ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਅਤੇ ਸਿੱਖ ਧਾਰਮਿਕ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀ ਏਜੰਸੀਆਂ ਦੀ ਸਾਜ਼ਿਸ਼ ਤੋਂ ਸੁਚੇਤ ਰਹਿਣ
ਫਿਲੌਰ ਵਿਚ ਵਿਸ਼ਾਲ ਰੈਲੀ ਨੂੰ ਕੀਤਾ ਸੰਬੋਧਨ
ਫਿਲੌਰ,/ਚੰਡੀਗੜ੍ਹ ,26 ਮਾਰਚ (ਦੀ ਪੰਜਾਬ ਵਾਇਰ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਕਿ ਉਹ ਆਮ ਆਦਮੀ ਪਾਰਟੀ (ਆਪ) ਵੱਲੋਂ ਐਲਾਨੀਆਂ 16000 ਮੀਟਿੰਗਾਂ ਸਰਕਾਰੀ ਖ਼ਜ਼ਾਨੇ ਦੀ ਕੀਮਤ ਦੀ ਥਾਂ ’ਤੇ ਪਾਰਟੀ ਦੇ ਖਰਚੇ ’ਤੇ ਕਰ ਕੇ ਵਿਖਾਉਣ। ਉਹਨਾਂ ਕਿਹਾ ਕਿ ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਸਪਸ਼ਟ ਹੋ ਜਾਵੇਗਾ ਕਿ ਇਹ ਪਹਿਲਕਦਮੀ ਸਿਰਫ ਭ੍ਰਿਸ਼ਟਾਚਾਰ ਤੋਂ ਪ੍ਰੇਰਿਤ ਹੈ ਨਾ ਕਿ ਪੰਜਾਬੀਆਂ ਦੀ ਭਲਾਈ ਨਾਲ ਇਸਦਾ ਕੋਈ ਸਰੋਕਾਰ ਹੈ।
ਅਕਾਲੀ ਦਲ ਦੇ ਪ੍ਰਧਾਨ ਆਪ ਸਰਕਾਰ ਵੱਲੋਂ ਆਪਣਾ ਝੂਠਾ ਰਿਪੋਰਟ ਕਾਰਡ ਪੰਜਾਬੀਆਂ ਅੱਗੇ ਪੇਸ਼ ਕਰਨ ਵਾਸਤੇ 16000 ਰੈਲੀਆਂ ਤੇ ਨੁੱਕੜ ਮੀਟਿੰਗਾਂ ਕਰਨ ਦੇ ਐਲਾਨ ’ਤੇ ਪ੍ਰਤੀਕਰਮ ਪ੍ਰਗਟ ਕਰ ਰਹੇ ਸਨ। ਇਸ ਤੋਂ ਪਹਿਲਾਂ ਉਹਨਾਂ ਪਾਰਟੀ ਦੇ ਹਲਕਾ ਇੰਚਾਰਜ ਬਲਦੇਵ ਖਹਿਰਾ ਦੇ ਨਾਲ ਮਿਲ ਕੇ ਇਥੇ ਵਿਸ਼ਾਲ ਰੈਲੀ ਨੂੰ ਸੰਬੋਧਨ ਕੀਤਾ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਪ ਸਰਕਾਰ ਰੈਲੀਆਂ ਕਰਨ ਤੇ ਇਸ਼ਤਿਹਾਬਾਜ਼ੀ ਵਾਸਤੇ ਉਹੀ ਤਰੀਕਾ ਅਪਣਾ ਰਹੀ ਹੈ ਜੋ ਇਸਨੇ ਪਹਿਲਾਂ ਅਪਣਾਇਆ। ਉਹਨਾਂ ਕਿਹਾ ਕਿ ਯੋਜਨਾ ਇਹ ਹੈ ਕਿ ਸਰਕਾਰੀ ਫੰਡਾਂ ਤੋਂ ਠੇਕੇਦਾਰਾਂ ਨੂੰ ਵਾਧੂ ਪੈਸਾ ਦਿੱਤਾ ਜਾਵੇ ਅਤੇ ਫਿਰ ਕਮਿਸ਼ਨ ਵਜੋਂ 40 ਤੋਂ 50 ਫੀਸਦੀ ਵਾਪਸ ਲੈ ਲਿਆ ਜਾਵੇ।
ਸਰਦਾਰ ਬਾਦਲ ਨੇ ਲੋਕਾਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਸੂਬੇ ਦੇ ਸਰਕਾਰੀ ਖ਼ਜ਼ਾਨੇ ਦੀ ਇਸ ਲੁੱਟ ਦੀ ਤੁਲਨਾ ਅਕਾਲੀ ਦਲ ਦੇ ਟਰੈਕ ਰਿਕਾਰਡ ਨਾਲ ਕਰਨ। ਉਹਨਾਂ ਕਿਹਾ ਕਿ ਜਦੋਂ ਅਸੀਂ ਸਰਕਾਰ ਵਿਚ ਸੀ ਤਾਂ ਅਸੀਂ ਇਕ ਵੀ ਰੈਲੀ ਸਰਕਾਰੀ ਖ਼ਰਚੇ ’ਤੇ ਨਹੀਂ ਕੀਤੀ। ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਨਾ ਸਿਰਫ ਸਰਕਾਰੀ ਖ਼ਰਚੇ ’ਤੇ ਸਾਰੀਆਂ ਰੈਲੀਆਂ ਕਰ ਰਹੀ ਹੈ ਬਲਕਿ ਰੈਲੀਆਂ ਤੱਕ ਲੋਕਾਂ ਨੂੰ ਲਿਆਉਣ ਤੇ ਲਿਜਾਣ ਵਾਸਤੇ ਸਾਰਾ ਖਰਚਾ ਵੀ ਟਰਾਂਸਪੋਰਟ ਵਿਭਾਗ ਸਿਰ ਪਾਇਆ ਜਾਂਦਾ ਹੈ।
ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਖੁੱਲ੍ਹੀ ਲੁੱਟ ਹੈ ਜਿਸਨੇ ਸਾਰੀਆਂ ਹੱਦਾਂ ਟੱਪ ਦਿੱਤੀਆਂ ਹਨ। ਉਹਨਾਂ ਕਿਹਾ ਕਿ ਹੁਣ ਮੁੱਖ ਮੰਤਰੀ ਆਪਣੀ ਧੀ ਦਾ ਜਨਮ ਜਲੰਧਰ ਵਿਚ ਕਮਿਸ਼ਨਰ ਦੀ ਰਿਹਾਇਸ਼ ’ਤੇ ਮਨਾਉਣ ਜਾ ਰਹੇ ਹਨ ਜਿਸ ਵਾਸਤੇ ਉਹਨਾਂ ਵੱਡੀ ਪਾਰਟੀ ਰੱਖੀ ਹੈ। ਉਹਨਾਂ ਕਿਹਾ ਕਿ ਇਸ ਵਾਸਤੇ ਮਹਿਮਾਨਾਂ ਵਾਸਤੇ ਮਹਿੰਗੇ ਟੈਂਟ, ਕੈਟਰਿੰਗ ਤੇ ਚੋਟੀ ਦੇ ਗਾਇਕ ਸੱਦੇ ਜਾ ਰਹੇ ਹਨ।
ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਏਜੰਸੀਆਂ ਅਕਾਲੀ ਦਲਅਤੇ ਸਿੱਖ ਧਾਰਮਿਕ ਸੰਸਥਾਵਾਂ ਨੂੰ ਕਮਜ਼ੋਰ ਕਰਨ ’ਤੇ ਲੱਗੀਆਂ ਹਨ। ਉਹਨਾਂ ਕਿਹਾ ਕਿ ਪਹਿਲਾਂ ਇਕ ਗਿਣੀ ਯੋਜਨਾ ਦੇ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਿਆ ਗਿਆ ਅਤੇ ਹਰਿਆਣਾ ਵਿਚ ਵੱਖਰੀ ਕਮੇਟੀ ਬਣਾਈ ਗਈ। ਫਿਰ ਸ੍ਰੀ ਹਜ਼ੂਰ ਸਾਹਿਬ ਤੇ ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀਆਂ ਦਾ ਪ੍ਰਬੰਧ ਰਾਜ ਸਰਕਾਰਾਂ ਨੇ ਆਪਣੇ ਹੱਥਾਂ ਵਿਚ ਲੈ ਲਿਆ। ਉਹਨਾਂ ਕਿਹਾ ਕਿ ਏਜੰਸੀਆਂ ਇਥੇ ਹੀ ਨਹੀਂ ਰੁਕੀਆਂ। ਇਹਨਾਂ ਤੱਤਾਂ ਨੇ ਜਥੇਦਾਰਾਂ ਨੂੰ ਮੇਰੇ ਖਿਲਾਫ ਕਾਰਵਾਈ ਵਾਸਤੇ ਰਾਜ਼ੀ ਕੀਤਾ ਅਤੇ ਮੈਂ ਜਦੋਂ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕਰ ਰਿਹਾ ਸੀ ਤਾਂ ਮੈਨੂੰ ਖ਼ਤਮ ਕਰਨ ਦਾ ਯਤਨ ਕੀਤਾ ਗਿਆ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਉਹ ਅਜਿਹੀਆਂ ਹਰਕਤਾਂ ਨਾਲ ਡਰਨ ਵਾਲੇ ਨਹੀਂ ਹਨ। ਉਹਨਾਂ ਕਿਹਾ ਕਿ ਮੇਰੇ ਲਈ ਪਾਰਟੀ ਅਤੇ ਪੰਥ ਦਾ ਮਾਣ ਤੇ ਸਨਮਾਨ ਸਭ ਤੋਂ ਜ਼ਰੂਰੀ ਹੈ।
ਪੰਜਾਬ ਲਈ ਆਪਣੀ ਸੋਚ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਸੂਬੇ ਵਿਚ ਫੂਡ ਪ੍ਰੋਸੈਸਿੰਗ ਇੰਡਸਟਰੀ ਸਥਾਪਿਤ ਕੀਤੀ ਜਾਵੇਗੀ। ਉਹਨਾਂ ਨੇ ਵਿਸ਼ਵ ਸਕਿੱਲ ਯੂਨੀਵਰਸਿਟੀ ਸਥਾਪਿਤ ਕਰਨ ਦਾ ਵੀ ਐਲਾਨ ਕੀਤਾ ਜੋ ਹਰ ਸਾਲ ਇਕ ਲੱਖ ਨੌਜਵਾਨਾਂ ਨੂੰ ਸਿੱਖਲਾਈ ਦੇਵੇਗੀ ਅਤੇ ਇਸੇ ਹਰ ਜ਼ਿਲ੍ਹੇ ਵਿਚ ਕੇਂਦਰ ਹੋਣਗੇ। ਉਹਨਾਂ ਇਹ ਵੀ ਐਲਾਨ ਕੀਤਾ ਕਿ ਪਿੰਡਾਂ ਵਿਚ ਲਾਲ ਡੇਰੇ ਦੇ ਅੰਦਰ ਜਾਇਦਾਦਾਂ ਉਹਨਾਂ ਦੇ ਨਾਂ ਕੀਤੀਆਂ ਜਾਣਗੀਆਂ ਜੋ ਇਹਨਾਂ ’ਤੇ ਕਾਬਜ਼ ਹਨ।
ਸਰਦਾਰ ਬਾਦਲ ਨੇ ਕਿਹਾ ਕਿ ਨੌਜਵਾਨਾਂ ਨੂੰ 10 ਲੱਖ ਰੁਪਏ ਤੱਕ ਦਾ ਵਿਆਜ਼ ਮੁਕਤ ਕਰਜ਼ਾ ਦਿੱਤਾ ਜਾਵੇਗਾ ਅਤੇ ਆਟਾ ਦਾਲ ਸਕੀਮ ਮੁੜ ਸ਼ੁਰੂ ਕੀਤੀ ਜਾਵੇਗੀ ਤੇ ਬੁਢਾਪਾ ਪੈਨਸ਼ਨ ਵਧਾ ਕੇ 3100 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇਗੀ ਤੇ ਸ਼ਗਨ ਸਕੀਮ ਦੀ ਰਾਸ਼ੀ ਵਧਾ ਕੇ 1 ਲੱਖ ਰੁਪਏ ਕੀਤੀ ਜਾਵੇਗੀ।
ਉਹਨਾਂ ਇਹ ਵੀ ਐਲਾਨ ਕੀਤਾ ਕਿ ਜਿਹਨਾਂ ਕਿਸਾਨਾਂ ਕੋਲ ਟਿਊਬਵੈਲ ਕੁਨੈਕਸ਼ਨ ਨਹੀਂ ਹਨ, ਉਹਨਾਂ ਨੂੰ ਕੁਨੈਕਸ਼ਨ ਦਿੱਤੇ ਜਾਣਗੇ ਅਤੇ ਡੇਅਰੀਆਂ ਤੇ ਪਸ਼ੂ ਪਾਲਣ ਧੰਦੇ ਕਰਨ ਵਾਸਤੇ 75 ਫੀਸਦੀ ਸਬਸਿਡੀ ਦਿੱਤੀ ਜਾਵੇਗੀ।
ਇਸ ਮੌਕੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ, ਹੀਰਾ ਸਿੰਘ ਗਾਬੜੀਆ, ਕੁਲਵੰਤ ਸਿੰਘ ਮੰਨਣ, ਜਰਨੈਲ ਸਿੰਘ ਵਾਹਿਦ, ਮੋਹਣ ਸਿੰਘ ਬੰਗਾ, ਸੁਖਦੀਪ ਸਿੰਘ ਸ਼ੂਕਰ, ਕੇ ਐਸ ਮੱਖਣ ਵੀ ਹਾਜ਼ਰ ਸਨ।
