ਗੁਰਦਾਸਪੁਰ ਨੂੰ ਵੱਡਾ ਤੋਹਫ਼ਾ: ਅੰਮ੍ਰਿਤਸਰ-ਕਟੜਾ ਵੰਦੇ ਭਾਰਤ ਐਕਸਪ੍ਰੈੱਸ ਹੁਣ ਜ਼ਿਲ੍ਹੇ ਵਿੱਚੋਂ ਦੀ ਲੰਘੇਗੀ, ਰੇਲਵੇ ਬੋਰਡ ਨੇ ਜਾਰੀ ਕੀਤੇ ਆਦੇਸ਼

ਗੁਰਦਾਸਪੁਰ, 23 ਮਾਰਚ 2026 (ਮੰਨਣ ਸੈਣੀ )।ਗੁਰਦਾਸਪੁਰ ਜ਼ਿਲ੍ਹੇ ਦੇ ਵਾਸੀਆਂ ਲਈ ਵੱਡੀ ਖ਼ੁਸ਼ਖ਼ਬਰੀ ਹੈ। ਭਾਰਤ ਸਰਕਾਰ ਦੇ ਰੇਲਵੇ ਬੋਰਡ ਨੇ ਅੱਜ ਜਾਰੀ ਆਦੇਸ਼ ਵਿੱਚ ਅੰਮ੍ਰਿਤਸਰ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਵੰਦੇ ਭਾਰਤ ਐਕਸਪ੍ਰੈੱਸ (ਗੱਡੀ ਨੰ. 26405/26406) ਦਾ ਰਸਤਾ ਜਲੰਧਰ ਸਿਟੀ ਦੀ ਥਾਂ ਗੁਰਦਾਸਪੁਰ ਵੱਲੋਂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।

ਰੇਲਵੇ ਬੋਰਡ ਦੇ ਡਾਇਰੈਕਟਰ (ਕੋਚਿੰਗ) ਸੰਜੇ ਆਰ. ਨੀਲਮ ਵੱਲੋਂ ਜਾਰੀ ਸਰਕੂਲਰ (CC-105/2026) ਅਨੁਸਾਰ ਨਵੇਂ ਰਸਤੇ ਵਿੱਚ ਇਹ ਗੱਡੀ ਜੰਮੂ ਤਵੀ ਤੋਂ ਬਾਅਦ ਪਠਾਨਕੋਟ, ਗੁਰਦਾਸਪੁਰ ਅਤੇ ਬਟਾਲਾ ਹੁੰਦੀ ਹੋਈ ਅੰਮ੍ਰਿਤਸਰ ਪਹੁੰਚੇਗੀ। ਨਵੀਂ ਸਮਾਂ-ਸਾਰਣੀ ਮੁਤਾਬਕ ਇਹ ਗੱਡੀ ਗੁਰਦਾਸਪੁਰ ਸਟੇਸ਼ਨ ‘ਤੇ ਸਵੇਰੇ 10:15 ਵਜੇ ਪਹੁੰਚੇਗੀ ਅਤੇ 10:17 ਵਜੇ ਅੱਗੇ ਰਵਾਨਾ ਹੋਵੇਗੀ। ਵਾਪਸੀ ਵੇਲੇ ਕਟੜਾ ਵੱਲ ਜਾਂਦੀ ਗੱਡੀ ਸ਼ਾਮ 18:00 ਵਜੇ ਗੁਰਦਾਸਪੁਰ ਪਹੁੰਚੇਗੀ ਅਤੇ 17:58 ਵਜੇ ਰਵਾਨਾ ਹੋਵੇਗੀ।

ਇਸ ਦੇ ਨਾਲ ਹੀ ਗੱਡੀ ਦਾ ਗੈਰ-ਚੱਲਣ ਵਾਲਾ ਦਿਨ ਵੀ ਮੰਗਲਵਾਰ ਤੋਂ ਬਦਲ ਕੇ ਸ਼ਨੀਵਾਰ ਕਰ ਦਿੱਤਾ ਗਿਆ ਹੈ। ਰੇਲਵੇ ਬੋਰਡ ਨੇ ਨਿਰਦੇਸ਼ ਦਿੱਤੇ ਹਨ ਕਿ ਇਹ ਬਦਲਾਅ ਅਡਵਾਂਸ ਰਿਜ਼ਰਵੇਸ਼ਨ ਪੀਰੀਅਡ ਤੋਂ ਹੀ ਲਾਗੂ ਕੀਤੇ ਜਾਣ ਅਤੇ ਲੋੜ ਅਨੁਸਾਰ ਉਦਘਾਟਨੀ ਸੇਵਾ ਨੂੰ ਵਿਸ਼ੇਸ਼ ਗੱਡੀ ਵਜੋਂ ਚਲਾਇਆ ਜਾਵੇ।

ਇਸੇ ਸਰਕੂਲਰ ਵਿੱਚ ਸਾਬਰਮਤੀ-ਜੰਮੂ ਤਵੀ ਐਕਸਪ੍ਰੈੱਸ (19223/19224) ਦਾ ਰੁਕਣ ਦਾ ਸਟੇਸ਼ਨ ਪਠਾਨਕੋਟ ਤੋਂ ਬਦਲ ਕੇ ਪਠਾਨਕੋਟ ਕੈਂਟ ਕਰਨ ਦੀ ਵੀ ਮਨਜ਼ੂਰੀ ਦਿੱਤੀ ਗਈ ਹੈ।

Exit mobile version