ਗੁਰਦਾਸਪੁਰ, 27 ਮਾਰਚ 2026 (ਮੰਨਣ ਸੈਣੀ)। ਸਿਵਲ ਸਰਜਨ ਗੁਰਦਾਸਪੁਰ ਡਾ. ਮਹੇਸ਼ ਕੁਮਾਰ ਪ੍ਰਭਾਕਰ ਵੱਲੋਂ ਅੱਜ ਨਵੇਂ ਨਿਯੁਕਤ ਕੀਤੇ ਗਏ ਮੈਡੀਕਲ ਅਫ਼ਸਰਾਂ, ਫਾਰਮੇਸੀ ਅਫ਼ਸਰਾਂ ਅਤੇ ਕਲੀਨੀਕਲ ਅਸਿਸਟੈਂਟਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਇਹ ਸਮੂਹ ਅਧਿਕਾਰੀ ਅਤੇ ਕਰਮਚਾਰੀ ਜ਼ਿਲ੍ਹੇ ਵਿੱਚ ਨਵੇਂ ਬਣੇ ਆਮ ਆਦਮੀ ਕਲੀਨਿਕਾਂ ਵਿੱਚ ਆਪਣੀਆਂ ਸੇਵਾਵਾਂ ਦੇਣਗੇ।
ਡਾ. ਮਹੇਸ਼ ਕੁਮਾਰ ਪ੍ਰਭਾਕਰ ਨੇ ਦੱਸਿਆ ਕਿ ਗੁਰਦਾਸਪੁਰ ਖੇਤਰ ਵਿੱਚ 9 ਨਵੇਂ ਆਮ ਆਦਮੀ ਕਲੀਨਿਕ ਬਣਾਏ ਗਏ ਹਨ, ਜਿਨ੍ਹਾਂ ਲਈ ਮੈਡੀਕਲ ਅਫ਼ਸਰ, ਫਾਰਮੇਸੀ ਅਫ਼ਸਰ ਅਤੇ ਕਲੀਨੀਕਲ ਅਸਿਸਟੈਂਟਾਂ ਦੀ ਭਰਤੀ ਕੀਤੀ ਗਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਭਰਤੀ ਸੰਪੂਰਨ ਤੌਰ ਉੱਤੇ ਮੈਰਿਟ ਦੇ ਆਧਾਰ ਉੱਤੇ ਕੀਤੀ ਗਈ ਹੈ।
ਸਿਵਲ ਸਰਜਨ ਨੇ ਕਿਹਾ ਕਿ ਸਿਹਤ ਵਿਭਾਗ ਗੁਰਦਾਸਪੁਰ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ। ਉਨ੍ਹਾਂ ਨਵ-ਨਿਯੁਕਤ ਸਟਾਫ਼ ਨੂੰ ਤਾਕੀਦ ਕੀਤੀ ਕਿ ਉਹ ਆਪਣੇ ਇਲਾਕੇ ਵਿੱਚ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕਰਦੇ ਹੋਏ ਲੋਕਾਂ ਨੂੰ ਵਧੀਆ ਸੇਵਾਵਾਂ ਦੇਣ।
ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਮੇਸ਼ ਅੱਤਰੀ, ਡਾ. ਅੰਕੁਰ ਕੌਸ਼ਲ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।
