ਗੁਰਦਾਸਪੁਰ ਅਧੀਨ ਆਉਂਦੀਆਂ ਸਾਰੀਆਂ ਗੈਸ ਏਜੰਸੀਆਂ ਕੋਲ ਘਰੇਲੂ ਗੈਸ ਸਿਲੰਡਰਾਂ ਦਾ ਲੋੜੀਂਦਾ ਸਟਾਕ ਉਪਲੱਬਧ-ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ

ਕਿਹਾ-ਜ਼ਿਲ੍ਹੇ ਦੇ ਪੈਟਰੋਲ ਪੰਪਾਂ ‘ਤੇ ਪੈਟਰੋਲ ਅਤੇ ਡੀਜ਼ਲ ਦੀ ਵੀ ਕੋਈ ਘਾਟ ਨਹੀਂ

ਜ਼ਿਲ੍ਹਾ ਵਾਸੀ ਲੋੜ ਅਨੁਸਾਰ ਹੀ ਗੈਸ ਬੁਕਿੰਗ ਕਰਵਾਉਣ ਅਤੇ ਪ੍ਰਸ਼ਾਸਨ ਨਾਲ ਸਹਿਯੋਗ ਕਰਨ

ਗੁਰਦਾਸਪੁਰ, 30 ਮਾਰਚ 2026 (ਮੰਨਨ ਸੈਣੀ)– ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ ਵੱਲੋਂ ਜ਼ਿਲ੍ਹੇ ਦੀ ਆਮ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਘਰੇਲੂ ਗੈਸ ਸਿਲੰਡਰਾਂ ਅਤੇ ਪੈਟਰੋਲ/ਡੀਜ਼ਲ ਦੀ ਸਪਲਾਈ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਦੀ ਲੋੜ ਨਹੀਂ ਹੈ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਅਧੀਨ ਆਉਂਦੀਆਂ ਸਾਰੀਆਂ ਗੈਸ ਏਜੰਸੀਆਂ ਕੋਲ ਘਰੇਲੂ ਗੈਸ ਸਿਲੰਡਰਾਂ ਦਾ ਲੋੜੀਂਦਾ ਸਟਾਕ ਉਪਲੱਬਧ ਹੈ ਅਤੇ ਸਪਲਾਈ ਨਿਰੰਤਰ ਜਾਰੀ ਹੈ। ਲੋਕਾਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦੇ ਹੋਏ ਗੈਸ ਦੀ ਬੁਕਿੰਗ ਲਈ ਸਮੇ-ਸੀਮਾ ਨਿਰਧਾਰਤ ਕੀਤੀ ਗਈ ਹੈ, ਜਿਸ ਅਨੁਸਾਰ ਪੇਂਡੂ ਖੇਤਰਾਂ ਵਿੱਚ 45 ਦਿਨਾਂ ਬਾਅਦ ਅਤੇ ਸ਼ਹਿਰੀ ਖੇਤਰਾਂ ਵਿੱਚ 25 ਦਿਨਾਂ ਬਾਅਦ ਹੀ ਗੈਸ ਸਿਲੰਡਰ ਬੁੱਕ ਕਰਵਾਇਆ ਜਾ ਸਕੇਗਾ। ਇਸ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਹਰ ਘਰ ਤੱਕ ਸਮੇਂ ਸਿਰ ਗੈਸ ਪਹੁੰਚ ਸਕੇ ਅਤੇ ਕਿਸੇ ਨੂੰ ਵੀ ਕਮੀ ਦਾ ਸਾਹਮਣਾ ਨਾ ਕਰਨਾ ਪਵੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਈ ਵਾਰ ਅਫ਼ਵਾਹਾਂ ਜਾਂ ਗਲਤ ਜਾਣਕਾਰੀ ਕਾਰਨ ਲੋਕ ਵੱਧ ਗੈਸ ਸਿਲੰਡਰ ਬੁੱਕ ਕਰਵਾ ਲੈਂਦੇ ਹਨ, ਜਿਸ ਨਾਲ ਹੋਰ ਲੋਕਾਂ ਨੂੰ ਮੁਸ਼ਕਲ ਆ ਸਕਦੀ ਹੈ।

ਇਸ ਲਈ ਸਾਰੇ ਨਾਗਰਿਕਾਂ ਨੂੰ ਅਪੀਲ ਹੈ ਕਿ ਉਹ ਸਿਰਫ਼ ਆਪਣੀ ਲੋੜ ਅਨੁਸਾਰ ਹੀ ਗੈਸ ਬੁਕਿੰਗ ਕਰਵਾਉਣ ਅਤੇ ਪ੍ਰਸ਼ਾਸਨ ਨਾਲ ਸਹਿਯੋਗ ਕਰਨ।

ਇਸ ਤੋਂ ਇਲਾਵਾ, ਜ਼ਿਲ੍ਹੇ ਦੇ ਸਾਰੇ ਪੈਟਰੋਲ ਪੰਪਾਂ ‘ਤੇ ਪੈਟਰੋਲ ਅਤੇ ਡੀਜ਼ਲ ਦੀ ਵੀ ਕੋਈ ਘਾਟ ਨਹੀਂ ਹੈ ਅਤੇ ਪੂਰਾ ਸਟਾਕ ਉਪਲਬਧ ਹੈ।

ਇਸ ਲਈ ਲੋਕ ਪੈਨਿਕ ਹੋ ਕੇ ਵੱਧ ਮਾਤਰਾ ਵਿੱਚ ਪੈਟਰੋਲ ਜਾਂ ਡੀਜ਼ਲ ਖਰੀਦ ਕੇ ਘਰਾਂ ਵਿੱਚ ਇਕੱਠਾ ਨਾ ਕਰਨ।

ਡਿਪਟੀ ਕਮਿਸ਼ਨਰ ਨੇ ਜਨਤਾ ਅਫ਼ਵਾਹਾਂ ਤੋਂ ਦੂਰ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਜ਼ਰੂਰੀ ਕਦਮ ਚੁੱਕਿਆ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ।

Exit mobile version