵਿਸ਼ਵਾਸ ‘ਤੇ ਹਮਲਾ ਹੈ। ਕੋਈ ਵੀ ਸਿੱਖ ਜੋ ਅਕਾਲ ਤਖ਼ਤ ਦੇ ਹੁਕਮਨਾਮੇ ਨੂੰ ਨਹੀਂ ਮੰਨਦਾ ਜਾਂ ਇਸਦੀ ਅਥਾਰਟੀ ‘ਤੇ ਸਵਾਲ ਉਠਾਉਂਦਾ ਹੈ, ਉਹ ਸਿੱਖ ਕਹਾਉਣ ਦੇ ਆਪਣੇ ਅਧਿਕਾਰ ਨੂੰ ਗੁਆ ਦਿੰਦਾ ਹੈ। ਇਸ ਲਈ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੀ ਸੁਖਬੀਰ ਸਿੰਘ ਬਾਦਲ ਦੇ ਬਿਆਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਪੰਥ ਨੂੰ ਤਖ਼ਤ ਦੀ ਅਥਾਰਟੀ ‘ਤੇ ਸਵਾਲ ਉਠਾਉਣ ਦੀ ਕਿਸੇ ਵੀ ਕੋਸ਼ਿਸ਼ ਵਿਰੁੱਧ ਇੱਕਜੁੱਟ ਹੋਣ ਦਾ ਸੱਦਾ ਦਿੱਤਾ ਹੈ।
ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰੋਜੈਕਟ ਸਬੰਧੀ ਮੀਡੀਆ ਦੇ ਸਵਾਲ ਦਾ ਜਵਾਬ ਦਿੰਦਿਆਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਇਸ ਪ੍ਰੋਜੈਕਟ ‘ਤੇ ਇਸ ਡਰੋਂ ਰੋਕ ਲਗਾ ਦਿੱਤੀ ਸੀ ਕਿ ਇਸਦਾ ਸਿਹਰਾ ਦੂਜਿਆਂ ਨੂੰ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਮੈਨੂੰ ਦੋ ਮਹੀਨਿਆਂ ਲਈ ਸੈਰ-ਸਪਾਟਾ ਵਿਭਾਗ ਦਾ ਕਾਰਜਭਾਰ ਸੰਭਾਲਿਆ ਗਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਪੂਰੇ ਉਤਸ਼ਾਹ ਨਾਲ ਸ੍ਰੀ ਆਨੰਦਪੁਰ ਸਾਹਿਬ ਲਈ ਹੈਰੀਟੇਜ ਸਟਰੀਟ ਪ੍ਰੋਜੈਕਟ ਤਿਆਰ ਕੀਤਾ। ਇਸਦੀ ਸ਼੍ਰੋਮਣੀ ਕਮੇਟੀ ਦੁਆਰਾ ਜਾਂਚ ਵੀ ਕੀਤੀ ਗਈ ਸੀ। ਅੱਜ ਵੀ ਪ੍ਰੋਜੈਕਟ ਦਾ ਇੱਕ ਮਾਡਲ, ਜਿਸ ਵਿੱਚ ਇੱਕ ਡਿਊਡੀ ਵੀ ਸ਼ਾਮਲ ਹੈ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਰੱਖਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਵਿਰਾਸਤੀ ਗਲੀ ਪ੍ਰੋਜੈਕਟ ਦੇ ਮੂਲ ਡਿਜ਼ਾਈਨ ਦਾ 90 ਫੀਸਦ ਹਿੱਸਾ ਰਾਜਨੀਤਿਕ ਕਾਰਨਾਂ ਕਰਕੇ ਬਦਲ ਦਿੱਤਾ, ਕਿਉਂਕਿ ਸ਼੍ਰੋਮਣੀ ਕਮੇਟੀ ਨਹੀਂ ਚਾਹੁੰਦੀ ਸੀ ਕਿ ਇਸਦਾ ਸਿਹਰਾ ਹਰਜੋਤ ਸਿੰਘ ਬੈਂਸ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਾਂ ਕਿਸੇ ਹੋਰ ਨੂੰ ਮਿਲੇ।
ਉਨ੍ਹਾਂ ਅੱਗੇ ਕਿਹਾ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪਹਿਲਾਂ ਹੀ ਇਸੇ ਤਰ੍ਹਾਂ ਦੀ ਡਿਓੜੀ ਬਣੀ ਹੋਈ ਹੈ। ਫਿਰ ਪ੍ਰਵਾਨਿਤ ਡਿਜ਼ਾਈਨ ਦਾ 90 ਫੀਸਦ ਹਿੱਸਾ ਕਿਉਂ ਬਦਲਿਆ ਗਿਆ? ਪਰ ਜਿਵੇਂ ਕਿ ਮੈਂ ਕਿਹਾ ਹੈ ਸ਼੍ਰੋਮਣੀ ਕਮੇਟੀ ਪ੍ਰਧਾਨ ਜਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਜੋ ਵੀ ਫੈਸਲਾ ਲੈਣ, ਉਹ ਸਾਡੇ ਲਈ ਪੰਥ ਦੇ ਹੁਕਮ ਸਮਾਨ ਹੈ। ਉਨ੍ਹਾਂ ਕਿਹਾ ਕਿ ਉਕਤ ਪ੍ਰੋਜੈਕਟ ਨੂੰ ਮੁਕੰਮਲ ਹੁੰਦਾ ਦੇਖਣਾ ਮੇਰੀ ਦਿਲੀਂ ਇੱਛਾ ਸੀ।
ਉਨ੍ਹਾਂ ਦੱਸਿਆ ਕਿ ਪ੍ਰਸਤਾਵਿਤ ਲਾਂਘੇ ਦਾ ਉਦੇਸ਼ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਗੁਰਦੁਆਰਾ ਸੀਸ ਗੰਜ ਸਾਹਿਬ, ਉਹ ਪਵਿੱਤਰ ਅਸਥਾਨ ਜਿੱਥੇ ਨੌਵੇਂ ਪਾਤਸ਼ਾਹ ਦੇ ਪਵਿੱਤਰ ਸੀਸ ਦਾ ਸਸਕਾਰ ਕੀਤਾ ਗਿਆ ਸੀ ਅਤੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਆਨੰਦਪੁਰ ਸਾਹਿਬ ਵਿੱਚ ਰਹਿੰਦੇ ਸਮੇਂ ਰੋਜ਼ਾਨਾ ਮੱਥਾ ਟੇਕਦੇ ਸਨ, ਨਾਲ ਜੋੜਨਾ ਸੀ। ਅਸੀਂ ਸਿੱਖ ਸੰਸਥਾ ਦੇ ਫੈਸਲੇ ਨੂੰ ਪੂਰੇ ਦਿਲ ਨਾਲ ਸਵੀਕਾਰ ਕਰਦੇ ਹਾਂ। ਉਨ੍ਹਾਂ ਕਿਹਾ ਕਿ ਹੁਣ ਫੈਸਲਾ ਕੌਮ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਲੋਕ ਕਰਨਗੇ। ਉਨ੍ਹਾਂ ਕਿਹਾ ਕਿ ਸਿੱਖ ਕੌਮ ਹਮੇਸ਼ਾ ਯਾਦ ਰੱਖੇਗੀ ਕਿ ਸ਼੍ਰੋਮਣੀ ਕਮੇਟੀ ਨੇ ਅਜਿਹਾ ਨਹੀਂ ਹੋਣ ਦਿੱਤਾ।
ਇਨ੍ਹਾਂ ਤਬਦੀਲੀਆਂ ‘ਤੇ ਨਿਰਾਸ਼ਾ ਪ੍ਰਗਟ ਕਰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵੱਲ ਮੌਜੂਦਾ ਝੁਕਾਅ ਬਹੁਤ ਜ਼ਿਆਦਾ ਹੈ। ਮੈਂ ਇਸ ਸਬੰਧੀ ਪੌੜੀਆਂ, ਇੱਕ ਲਿਫਟ ਅਤੇ ਨਗਰ ਕੀਰਤਨ ਲਈ ਇੱਕ ਖੁੱਲ੍ਹੇ ਰਸਤੇ ਦੀ ਯੋਜਨਾ ਬਣਾਈ ਸੀ। ਅੱਜ ਨਾ ਤਾਂ ਬਜ਼ੁਰਗ ਅਤੇ ਨਾ ਹੀ ਹੋਰ ਬਹੁਤ ਸਾਰੇ ਲੋਕ ਢਲਾਣ ‘ਤੇ ਚੜ੍ਹ ਸਕਦੇ ਹਨ, ਪਰ ਸ਼੍ਰੋਮਣੀ ਕਮੇਟੀ ਦਾ ਜੋ ਵੀ ਹੁਕਮ ਹੋਵੇ, ਅਸੀਂ ਮੰਨਣ ਲਈ ਤਿਆਰ ਹਾਂ। ਉਨ੍ਹਾਂ ਪੁਸ਼ਟੀ ਕੀਤੀ ਕਿ ਇਹ ਪ੍ਰੋਜੈਕਟ ਹੁਣ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਗੁਰਦੁਆਰਾ ਸੀਸ ਗੰਜ ਸਾਹਿਬ ਅਤੇ ਕਿਲ੍ਹਾ ਅਨੰਦਗੜ੍ਹ ਸਾਹਿਬ ਤੱਕ ਚਲਾਇਆ ਜਾਵੇਗਾ।
