ਕੇਂਦਰ ਸਰਕਾਰ ਦੇ ਹੁਕਮਾਂ ਅਨੁਸਾਰ ਗੁਰਦਾਸਪੁਰ ਵਿੱਚ ਪਾਈਪਡ ਨੇਚਰਲ ਗੈਸ ਨੈੱਟਵਰਕ ਦਾ ਤੇਜ਼ ਵਿਸਥਾਰ

ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਰਕਾਰ ਅਤੇ ਗੁਜਰਾਤ ਗੈਸ ਲਿਮਿਟੇਡ ਨਾਲ ਤਾਲਮੇਲ ਰੱਖਦਿਆਂ ਇਸ ਪ੍ਰੋਜੈਕਟ ਨੂੰ ਸੁਚਾਰੂ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ-ਅਨੰਦ ਸਿੰਘ ਨੇਗੀ, ਡਿਪਟੀ ਮੈਨੇਜਰ (ਟੈਕਨੀਕਲ)

ਲੋਕਾਂ ਪਾਈਪਲਾਈਨ ਕੰਮ ਦੌਰਾਨ ਸਹਿਯੋਗ ਕਰਨ ਅਤੇ ਪੀਐਨਜੀ ਕੁਨੈਕਸ਼ਨ ਦੀ ਸੁਵਿਧਾ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ

ਗੁਰਦਾਸਪੁਰ, 28 ਮਾਰਚ 2026 (ਮੰਨਣ ਸੈਣੀ)। ਗੁਜਰਾਤ ਗੈਸ ਲਿਮਟਿਡ ਦੇ ਅਧਿਕਾਰੀ ਅਨੰਦ ਸਿੰਘ ਨੇਗੀ, ਡਿਪਟੀ ਮੈਨੇਜਰ (ਟੈਕਨੀਕਲ) ਨੇ ਜ਼ਿਲ੍ਹੇ ਵਿੱਚ ਪਾਈਪਡ ਨੇਚਰਲ ਗੈਸ (PNG) ਨੈੱਟਵਰਕ ਦੇ ਤੇਜ਼ ਵਿਸਥਾਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਇਹ ਕਾਰਜ ਗੁਜਰਾਤ ਗੈਸ ਲਿਮਿਟੇਡ ਦੁਆਰਾ ਭਾਰਤ ਸਰਕਾਰ ਦੇ “ਨੇਚਰਲ ਗੈਸ ਅਤੇ ਪੈਟਰੋਲਿਯਮ ਉਤਪਾਦ ਵੰਡ ਆਦੇਸ਼, 2026” ਦੇ ਤਹਿਤ ਕੀਤਾ ਜਾ ਰਿਹਾ ਹੈ, ਜੋ ਕਿ 24 ਮਾਰਚ 2026 ਨੂੰ ਅਹਿਮ ਵਸਤੂਆਂ ਕਾਨੂੰਨ, 1955 ਅਧੀਨ ਜਾਰੀ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਪ੍ਰੋਜੈਕਟ ‘ਤੇ ਕਾਰਜ ਜਾਰੀ ਹੈ।

ਉਨ੍ਹਾਂ ਦੱਸਿਆ ਕਿ ਉਕਤ ਕੇਂਦਰੀ ਹੁਕਮ ਤਹਿਤ ਪਾਈਪਡ ਨੇਚਰਲ ਗੈਸ ਨੂੰ ਅਹਿਮ ਯੂਟਿਲਿਟੀ ਸੇਵਾ ਘੋਸ਼ਿਤ ਕੀਤਾ ਗਿਆ ਹੈ, ਜਿਸ ਨਾਲ ਦੇਸ਼ ਦੀ ਊਰਜਾ ਸੁਰੱਖਿਆ ਮਜ਼ਬੂਤ ਹੋਵੇਗੀ ਅਤੇ ਐਲਪੀਜੀ ਉੱਤੇ ਨਿਰਭਰਤਾ ਘਟੇਗੀ।

ਇਸ ਦੇ ਨਾਲ ਹੀ ਸਿਟੀ ਗੈਸ ਡਿਸਟ੍ਰੀਬਿਊਸ਼ਨ ਕੰਪਨੀਆਂ ਨੂੰ ਰਾਈਟ ਆਫ਼ ਵੇ (RoW) ਦਿੱਤਾ ਗਿਆ ਹੈ, ਤਾਂ ਜੋ ਸਰਕਾਰੀ ਅਤੇ ਰਿਹਾਇਸ਼ੀ ਖੇਤਰਾਂ ਵਿੱਚ ਪਾਈਪਲਾਈਨ ਕੰਮ ਨੂੰ ਤੇਜ਼ੀ ਨਾਲ ਪੂਰਾ ਕੀਤਾ ਜਾ ਸਕੇ।

ਉਨ੍ਹਾਂ ਦੱਸਿਆ ਕਿ ਗੁਜਰਾਤ ਗੈਸ ਲਿਮਿਟੇਡ ਨੂੰ ਪੀਐਨਜੀਆਰਬੀ (PNGRB) ਵੱਲੋਂ ਸਾਲ 2019 ਵਿੱਚ ਗੁਰਦਾਸਪੁਰ ਵਿੱਚ ਸਿਟੀ ਗੈਸ ਡਿਸਟ੍ਰੀਬਿਊਸ਼ਨ ਲਈ ਅਧਿਕਾਰਤ ਕੀਤਾ ਗਿਆ ਸੀ। ਹੁਣ ਤੱਕ ਕੰਪਨੀ ਵੱਲੋਂ 5,000 ਤੋਂ ਵੱਧ ਘਰੇਲੂ ਉਪਭੋਗਤਾਵਾਂ ਨੂੰ ਪੀਐਨਜੀ ਨਾਲ ਜੋੜਿਆ ਜਾ ਚੁੱਕਾ ਹੈ ਅਤੇ 20 ਤੋਂ ਵੱਧ ਸੀਐਨਜੀ ਸਟੇਸ਼ਨ ਚਾਲੂ ਹਨ।

ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਦੀ ਗੈਸ ਆਧਾਰਿਤ ਅਰਥ ਵਿਵਸਥਾ ਦੀ ਦ੍ਰਿਸ਼ਟੀ ਦੇ ਅਨੁਸਾਰ, ਜ਼ਿਲ੍ਹੇ ਵਿੱਚ 500 ਕਿੱਲੋਮੀਟਰ ਤੋਂ ਵੱਧ ਸਟੀਲ ਅਤੇ ਐਮ.ਡੀ.ਪੀ.ਈ ਗੈਸ ਪਾਈਪਲਾਈਨਾਂ ਬਿਛਾਉਣ ਦਾ ਕੰਮ ਵੱਖ-ਵੱਖ ਪੜਾਆਂ ਵਿੱਚ ਚੱਲ ਰਿਹਾ ਹੈ। ਕੇਂਦਰੀ ਹੁਕਮਾਂ ਅਨੁਸਾਰ ਪੀ.ਐਨ.ਜੀ ਉਪਲਬਧ ਮਕਾਨਾਂ ਵਿੱਚ 90 ਦਿਨਾਂ ਦੇ ਅੰਦਰ ਐਲਪੀਜੀ ਤੋਂ ਪੀਐਨਜੀਵੱਲ ਤਬਦੀਲੀ ਲਾਜ਼ਮੀ ਹੋਵੇਗੀ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਅਤੇ ਗੁਜਰਾਤ ਗੈਸ ਲਿਮਿਟੇਡ ਨਾਲ ਤਾਲਮੇਲ ਰੱਖਦਿਆਂ ਇਸ ਪ੍ਰੋਜੈਕਟ ਨੂੰ ਸੁਚਾਰੂ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪਾਈਪਲਾਈਨ ਕੰਮ ਦੌਰਾਨ ਸਹਿਯੋਗ ਕਰਨ ਅਤੇ ਪੀਐਨਜੀ ਕੁਨੈਕਸ਼ਨ ਦੀ ਸੁਵਿਧਾ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ।

Exit mobile version