ਗਗਨਦੀਪ ਰੰਧਾਵਾ ਖ਼ੁਦਕੁਸ਼ੀ ਮਾਮਲਾ: ਲਾਲਜੀਤ ਭੁੱਲਰ ਨੇ ਮੰਡੀ ਗੋਬਿੰਦਗੜ੍ਹ ਵਿਖੇ ਕੀਤਾ ਆਤਮ ਸਮਰਪਣ, ਕਾਂਗਰਸੀ ਸੰਸਦ ਮੈਂਬਰਾਂ ਨੇ ਅਮਿਤ ਸ਼ਾਹ ਨੂੰ ਲਿਖਿਆ — CBI ਜਾਂਚ ਦੀ ਮੰਗ

ਚੰਡੀਗੜ੍ਹ/ਨਵੀਂ ਦਿੱਲੀ, 23 ਮਾਰਚ 2026 (ਦੀ ਪੰਜਾਬ ਵਾਇਰ)। ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਦੀ ਖ਼ੁਦਕੁਸ਼ੀ ਦੇ ਮਾਮਲੇ ਵਿੱਚ ਸਾਬਕਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਮੰਡੀ ਗੋਬਿੰਦਗੜ੍ਹ ਵਿਖੇ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ। ਇਸ ਦੇ ਨਾਲ ਹੀ ਵਿਰੋਧੀ ਧਿਰ ਕਾਂਗਰਸ ਦੇ ਚਾਰ ਸੰਸਦ ਮੈਂਬਰਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਇਸ ਮਾਮਲੇ ਦੀ CBI ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।

ਸਰੇਂਡਰ ਤੋਂ ਪਹਿਲਾਂ ਭੁੱਲਰ ਨੇ ਇੱਕ ਬਿਆਨ ਜਾਰੀ ਕਰਦਿਆਂ ਫਰਾਰ ਹੋਣ ਦੀਆਂ ਖ਼ਬਰਾਂ ਨੂੰ ਅਫ਼ਵਾਹ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਕਦੇ ਸੱਚ ਤੋਂ ਭੱਜਣ ਵਾਲੇ ਨਹੀਂ ਅਤੇ ਦੇਸ਼ ਦੇ ਕਾਨੂੰਨ ਤੇ ਨਿਆਂ ਪ੍ਰਣਾਲੀ ‘ਤੇ ਉਨ੍ਹਾਂ ਦਾ ਪੂਰਾ ਭਰੋਸਾ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਵਿੱਚ ਹੀ ਸਨ ਅਤੇ ਸੱਚਾਈ ਤੇ ਇਨਸਾਫ਼ ‘ਤੇ ਯਕੀਨ ਰੱਖਦਿਆਂ ਖ਼ੁਦ ਆਤਮ ਸਮਰਪਣ ਕਰ ਰਹੇ ਹਨ।

ਅੰਮ੍ਰਿਤਸਰ ਦੇ ਥਾਣਾ ਰਣਜੀਤ ਐਵੇਨਿਊ ਵਿੱਚ ਐਫਆਈਆਰ ਨੰਬਰ 0052, ਮਿਤੀ 21 ਮਾਰਚ 2026 ਦਰਜ ਕੀਤੀ ਗਈ ਹੈ, ਜਿਸ ਵਿੱਚ ਭੁੱਲਰ ਸਮੇਤ ਹੋਰ ਮੁਲਜ਼ਮਾਂ ਦੇ ਨਾਮ ਦਰਜ ਹਨ।

ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੱਲੋਂ ਇਹ ਮਾਮਲਾ ਅੱਜ ਲੋਕ ਸਭਾ ਵਿੱਚ ਉਠਾਇਆ ਗਿਆ, ਜਿਸ ਦੌਰਾਨ ਗ੍ਰਹਿ ਮੰਤਰੀ ਨੇ ਮਾਮਲੇ ਨੂੰ CBI ਨੂੰ ਸੌਂਪਣ ਦਾ ਭਰੋਸਾ ਦਿੱਤਾ ਅਤੇ ਲਿਖਤੀ ਬੇਨਤੀ ਦੇਣ ਲਈ ਕਿਹਾ। ਇਸ ਉੱਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਗੁਰਜੀਤ ਸਿੰਘ ਔਜਲਾ, ਸੁਖਜਿੰਦਰ ਸਿੰਘ ਰੰਧਾਵਾ ਅਤੇ ਧਰਮਵੀਰ ਗਾਂਧੀ ਨੇ ਅਮਿਤ ਸ਼ਾਹ ਨੂੰ ਸਾਂਝਾ ਪੱਤਰ ਭੇਜਿਆ।

ਸੰਸਦ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਮੁਲਜ਼ਮਾਂ ਵਿਰੁੱਧ ਤੁਰੰਤ ਲੁੱਕ ਆਊਟ ਸਰਕੂਲਰ (LOC) ਜਾਰੀ ਕੀਤਾ ਜਾਵੇ ਤਾਂ ਜੋ ਜਾਂਚ ਦੌਰਾਨ ਕੋਈ ਵੀ ਦੇਸ਼ ਛੱਡ ਕੇ ਨਾ ਜਾ ਸਕੇ।

Exit mobile version