ਕਿਹਾ ਕਿ ਮੁੱਖ ਮੰਤਰੀ ਡਰਾਮੇਬਾਜ਼ੀ ਵਿਚ ਵਿਅਸਤ ਤੇ ਉਹ ਕਣਕ ਦੀ ਫਸਲ ਸਮੇਂ ਸਿਰ ਖਰੀਦਣ ਵਾਸਦੇ ਪ੍ਰਬੰਧ ਕਰਨ ਵਿਚ ਨਾਕਾਮ ਰਹੇ
ਕਿਹਾਕਿ ਭਗਵੰਤ ਮਾਨ ਨੇ ਗੁਜਰਾਤ ਵਿਚ ਝੂਠ ਬੋਲਿਆ ਕਿ ਆਪ ਨੇ ਪੰਜਾਬ ਵਿਚ ਹਰ 4 ਕਿਲੋਮੀਟਰ ’ਤੇ ਮੰਡੀਆਂ ਸਥਾਪਿਤ ਕੀਤੀਆਂ
ਸ੍ਰੀ ਹਰਿਗੋਬਿੰਦਪੁਰ ਵਿਖੇ ਵਿਸ਼ਾਲ ਰੈਲੀ ਨੂੰ ਕੀਤਾ ਸੰਬੋਧਨ
ਸ੍ਰੀ ਹਰਿਗੋਬਿੰਦਪੁਰ, 27 ਮਾਰਚ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਕਿ ਆਮ ਆਦਮੀ ਪਾਰਟੀ (ਆਪ) ਦੇ ਮੰਤਰੀਆ ਵੱਲੋਂ ਪਿਛਲੇ ਚਾਰ ਸਾਲਾਂ ਵਿਚ ਲਏ ਲਾਭਾਂ ਤੇ ਸਾਰੇ ਗੈਰ ਕਾਨੂੰਨੀ ਕਾਰਜਾਂ ਦੀ ਸੀ ਬੀ ਆਈ ਜਾਂਚ ਹੋਣੀ ਚਾਹੀਦੀ ਹੈ।
ਅੱਜ ਇਥੇ ਪੰਜਾਬ ਬਚਾਓ ਯਾਤਰਾ ਦੇ ਤਹਿਤ ਹਲਕਾ ਇੰਚਾਰਜ ਰਾਜਨਬੀਰ ਸਿੰਘ ਦੇ ਗੱਲ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਾਬਕਾ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀਆਂ ਭ੍ਰਿਸ਼ਟ ਕਾਰਵਾਈਆਂ ਸਾਹਮਣੇ ਆ ਗਈਆਂ ਹਨ ਜਦੋਂ ਕਿ ਆਪ ਦੇ ਬਾਕੀ ਮੰਤਰੀਆਂ ਤੇ ਹੋਰ ਆਗੂ ਵੀ ਅਜਿਹੇ ਹੀ ਭ੍ਰਿਸ਼ਟਾਚਾਰ ਵਿਚ ਲੱਗੇ ਹਨ। ਉਹਨਾਂ ਕਿਹਾ ਕਿ ਸਿਰਫ ਸੀ ਬੀ ਆਈ ਦੀ ਨਿਰਪੱਖ ਜਾਂਚ ਹੀ ਇਹ ਤੱਥ ਸਾਹਮਣੇ ਲਿਆ ਸਕਦੀ ਹੈ ਕਿ ਕਿਵੇਂ ਲਾਲਜੀਤ ਸਿੰਘ ਭੁੱਲਰ ਵਰਗਿਆਂ ਨੇ ਨਜਾਇਜ਼ ਜਾਇਦਾਦ ਇਕੱਤਰ ਕੀਤੀ ਤੇ ਘੁਟਾਲੇ ਕੀਤੇ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਬਕਾ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਤੇ ਜ਼ਿਲ੍ਹਾ ਮੈਨੇਜਰ ਡਾ. ਗਗਨਦੀਪ ਸਿੰਘ ਰੰਧਾਵਾ ’ਤੇ ਸਰੀਰਕ ਹਮਲਾ ਕੀਤਾ, ਉਸਨੂੰ ਜ਼ਲੀਲ ਕੀਤਾ ਤੇ ਧਮਕਾਇਆ ਅਤੇ ਉਹਨਾਂ ਾਖਿਆ ਕਿ ਉਹ 50 ਹਜ਼ਾਰ ਮੀਟਰਿਕ ਟਨ ਅਨਾਜ ਦੀ ਸਟੋਰੇਜ ਸਹੂਲਤ ਦਾ ਠੇਕਾ ਉਹਨਾਂ ਦੀ ਮਰਜ਼ੀ ਮੁਤਾਬਕ ਪ੍ਰਦਾਨ ਕਰੇ ਜਦਂ ਕਿ ਉਹ ਖੁਦ ਇਹਨਾਂ ਨਿਗਮਾਂ ਦਾ 20 ਹਜ਼ਾਰ ਰੁਪਏ ਦਾ ਠੇਕਾ ਪਹਿਲਾਂ ਹੀ ਲੈ ਚੁੱਕੇ ਸਨ। ਉਹਨਾਂ ਕਿਹਾ ਕਿ ਇਹ ਗੋਦਾਮ ਉਹਨਾਂ ਦੇ ਪਿਤਾ ਦੇ ਨਾਮ ’ਤੇ ਹਨ ਤੇ ਜਿਸ ਰਾਹੀਂ ਉਹ ਹਰ ਮਹੀਨੇ 20 ਲੱਖ ਰੁਪਏ ਕਮਾਉਣਗੇ।
ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਮੰਗ ਕੀਤੀ ਕਿ ਡਾ. ਰੰਧਾਵਾ ਦੀ ਮੌਤ ਦੇ ਮਾਮਲੇ ਦੀ ਸੀ ਬੀ ਆਈ ਜਾਂਚ ਹੋਵੇ ਅਤੇ ਸੰਸਦ ਵਿਚ ਕੇਂਦਰੀ ਗ੍ਰਹਿ ਮੰਤਰੀ ਵੱਲੋਂ ਦੁਆਏ ਭਰੋਸੇ ਦੇ ਮੱਦੇਨਜ਼ਰ ਕਿਸੇ ਵੀ ਤਰੀਕੇ ਦੀ ਦੇਰੀ ਤੇ ਕੇਸ ਵਿਚ ਮੁਲਜ਼ਮਾਂ ਦੀ ਗ੍ਰਿਫਤਾਰੀ ਵਿਚ ਦੇਰੀ ਨਹੀਂ ਹੋਣੀ ਚਾਹੀਦੀ ਭਾਵੇਂ ਉਹ ਲਾਲਜੀਤ ਭੁੱਲਰ ਦੇ ਪਿਤਾ ਹੋਣ ਜਾਂ ਨਿੱਜੀ ਸਹਾਇਕ।
ਸਰਦਾਰ ਬਾਦਲ ਨੇ ਕਿਹਾ ਕਿ ਆਪ ਸਰਕਾਰ ਕਣਕ ਦੇ ਆਉਂਦੇ ਸੀਜ਼ਨ ਵਾਸਤੇ ਜਿਣਸ ਦੀ ਲੋੜੀਂਦੀ ਖਰੀਦ ਵਾਸਤੇ ਇੰਤਜ਼ਾਮ ਕਰਨ ਵਿਚ ਨਾਕਾਮ ਰਹੀ ਹੈ ਤੇ ਕਿਹਾ ਕਿ ਆਪ ਆਮ ਆਦਮੀ ਪਾਰਟੀ ਸਰਕਾਰ ਨੂੰ ਇਹ ਸਮਝ ਹੀ ਨਹੀਂ ਹੈ ਕਿ 1 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਹੋਣੀ ਹੈ।
ਉਹਨਾਂ ਕਿਹਾ ਕਿ ਸਰਕਾਰ ਨੇ ਖੁਦ ਪ੍ਰਵਾਨ ਕੀਤਾ ਹੈ ਕਿ ਉਸ ਕੋਲ 5 ਕਰੋੜ ਥੈਲਿਆਂ ਦੀ ਖਰੀਦ ਦੀ ਘਾਟ ਤੇ 22 ਲੱਖ ਮੀਟਰਿਕ ਟਨ ਸਟੋਰੇਜ ਸਹੂਲਤ ਦੀ ਘਾਟ ਆਉਂਦੇ ਕਣਕ ਦੇ ਸੀਜ਼ਨ ਦੇ ਮੱਦੇਨਜ਼ਰ ਹੈ। ਉਹਨਾਂਕਿਹਾ ਕਿ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਪਿਛਲੇ ਦੋ ਸਾਨਾਂ ਤੋਂ ਉਹ ਸਸਤੀਆਂ ਸ਼ੋਹਰਤਾਂ ਵਾਸਤੇ ਕਿਉਂ ਕੰਮ ਕਰ ਰਹੇ ਹਨ ਅਤੇ ਅਰਵਿੰਦ ਕੇਜਰੀਵਾਲ ਦੇ ਕਹਿਣ ’ਤੇ ਵਿਸ਼ੇਸ਼ ਜਹਾਜ਼ ਕਿਉਂ ਉਡਾਉਂਦੇ ਫਿਰਦੇ ਹਨ।
ਹੋਰ ਗੱਲ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹਮੇਸ਼ਾ ਹਰ ਕੰਮ ਵਾਸਤੇ ਦੋ ਮਹੀਨੇ ਦਾ ਸਮਾਂ ਅਗਾਊਂ ਰੱਖਦੇ ਸਨ।
ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਭਗਵੰਤ ਮਾਨ ਗੁਜਰਾਤ ਵਿਚ ਝੂਠ ਬੋਲਦੇ ਫਿਰਦੇ ਹਨ। ਉਹਨਾਂ ਕਿਹਾ ਕਿ ਗੁਜਰਾਤ ਵਿਚ ਅੱਜ ਆਮ ਆਦਮੀ ਪਾਰਟੀ ਵਾਸਤੇ ਚੋਣ ਪ੍ਰਚਾਰ ਕਰਦਿਆਂ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਪਿਛਲੇ 4 ਸਾਨਾਂ ਵਿਚ ਪੰਜਾਬ ਵਿਚ ਹਰ 4 ਕਿਲੋਮੀਟਰ ’ਤੇ ਮੰਡੀ ਬਣਾ ਦਿੱਤੀ ਹੈ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਸਾਰੀਆਂ ਮੰਡੀਆਂ ਜਿਹਨਾਂ ਦੀ ਗੱਲ ਸ੍ਰੀ ਭਗਵੰਤ ਮਾਨ ਕਰ ਰਹੇ ਹਨ, ਉਹ ਅਕਾਲੀ ਦਲ ਨੇ ਬਣਾਈਆਂ ਹਨ ਤੇ ਨਵੀਂ ਮੰਡੀ ਬਣਾਉਣ ਦੀ ਗੱਲ ਤਾਂ ਦੂਰ ਮੌਜੂਦਾ ਮੰਡੀਆਂ ਦੀ ਮੁਰੰਮਤ ਵੀ ਮੌਜੂਦਾ ਸਰਕਾਰ ਨਹੀਂ ਕਰ ਸਕਦੀ।
ਸਰਦਾਰ ਬਾਦਲ ਨੇ ਕਿਹਾ ਕਿ ਉਹ ਪੰਜਾਬ ਦੇ ਹਰ ਜ਼ਿਲ੍ਹੇ ਵਿਚ ਮੈਡੀਕਲ ਤੇ ਵੈਟਨਰੀ ਕਾਲਜ ਸਥਾਪਿਤ ਕਰਨਗੇ। ਉਹਨਾਂ ਇਹ ਵੀ ਐਲਾਨ ਕੀਤਾ ਕਿ ਵਿਸ਼ਵ ਸਕਿੱਲ ਯੂਨੀਵਰਸਿਟੀ ਸਥਾਪਿਤ ਕਰਕੇ ਹਰ ਸਾਲ ਇਕ ਲੱਖ ਨੌਜਵਾਨਾਂ ਨੂੰ ਸਿੱਖਲਾਈ ਦਿੱਤੀ ਜਾਵੇਗੀ ਅਤੇ ਇਸਦੇ ਕੇਂਦਰ ਹਰ ਜ਼ਿਲ੍ਹੇ ਵਿਚ ਹੋਣਗੇ। ਸਰਦਾਰ ਬਾਦਲ ਨੇ ਕਿਹਾ ਕਿ ਨੌਜਵਾਨਾਂ ਨੂੰ ਵਿਆਜ਼ ਮੁਕਤ 10 ਲੱਖ ਰੁਪਏ ਦਾ ਕਰਜ਼ਾ ਪ੍ਰਦਾਨ ਕੀਤਾ ਜਾਵੇਗਾ ਤੇ ਆਟਾ ਦਾਲ ਸਕੀਮ ਦਾ ਵਿਸਥਾਰ ਕੀਤਾ ਜਾਵੇਗਾ ਤੇ ਬੁਢਾਪਾ ਪੈਨਸ਼ਨ ਵਧਾ ਕੇ 3100 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇਗੀ ਅਤੇ ਸ਼ਗਨ ਸਕੀਮ ਦੇ ਤਹਿਤ ਰਾਸ਼ੀ ਵਧਾ ਕੇ 1ਲੱਖ ਰੁਪਏ ਕੀਤੀ ਜਾਵੇਗੀ। ਉਹਨਾਂ ਇਹ ਵੀ ਐਲਾਨ ਕੀਤਾ ਕਿ ਡੇਅਰੀ ਤੇ ਹੋਰ ਪਸ਼ੂ ਪਾਲਣ ਧੰਦਿਆਂ ਵਾਸਤੇ 75 ਫੀਸਦੀ ਸਬਸਿਡੀ ਪ੍ਰਦਾਨ ਕੀਤੀ ਜਾਵੇਗੀ।
ਇਸ ਮੌਕੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ, ਸੁੱਚਾ ਸਿੰਘ ਲੰਗਾਹ, ਲਖਬੀਰ ਸਿੰਘ ਲੋਧੀਨੰਗਲ ਅਤੇ ਕੈਪਟਨ ਬਲਬੀਰ ਸਿੰਘ ਬਾਠ ਨੇ ਵੀ ਸੰਬੋਧਨ ਕੀਤਾ
