ਸ਼ਹਿਰਵਾਸੀਆਂ ਦੀ ਮੰਗ ਅਤੇ ਜ਼ਰੂਰਤ ਨੂੰ ਧਿਆਨ ਵਿੱਚ ਰੱਖਦਿਆਂ ਨਵੀਆਂ ਗਲੀਆਂ, ਰਿਪੇਅਰ ਅਤੇ ਜੰਗਲੇ ਲਗਾਉਣ ਦਾ ਕੰਮ ਕਰਵਾਇਆ ਸ਼ੁਰੂ : ਅਰੁਣਾ ਚੌਧਰੀ
ਕਈ ਗਲੀਆਂ ਤਿਆਰ ਕਰਵਾ ਕੇ ਲੋਕਾਂ ਨੂੰ ਆਵਾਜਾਈ ਲਈ ਸੌਪ ਦਿੱਤੀਆਂ ਗਈਆਂ ਹਨ : ਅਸ਼ੋਕ ਚੌਧਰੀ
ਦੀਨਾਨਗਰ, 22 ਮਾਰਚ 2025 (ਮੰਨਨ ਸੈਣੀ)– ਦੀਨਾਨਗਰ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਵਿਕਾਸ ਕਾਰਜਾਂ ਦੀ ਗਤੀ ਨੂੰ ਤੇਜ਼ ਕਰਦਿਆਂ ਅੱਜ ਵਿਧਾਇਕਾ ਅਰੁਣਾ ਚੌਧਰੀ ਵੱਲੋਂ 1.57 ਕਰੋੜ ਰੁਪਏ ਦੀ ਲਾਗਤ ਨਾਲ ਬਣਾਈਆਂ ਜਾਣ ਵਾਲੀਆਂ ਨਵੀਆਂ ਗਲੀਆਂ, ਮੁਰੰਮਤ ਅਤੇ ਲੋਹੇ ਦੇ ਜੰਗਲੇ ਲਗਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਬਕਾਇਦਾ ਸਰਵੇ ਕੀਤਾ ਗਿਆ ਹੈ ਅਤੇ ਸ਼ਹਿਰ ਦੇ ਕੁੱਲ 15 ਵਾਰਡਾਂ ਵਿੱਚ ਜਿੱਥੇ-ਜਿੱਥੇ ਵੀ ਪੁਰਾਣੀਆਂ ਗਲੀਆਂ ਦੀ ਮੁਰੰਮਤ ਅਤੇ ਲੋਹੇ ਦੇ ਜੰਗਲੇ ਲਗਾਉਣ ਦੀ ਲੋੜ ਹੈ, ਉੱਥੇ ਕੰਮ ਸ਼ੁਰੂ ਕਰਵਾਇਆ ਗਿਆ ਹੈ ਅਤੇ ਜਿੱਥੇ ਕੁਝ ਗਲੀਆਂ ਅਜੇ ਵੀ ਕੱਚੀਆਂ ਹਨ ਉਨ੍ਹਾਂ ਨੂੰ ਫ਼ੌਰੀ ਤੌਰ ’ਤੇ ਇੰਟਰਲਾਕ ਟਾਈਲਾਂ ਲਗਾ ਕੇ ਪੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਇਲਾਕੇ ਦਾ ਸਰਵਪੱਖੀ ਵਿਕਾਸ ਕਰਕੇ ਦੀਨਾਨਗਰ ਦਾ ਸਟੇਟਸ ਉੱਚਾ ਕਰਨਾ ਹੈ। ਜਿਸਦੇ ਲਈ ਅਸੀਂ ਲਗਾਤਾਰ ਯਤਨਸ਼ੀਲ ਹਾਂ। ਸਾਬਕਾ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਕਿਹਾ ਕਿ ਇਹ ਤਮਾਮ ਗਲੀਆਂ ਅਗਲੇ ਕੁਝ ਦਿਨਾਂ ਦੇ ਅੰਦਰ ਹੀ ਤਿਆਰ ਕਰਵਾ ਕੇ ਜਨਤਾ ਦੇ ਹਵਾਲੇ ਕਰ ਦਿੱਤੀਆਂ ਜਾਣਗੀਆਂ ਅਤੇ ਇਸਦੇ ਲਈ ਸਬੰਧਿਤ ਠੇਕੇਦਾਰ ਨੂੰ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕੰਮ ਨੂੰ ਛੇਤੀ ਮੁਕੰਮਲ ਕਰਨ ਲਈ ਕਿਸੇ ਵੀ ਤਰ੍ਹਾਂ ਦੀ ਢਿੱਲਮੱਠ ਅਤੇ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇ।
ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਚੌਧਰੀ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਵੇਲੇ ਵਿਧਾਇਕਾ ਅਰੁਣਾ ਚੌਧਰੀ ਨੇ ਬਤੌਰ ਕੈਬਨਿਟ ਮੰਤਰੀ ਰਹਿੰਦਿਆਂ ਵੱਧ ਤੋਂ ਵੱਧ ਪੈਸਾ ਲਿਆ ਕੇ ਪਿੰਡਾਂ ਦੇ ਨਾਲ-ਨਾਲ ਸ਼ਹਿਰ ਦਾ ਵੀ ਸਰਵਪੱਖੀ ਵਿਕਾਸ ਕਰਵਾਇਆ ਅਤੇ ਸ਼ਹਿਰ ਦੀਆਂ ਤਕਰੀਬਨ ਸਾਰੀਆਂ ਗਲੀਆਂ ਨੂੰ ਪੱਕਾ ਕਰਵਾਉਂਦਿਆਂ ਨਾਲੀਆਂ ਵੀ ਬਣਵਾਈਆਂ ਗਈਆਂ। ਉਨ੍ਹਾਂ ਕਿਹਾ ਕਿ ਹੁਣ ਦੁਬਾਰਾ ਨਗਰ ਕੌਂਸਲ ’ਤੇ ਕਾਬਜ਼ ਕਾਂਗਰਸ ਦੀ ਕਮੇਟੀ ਵੱਲੋਂ ਸ਼ਹਿਰਵਾਸੀਆਂ ਦੀ ਮੰਗ ਤੇ ਜ਼ਰੂਰਤ ਨੂੰ ਧਿਆਨ ਵਿੱਚ ਰੱਖਦਿਆਂ ਗਲੀਆਂ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕੁਝ ਵਾਰਡਾਂ ਵਿੱਚ ਕੰਮ ਜੰਗੀ ਪੱਧਰ ’ਤੇ ਜਾਰੀ ਹੈ ਅਤੇ ਕਈ ਗਲੀਆਂ ਤਿਆਰ ਕਰਵਾ ਕੇ ਲੋਕਾਂ ਨੂੰ ਆਵਾਜਾਈ ਲਈ ਸੌਪ ਦਿੱਤੀਆਂ ਗਈਆਂ ਹਨ।
ਇਸ ਮੌਕੇ ਨਗਰ ਕੌਂਸਲ ਪ੍ਰਧਾਨ ਨੀਟੂ ਚੌਹਾਨ, ਸ਼ਹਿਰੀ ਪ੍ਰਧਾਨ ਮਨੋਜ ਗੁਪਤਾ, ਕੌਂਸਲਰ ਡਾ. ਸਾਹਿਲ ਰੇਹਾਨ, ਕੌਂਸਲਰ ਲੈਕਚਰਾਰ ਰਾਮ ਲਾਲ, ਕੌਂਸਲਰ ਅਜੇ ਸਟਾਰ, ਕੌਂਸਲਰ ਗਿਰਧਾਰੀ ਲਾਲ, ਕੌਂਸਲਰ ਪਰਮਜੀਤ ਕੌਰ, ਸੀਨੀਅਰ ਮੀਡੀਆ ਇੰਚਾਰਜ ਅਤੇ ਸਾਬਕਾ ਵਿਸ਼ੇਸ਼ ਸਹਾਇਕ ਦੀਪਕ ਭੱਲਾ, ਐਡਵੋਕੇਟ ਕੁਲਵੰਤ ਕਾਟਲ, ਚੇਅਰਮੈਨ ਜਿੰਮੀ ਬਰਾੜ, ਆਤਿਸ਼ ਮਹਾਜਨ, ਮਨੀਸ਼ ਕੁਮਾਰ, ਸੁਖਵਿੰਦਰ ਫ਼ਿੰਡਾ, ਪਵਨ ਕੁਮਾਰ ਬੱਬੀ, ਮੱਦੀ ਕੈਂਪ, ਅਸ਼ਵਨੀ ਕੁਮਾਰ, ਰਾਕੇਸ਼ ਕੁਮਾਰ, ਅਮਿਤ ਬਾਲੀ, ਫ਼ੌਜੀ ਮਦਨ ਲਾਲ ਅਤੇ ਅਸ਼ੋਕ ਕੁਮਾਰ ਰੇਲਵੇ ਤੋਂ ਇਲਾਵਾ ਵੱਖ ਵੱਖ ਵਾਰਡਾਂ ਦੇ ਮੋਹਤਬਰ ਹਾਜ਼ਰ ਸਨ।
