ਗੁਰਦਾਸਪੁਰ, 27 ਮਾਰਚ 2026 (ਮੰਨਣ ਸੈਣੀ)। ਨਗਰ ਕੌਂਸਲ ਵੱਲੋਂ ਸ਼ਹਿਰ ਵਿੱਚ ਵਿਕਾਸ ਕਾਰਜਾਂ ਦਾ ਸਿਲਸਿਲਾ ਜਾਰੀ ਹੈ। ਇਸੇ ਕੜੀ ਤਹਿਤ ਹਰਦੋਛੰਨੀ ਰੋਡ ‘ਤੇ ਸਥਿਤ ਪ੍ਰੇਮ ਨਗਰ ਵਾਰਡ ਨੰਬਰ 22 ਦੀਆਂ ਗਲੀਆਂ ਨੂੰ ਪੱਕਾ ਕਰਵਾਇਆ ਗਿਆ ਹੈ। ਇਸ ਕੰਮ ਦਾ ਉਦਘਾਟਨ ਹਲਕਾ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਕੀਤਾ, ਜਿਸ ਦੌਰਾਨ ਨਗਰ ਕੌਂਸਲ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।
ਵਿਧਾਇਕ ਪਾਹੜਾ ਨੇ ਕਿਹਾ ਕਿ ਜਦੋਂ ਉਹ ਪਹਿਲੀ ਵਾਰ ਵਿਧਾਇਕ ਬਣੇ ਸਨ ਤਾਂ ਪ੍ਰੇਮ ਨਗਰ ਦੀਆਂ ਗਲੀਆਂ ਦਾ ਪੱਧਰ ਸੜਕ ਨਾਲੋਂ ਕਾਫ਼ੀ ਨੀਵਾਂ ਸੀ। ਉਦੋਂ ਤੋਂ ਉਹ ਇਲਾਕੇ ਦੀਆਂ ਗਲੀਆਂ ਨੂੰ ਉੱਚਾ ਕਰਵਾਉਂਦੇ ਅਤੇ ਪੱਕਾ ਕਰਵਾਉਂਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੀ ਭਲਾਈ ਲਈ ਕੰਮ ਕਰਦੇ ਆਏ ਹਨ ਅਤੇ ਅੱਗੇ ਵੀ ਇਹ ਸਿਲਸਿਲਾ ਜਾਰੀ ਰਹੇਗਾ। ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਵਿਕਾਸ ਕਾਰਜ ਤਾਂ ਕੋਈ ਨਹੀਂ ਹੋ ਰਹੇ, ਸਗੋਂ ਲੋਕਾਂ ਨੂੰ ਜਾਣਬੁੱਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਮੁੜ ਕਾਂਗਰਸ ਸਰਕਾਰ ਆਉਣ ‘ਤੇ ਵਿਕਾਸ ਕਾਰਜਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।
ਐਡਵੋਕੇਟ ਬਲਜੀਤ ਸਿੰਘ ਪਾਹੜਾ ਨੇ ਦੱਸਿਆ ਕਿ ਵਾਰਡ ਦੀਆਂ ਤਿੰਨ ਗਲੀਆਂ ਸੜਕ ਦੇ ਪੱਧਰ ਤੋਂ ਨੀਵੀਆਂ ਹੋਣ ਕਾਰਨ ਬਰਸਾਤਾਂ ਵਿੱਚ ਪਾਣੀ ਖੜ੍ਹਾ ਹੋ ਜਾਂਦਾ ਸੀ, ਜਿਸ ਨਾਲ ਵਾਸੀਆਂ ਨੂੰ ਭਾਰੀ ਪਰੇਸ਼ਾਨੀ ਝੱਲਣੀ ਪੈਂਦੀ ਸੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਇਸ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਮੁੱਖ ਸੜਕ ਨਾਲ ਲੱਗਦੀਆਂ ਤਿੰਨ ਗਲੀਆਂ ਵਿੱਚ ਮਿੱਟੀ ਪਾ ਕੇ ਪੱਧਰ ਬਰਾਬਰ ਕਰਨ ਤੋਂ ਬਾਅਦ ਟਾਇਲਾਂ ਲਗਾ ਕੇ ਪੱਕਾ ਕੀਤਾ ਗਿਆ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵਿਕਾਸ ਕਾਰਜ ਵੀ ਕਰਵਾਏ ਜਾਣਗੇ।
