ਗੁਰਦਾਸਪੁਰ, 4 ਅਪ੍ਰੈਲ 2026 (ਮੰਨਨ ਸੈਣੀ)–ਰਾਸ਼ਟਰੀ ਪੁਰਸਕਾਰ ਵਿਜੇਤਾ ਰਮੇਸ਼ ਮਹਾਜਨ ਨੇ ਮਾਨ ਕੌਰ ਸਿੰਘ ਝੁੱਗੀ-ਝੋਂਪੜੀ ਇਲਾਕੇ ਵਿੱਚ ਚੱਲ ਰਹੇ ਐਜੂਕੇਸ਼ਨ ਸਟੱਡੀ ਸੈਂਟਰ ਦੇ ਬੱਚਿਆਂ ਨੂੰ ਖ਼ਾਸ ਤੋਹਫ਼ਾ ਦਿੱਤਾ।
ਇਸ ਵਿਸ਼ੇਸ਼ ਉਪਰਾਲੇ ਦੇ ਤਹਿਤ ਬੱਚਿਆਂ ਨੂੰ ਏ.ਜੀ.ਐਮ ਮਾਲ ਥੀਏਟਰ, ਗੁਰਦਾਸਪੁਰ ਵਿੱਚ ਪ੍ਰੇਰਣਾਦਾਇਕ ਫ਼ਿਲਮ ਧੁਰੰਧਰ-2 ਦਿਖਾਈ ਗਈ। ਇਸ ਪ੍ਰੋਗਰਾਮ ਦੀ ਦੇਖ-ਰੇਖ ਬਖਸ਼ੀ ਰਾਜ, ਕੋਆਰਡੀਨੇਟਰ, ਚਾਈਲਡ ਵੈਲਫੇਅਰ ਕੌਂਸਲ ਗੁਰਦਾਸਪੁਰ ਵੱਲੋਂ ਕੀਤੀ ਗਈ।
ਰੋਮੋਸ ਮਹਾਜਨ ਨੇ ਦੱਸਿਆ ਕਿ ਬਹੁਤ ਸਾਰੇ ਬੱਚਿਆਂ ਲਈ ਇਹ ਉਹਨਾਂ ਦੀ ਜ਼ਿੰਦਗੀ ਦਾ ਪਹਿਲਾ ਮੌਕਾ ਸੀ ਜਦੋਂ ਉਹਨਾਂ ਨੇ ਕਿਸੇ ਸਿਨੇਮਾ ਹਾਲ ਵਿੱਚ ਫ਼ਿਲਮ ਦੇਖੀ, ਕਿਉਂਕਿ ਆਰਥਿਕ ਪਾਬੰਦੀਆਂ ਕਾਰਨ ਉਹ ਇਸ ਤਰ੍ਹਾਂ ਦੇ ਅਨੁਭਵ ਤੋਂ ਵਾਂਝੇ ਰਹਿੰਦੇ ਸਨ।
ਉਨ੍ਹਾਂ ਦੱਸਿਆ ਕਿ ਦੇਸ਼ਭਗਤੀ ਭਾਵਨਾਵਾਂ ਨਾਲ ਭਰਪੂਰ ਇਸ ਫ਼ਿਲਮ ਨੇ ਬੱਚਿਆਂ ਦੇ ਮਨ ‘ਤੇ ਡੂੰਘਾ ਅਸਰ ਛੱਡਿਆ। ਬੱਚਿਆਂ ਨੇ ਖੁਸ਼ੀ ਜਤਾਉਂਦੇ ਹੋਏ ਰਮੇਸ਼ ਮਹਾਜਨ ਦਾ ਧੰਨਵਾਦ ਕੀਤਾ। ਉਹਨਾਂ ਨੇ ਕਿਹਾ, “ਅਸੀਂ ਪਹਿਲਾਂ ਕਦੇ ਵੀ ਥੀਏਟਰ ਵਿੱਚ ਫ਼ਿਲਮ ਨਹੀਂ ਦੇਖੀ। ਇਸ ਸ਼ਾਨਦਾਰ ਮੌਕੇ ਲਈ ਅਸੀਂ ਬਹੁਤ ਆਭਾਰੀ ਹਾਂ।”
ਇਹ ਫ਼ਿਲਮ ਸਿਰਫ਼ ਮਨੋਰੰਜਨ ਹੀ ਨਹੀਂ ਸੀ, ਸਗੋਂ ਇਸ ਨੇ ਬੱਚਿਆਂ ਵਿੱਚ ਦੇਸ਼ਭਗਤੀ ਦੀ ਭਾਵਨਾ ਨੂੰ ਵੀ ਜਗਾਇਆ। ਕਈ ਬੱਚਿਆਂ ਨੇ ਪ੍ਰੇਰਿਤ ਹੋ ਕੇ ਭਵਿੱਖ ਵਿੱਚ ਭਾਰਤੀ ਫੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਦੀ ਇੱਛਾ ਜਤਾਈ।
ਇਸ ਤਰ੍ਹਾਂ ਦੀਆਂ ਪਹਿਲਕਦਮੀਆਂ ਨਾ ਸਿਰਫ਼ ਬੱਚਿਆਂ ਦੀ ਸਿੱਖਿਆ ਨੂੰ ਮਜ਼ਬੂਤ ਕਰਦੀਆਂ ਹਨ, ਸਗੋਂ ਉਹਨਾਂ ਦੇ ਵਿਅਕਤੀਗਤ ਵਿਕਾਸ ਅਤੇ ਸੋਚ ਨੂੰ ਵੀ ਵਿਸਥਾਰ ਦਿੰਦੀਆਂ ਹਨ।
