ਦਸ ਸਾਲ ਚੱਲੀ ਕਾਨੂੰਨੀ ਲੜਾਈ ਤੋਂ ਬਾਅਦ ਮਿਲੀ ਰਾਹਤ; ਹਿਊਮਨ ਟ੍ਰੈਫਿਕਿੰਗ ਅਤੇ ਇਮੀਗ੍ਰੇਸ਼ਨ ਐਕਟ ਦੇ ਦੋਸ਼ਾਂ ਤੋਂ ਮੁਕਤ
ਗੁਰਦਾਸਪੁਰ, 31 ਮਾਰਚ 2026 (ਮੰਨਨ ਸੈਣੀ) । ਸਾਲ 2014 ਵਿੱਚ ਇਰਾਕ ਦੇ ਮੋਸੂਲ ਸ਼ਹਿਰ ਵਿੱਚ ਇਸਲਾਮਿਕ ਸਟੇਟ (ISIS) ਵੱਲੋਂ ਅਗਵਾ ਕਰ ਕੇ ਕਤਲ ਕੀਤੇ ਗਏ 39 ਭਾਰਤੀਆਂ ਦੇ ਚਰਚਿਤ ਮਾਮਲੇ ਵਿੱਚ ਗੁਰਦਾਸਪੁਰ ਦੇ ਐਡੀਸ਼ਨਲ ਸੈਸ਼ਨ ਜੱਜ ਰੰਜੀਵਪਾਲ ਸਿੰਘ ਚੀਮਾ ਦੀ ਅਦਾਲਤ ਨੇ ਵੱਡਾ ਫ਼ੈਸਲਾ ਸੁਣਾਇਆ ਹੈ। ਅਦਾਲਤ ਨੇ ਮੌਤ ਦੇ ਮੂੰਹੋਂ ਬਚੇ ਹਰਜੀਤ ਮਸੀਹ ਅਤੇ ਉਸ ਦੇ ਸਾਥੀ ਰਾਜਬੀਰ ਸਿੰਘ ਨੂੰ ਹਿਊਮਨ ਟ੍ਰੈਫਿਕਿੰਗ ਅਤੇ ਇਮੀਗ੍ਰੇਸ਼ਨ ਐਕਟ ਨਾਲ ਸਬੰਧਤ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ।
ਕੇਸ ਦੀ ਪੈਰਵਾਈ ਕਰ ਰਹੇ ਵਕੀਲ ਮਨੀਸ਼ ਕੁਮਾਰ ਨੇ ਦੱਸਿਆ ਕਿ ਹਰਜੀਤ ਮਸੀਹ ਉਨ੍ਹਾਂ 39 ਭਾਰਤੀਆਂ ਵਿੱਚੋਂ ਇਕਲੌਤਾ ਵਿਅਕਤੀ ਸੀ ਜੋ ISIS ਦੀ ਕੈਦ ਵਿੱਚੋਂ ਜ਼ਿੰਦਾ ਬਚ ਕੇ ਪਰਤਿਆ। ਉਸ ਨੇ ਬਿਆਨ ਦਿੱਤਾ ਸੀ ਕਿ ਉਸ ਦੀਆਂ ਅੱਖਾਂ ਸਾਹਮਣੇ ਬਾਕੀ ਭਾਰਤੀਆਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਮਾਮਲਾ ਉਦੋਂ ਅਦਾਲਤ ਤੱਕ ਪਹੁੰਚਿਆ ਜਦੋਂ ਕਤਲ ਹੋਏ ਨੌਜਵਾਨਾਂ ਵਿੱਚੋਂ ਇੱਕ, ਮਨਜਿੰਦਰ ਸਿੰਘ, ਦੀ ਭੈਣ ਗੁਰਪਿੰਦਰ ਕੌਰ ਨੇ ਥਾਣਾ ਫ਼ਤਿਹਗੜ੍ਹ ਚੂੜੀਆਂ ਵਿੱਚ ਸ਼ਿਕਾਇਤ ਦਰਜ ਕਰਵਾਈ। ਉਸ ਦਾ ਦੋਸ਼ ਸੀ ਕਿ ਹਰਜੀਤ ਮਸੀਹ ਅਤੇ ਰਾਜਬੀਰ ਸਿੰਘ ਨੇ ਉਸ ਦੇ ਭਰਾ ਨੂੰ ਨੌਕਰੀ ਦਾ ਲਾਲਚ ਦੇ ਕੇ ਅਤੇ ਪੈਸੇ ਲੈ ਕੇ ਗ਼ੈਰ-ਕਾਨੂੰਨੀ ਢੰਗ ਨਾਲ ਇਰਾਕ ਭੇਜਿਆ, ਜਿੱਥੇ ਉਸ ਦੀ ਮੌਤ ਹੋਈ। ਇਸ ਸ਼ਿਕਾਇਤ ਦੇ ਆਧਾਰ ‘ਤੇ ਪੁਲਸ ਨੇ ਧਾਰਾ 420, 406, 370 ਅਤੇ ਇਮੀਗ੍ਰੇਸ਼ਨ ਐਕਟ ਤਹਿਤ ਕੇਸ ਦਰਜ ਕੀਤਾ ਸੀ।
ਵਕੀਲ ਮਨੀਸ਼ ਕੁਮਾਰ ਅਨੁਸਾਰ ਲਗਭਗ ਦਸ ਸਾਲ ਚੱਲੀ ਕਾਨੂੰਨੀ ਪ੍ਰਕਿਰਿਆ ਦੌਰਾਨ ਪੇਸ਼ ਕੀਤੇ ਗਏ ਸਬੂਤਾਂ ਦੀ ਪੜਚੋਲ ਤੋਂ ਬਾਅਦ ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ।
