ਗੁਰਦਾਸਪੁਰ-ਅੰਮ੍ਰਿਤਸਰ ਪੁਲਿਸ ਤੇ ਕੇਂਦਰੀ ਏਜੰਸੀਆਂ ਵੱਲੋਂ ISI-ਸਪਾਂਸਰਡ BKI ਮੋਡੀਊਲ ਭੰਨਿਆ, 2 ਗ੍ਰਿਫ਼ਤਾਰ

ਚੰਡੀਗੜ੍ਹ/ਗੁਰਦਾਸਪੁਰ, 9 ਅਪ੍ਰੈਲ 2026 (ਮੰਨਨ ਸੈਣੀ)। ਡਾਇਰੈਕਟਰ ਜਨਰਲ ਆਫ਼ ਪੁਲਿਸ, ਪੰਜਾਬ ਗੋਰਵ ਯਾਦਵ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਜ਼ਿਲ੍ਹਾ ਅੰਮ੍ਰਿਤਸਰ ਰੂਰਲ, ਜ਼ਿਲ੍ਹਾ ਗੁਰਦਾਸਪੁਰ ਅਤੇ SSOC ਅੰਮ੍ਰਿਤਸਰ ਨੇ ਕੇਂਦਰੀ ਏਜੰਸੀਆਂ ਨਾਲ ਸਾਂਝੀ ਕਾਰਵਾਈ ਕਰਦਿਆਂ ISI-ਪ੍ਰਾਯੋਜਿਤ ਬੱਬਰ ਖ਼ਾਲਸਾ ਇੰਟਰਨੈਸ਼ਨਲ (BKI) ਦੇ ਇੱਕ ਅੱਤਵਾਦੀ ਮੋਡੀਊਲ ਦਾ ਭਾਂਡਾ ਭੰਨ ਦਿੱਤਾ ਹੈ। ਇਸ ਕਾਰਵਾਈ ਵਿੱਚ 2 ਦੋਸ਼ੀ ਗ੍ਰਿਫ਼ਤਾਰ ਕੀਤੇ ਗਏ ਹਨ। ਮੋਡੀਊਲ ਵਿਦੇਸ਼ ਵਿੱਚ ਬੈਠੇ ਹੈਂਡਲਰ ਦੀਆਂ ਹਿਦਾਇਤਾਂ ‘ਤੇ ਚੱਲ ਰਿਹਾ ਸੀ।

ਡੀਜੀਪੀ ਗੌਰਵ ਯਾਦਵ ਦੇ ਬਿਆਨ ਮੁਤਾਬਕ ਇਸ ਕਾਰਵਾਈ ਵਿੱਚ 5 ਹੱਥ-ਗ੍ਰਨੇਡ, 2 ਸਪੈਸ਼ਲ ਡੈਟੋਨੇਟਰ, PTT ਟਾਈਮਰ (ਕੋਡਰ, ਡੀਕੋਡਰ ਤੇ 9V ਬੈਟਰੀ ਸਮੇਤ), IED ਸਮੱਗਰੀ (ਨਹੁੰਆਂ ਨਾਲ ਪੈਕ 1 ਕਿਲੋ ਹਾਈ ਐਕਸਪਲੋਸਿਵ) ਅਤੇ ਕੇਬਲ ਤੇ ਟ੍ਰਿਗਰ ਮਕੈਨਿਜ਼ਮ ਸਮੇਤ ਇੱਕ Baofeng ਵਾਕੀ-ਟਾਕੀ ਬਰਾਮਦ ਕੀਤੀ ਗਈ ਹੈ। ਇਹ ਬਰਾਮਦਗੀ ਸਾਬਤ ਕਰਦੀ ਹੈ ਕਿ ਦੋਸ਼ੀ ਜਨਤਕ ਅਮਨ-ਅਮਾਨ ਭੰਗ ਕਰਨ ਦੇ ਮਕਸਦ ਨਾਲ ਵੱਡੇ ਹਮਲਿਆਂ ਦੀਆਂ ਤਿਆਰੀਆਂ ਕਰ ਰਹੇ ਸਨ।

ਥਾਣਾ ਕਲਾਨੌਰ, ਗੁਰਦਾਸਪੁਰ ਵਿੱਚ ਵਿਸਫੋਟਕ ਪਦਾਰਥ ਐਕਟ ਦੀਆਂ ਸੰਬੰਧਿਤ ਧਾਰਾਵਾਂ ਅਧੀਨ FIR ਦਰਜ ਕਰ ਲਈ ਗਈ ਹੈ। ਪੁਲਿਸ ਵੱਲੋਂ ਵਿਦੇਸ਼ੀ ਹੈਂਡਲਰਾਂ ਅਤੇ ਸਥਾਨਕ ਸਹਾਇਕ ਨੈੱਟਵਰਕ ਸਮੇਤ ਅੱਗੇ-ਪਿੱਛੇ ਦੀਆਂ ਸਾਰੀਆਂ ਕੜੀਆਂ ਦੀ ਸ਼ਨਾਖ਼ਤ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ।

ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਦੱਸਿਆ ਗਿਆ ਕਿ ਪੰਜਾਬ ਪੁਲਿਸ ਸੂਬੇ ਵਿੱਚ ਅਮਨ, ਸੁਰੱਖਿਆ ਅਤੇ ਜਨ-ਸੁਰੱਖਿਆ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

Exit mobile version