ਆਪ ਤੇ ਕਾਂਗਰਸ ਸਾਜਿਸਨ ਗਠਜੋੜ ਤਹਿਤ ਕੇਂਦਰ ਤੇ ਭਾਜਪਾ ਖਿਲਾਫ ਭਰਮ ਸਿਰਜਣ ਦੀ ਕਰ ਰਹੇ ਹਨ ਨਾਪਾਕ ਕੋਸ਼ਿਸ-ਸੁਨੀਲ ਜਾਖੜ

ਆਪ-ਕਾਂਗਰਸ ਦੇ ਭਰਮਜਾਲ ਨੂੰ ਤੱਥਾਂ ਤੇ ਆਂਕੜਿਆਂ ਨਾਲ ਤੋੜਿਆ ਭਾਜਪਾ ਸੂਬਾ ਪ੍ਰਧਾਨ ਨੇ

ਕੇਂਦਰ ਸਰਕਾਰ ਦੀਆਂ ਕਿਸਾਨਾਂ ਲਈ ਯੋਜਨਾਵਾਂ ਦਾ ਦਿੱਤਾ ਵੇਰਵਾ

ਸਰਹੱਦੀ ਸੂਬੇ ਵਿਚ ਕੇਂਦਰੀ ਸਰਕਾਰ ਖਿਲਾਫ ਨਫਰਤੀ ਬੀਜ ਬੀਜਣ ਤੋਂ ਆਪ-ਕਾਂਗਰਸ ਗਠਜੋੜ ਨੂੰ ਤਾੜਿਆ

ਚੰਡੀਗੜ੍ਹ, 19 ਮਾਰਚ 2026 (ਦੀ ਪੰਜਾਬ ਵਾਇਰ)– ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਆਪ ਅਤੇ ਕਾਂਗਰਸ ਸਾਜਿਸਨ ਪੰਜਾਬ ਦੇ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਗਠਜੋੜ ਵਿਚ ਹਨ। ਉਨ੍ਹਾਂ ਨੇ ਕੇਂਦਰ ਅਤੇ ਭਾਜਪਾ ਖਿਲਾਫ ਪੰਜਾਬ ਵਿਚ ਭਰਮ ਫੈਲਾਉਣ ਲਈ ਇੰਨ੍ਹਾਂ ਦੋਹਾਂ ਪਾਰਟੀਆਂ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਪੰਜਾਬ ਵਰਗੇ ਸਰਹੱਦੀ ਸੂਬੇ ਵਿਚ ਇਸ ਤਰਾਂ ਕੇਂਦਰ ਖਿਲਾਫ ਨਫਰਤ ਫੈਲਾਉਣ ਦੀ ਇਹ ਸਾਜਿਸ ਪੰਜਾਬ ਦੇ ਭਵਿੱਖ ਲਈ ਬੇਹੱਦ ਖਤਰਨਾਕ ਸਾਬਿਤ ਹੋ ਸਕਦੀ ਹੈ।

ਤੱਥਾਂ ਤੇ ਆਂਕੜਿਆਂ ਨਾਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਜਪਾ ਪ੍ਰਧਾਨ ਨੇ ਕਿਹਾ ਆਖੀਰਕਾਰ 6 ਮਹੀਨੇ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਤੇ ਦਿਨ ਮੰਨ ਲਿਆ ਹੈ ਕਿ ਕੇਂਦਰ ਵੱਲੋਂ ਆਪਦਾ ਰਾਹਤ ਲਈ 13 ਹਜਾਰ ਕਰੋੜ ਰੁਪਏ ਆਏ ਸਨ ਅਤੇ ਉਸ ਵਿਚੋਂ ਉਨ੍ਹਾਂ ਨੇ 477 ਕਰੋੜ ਰੁਪਏ ਖਰਚ ਕੀਤੇ ਹਨ ਅਤੇ ਬਾਕੀ ਪਿੱਛਲਿਆਂ ਨੇ ਖੁਰਦ ਬੁਰਦ ਕਰ ਦਿੱਤੇ ਹਨ। ਉਨ੍ਹਾਂ ਨੇ ਹੈਰਾਨੀ ਪ੍ਰਗਟ ਕੀਤੀ ਕਿ ਮੁੱਖ ਮੰਤਰੀ ਨੂੰ ਸਰਕਾਰੀ ਖਜਾਨੇ ਦੀਆਂ ਕਿਤਾਬਾਂ ਦੀ ਪੜਤਾਲ ਕਰਨ ਲਈ ਐਨ੍ਹਾਂ ਸਮਾਂ ਲੱਗਿਆ। ਉਨ੍ਹਾਂ ਨੇ ਕਿਹਾ ਕਿ ਦੂਜੇ ਪਾਸੇ ਜਿੰਨ੍ਹਾਂ ਤੇ ਇਹ ਰਕਮ ਖੁਰਦ ਬੁਰਦ ਕਰਨ ਦੇ ਦੋਸ਼ ਮੁੱਖ ਮੰਤਰੀ ਲਗਾ ਰਹੇ ਹਨ ਉਸ ਕਾਂਗਰਸ ਦੇ ਆਗੂ ਸੰਸਦ ਵਿਚ ਆਪ ਸਰਕਾਰ ਦੇ ਵਕੀਲ ਬਣੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਵਿਰੋਧੀ ਧਿਰ ਦੀ ਭੁਮਿਕਾ ਨਿਭਾਉਣ ਵਿਚ ਪੂਰੀ ਤਰਾਂ ਨਾਕਾਮ ਰਹੀ ਹੈ ਅਤੇ ਇਸਦੇ ਆਗੂਆਂ ਨੇ ਜਾਂ ਤਾਂ ਭਗਵੰਤ ਮਾਨ ਨੂੰ ਆਪਣੀ ਜੁਬਾਨ ਵੇਚ ਦਿੱਤੀ ਜਾਂ ਆਪਣੇ ਪਿੱਛਲੇ ਭ੍ਰਿਸ਼ਟਾਚਾਰਾਂ ਕਾਰਨ ਸਰਕਾਰ ਅੱਗੇ ਬੋਲਣ ਦੀ ਸਕਤੀ ਗੁਆ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਇਹ ਦੋਹੇਂ ਪਾਰਟੀਆਂ ਪੰਜਾਬ ਦੇ ਲੋਕਾਂ ਵਿਚ ਕੇਂਦਰ ਅਤੇ ਭਾਜਪਾ ਖਿਲਾਫ ਨਫਰਤ ਦੇ ਬੀਜ ਬੀਜਣ ਵਿਚ ਰਲਗੱਢ ਹਨ।

ਸੁਨੀਲ ਜਾਖੜ ਨੇ ਇਸ ਮੌਕੇ ਕੇਂਦਰ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਖਿਲਾਫ ਸਿਰਜੇ ਜਾ ਰਹੇ ਵਿਰਤਾਂਤ ਦੇ ਭਰਮਜਾਲ ਨੂੰ ਤੱਥਾਂ ਨਾਲ ਤੋੜਦਿਆਂ ਦੱਸਿਆ ਕਿ ਯੂਪੀਏ ਸਰਕਾਰ ਸਮੇਂ ਦੇਸ਼ ਦਾ ਖੇਤੀਬਾੜੀ ਬਜਟ 21933 ਕਰੋੜ ਰੁਪਏ ਸੀ ਜਦ ਕਿ ਹੁਣ ਭਾਜਪਾ ਸਰਕਾਰ ਸਮੇਂ ਇਹ 1.30 ਲੱਖ ਕਰੋੜ ਰੁਪਏ ਹੈ। ਪੀਐਮ ਕਿਸਾਨ ਯੋਜਨਾ ਤਹਿਤ ਕਿਸਾਨਾਂ ਨੂੰ 4.27 ਲੱਖ ਕਰੋੜ ਰੁਪਏ ਸਿੱਧੇ ਬੈਂਕ ਖਾਤਿਆਂ ਵਿਚ ਭੇਜਿਆ ਜਾ ਚੁੱਕਾ ਹੈ। ਯੁਪੀਏ ਸਰਕਾਰ ਸਮੇਂ ਖਾਦ ਤੇ ਸਿਰਫ 18460 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਸੀ ਪਰ ਭਾਜਪਾ ਸਰਕਾਰ ਇਸ ਸਾਲ ਖਾਦ ਤੇ 1.77 ਲੱਖ ਕਰੋੜ ਰੁਪਏ ਦੀ ਸਬਸਿਡੀ ਕਿਸਾਨਾਂ ਨੂੰ ਦੇ ਰਹੀ ਹੈ। ਯੂਪੀਏ ਨੇ ਐਮਐਸਪੀ ਤੇ ਫਸਲਾਂ ਦੀ ਖਰੀਦ ਤੇ 4.75 ਲੱਖ ਕਰੋੜ ਰੁਪਏ ਖਰਚੇ ਪਰ ਭਾਜਪਾ ਸਰਕਾਰ ਨੇ 18.98 ਲੱਖ ਕਰੋੜ ਰੁਪਏ ਐਮਐਸਪੀ ਤੇ ਦਿੱਤੇ। ਪਹਿਲੀ ਵਾਰ ਦਾਲਾਂ ਤੇ ਤਿਲਹਨ ਦੀ ਐਮਐਸਪੀ ਤੇ ਖਰੀਦ ਸ਼ੁਰੂ ਕੀਤੀ ਹੈ। ਪੰਜਾਬ ਵਿਚ ਕਣਕ ਝੋਨੇ ਦਾ ਇਕ ਇਕ ਦਾਣਾ ਕੇਂਦਰ ਸਰਕਾਰ ਐਮਐਸਪੀ ਤੇ ਖਰੀਦ ਕਰ ਰਹੀ ਹੈ।

ਪੰਜਾਬ ਦੇ ਮੁੱਖ ਮੰਤਰੀ ਨੂੰ ਘੇਰਦਿਆਂ ਭਾਜਪਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੀ ਖੇਤੀ ਨੀਤੀ ਲਾਗੂ ਕਿਉਂ ਨਹੀਂ ਕਰ ਰਹੀ। ਉਨ੍ਹਾਂ ਨੇ ਕਿਹਾ ਕਿ ਅਕਤੂਬਰ 2023 ਤੋਂ ਕਿਸਾਨ ਨੀਤੀ ਦਾ ਖਰੜਾ ਤਿਆਰ ਹੋਇਆ ਹੈ ਪਰ ਮੁੱਖ ਮੰਤਰੀ ਕਿਸ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਇਸ ਵਿਚ ਕੋਈ ਕਮੀ ਹੈ ਤਾਂ ਇਸ ਨੂੰ ਨੀਤੀ ਵਿਚ ਦਰੁਸਤੀ ਲਈ ਸਰਕਾਰ ਕੀ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਉਦਯੋਗ ਨੀਤੀ ਉਦਯੋਗਪਤੀਆਂ ਤੋਂ ਬਣਵਾ ਸਕਦੀ ਹੈ ਤਾਂ ਖੇਤੀ ਨੀਤੀ ਕਿਸਾਨਾਂ ਤੋਂ ਕਿਉਂ ਨਹੀਂ ਬਣਵਾ ਸਕਦੀ।

ਪੰਜਾਬ ਦੇ ਪਾਣੀ ਦੀ ਕੀਮਤ ਦੇ ਮੁੱਦੇ ਤੇ ਸਵਾਲ ਦੇ ਜਵਾਬ ਵਿਚ ਸੁਨੀਲ ਜਾਖੜ ਨੇ ਕਿਹਾ ਕਿ ਭਾਜਪਾ ਦਾ ਹਮੇਸਾ ਸਟੈਂਡ ਰਿਹਾ ਹੈ ਕਿ ਪੰਜਾਬ ਦੇ ਕਾਨੂੰਨੀ ਹੱਕ ਪੰਜਾਬ ਨੂੰ ਮਿਲਣ ਪਰ ਨਾਲ ਹੀ ਉਨ੍ਹਾਂ ਨੇ ਸਪਸੱਟ ਕੀਤਾ ਕਿ ਰਾਜ ਵਿਚ ਨਹਿਰਾਂ ਤੇ ਖਾਲਿਆਂ ਤੇ ਜੋ ਖਰਚ ਕੀਤਾ ਗਿਆ ਹੈ ਉਹ ਸਾਰੇ ਦਾ ਸਾਰਾ ਭਾਰਤ ਸਰਕਾਰ ਵੱਲੋਂ ਭੇਜਿਆ ਗਿਆ ਹੈ ਅਤੇ ਮੁੱਖ ਮੰਤਰੀ ਕੇਂਦਰ ਦੇ ਪੈਸੇ ਨਾਲ ਨਹਿਰਾਂ ਖਾਲੇ ਬਣਾ ਕੇ ਵਾਹ ਵਾਹੀ ਲੁੱਟਣ ਲੱਗੇ ਹਨ ਅਤੇ ਅਜਿਹਾ ਕਰਦੇ ਹੋਏ ਉਹ ਕੇਂਦਰ ਨੂੰ ਭੰਡਣਾ ਵੀ ਜਾਰੀ ਰੱਖਦੇ ਹਨ। ਇਸੇ ਤਰਾਂ ਪਰਾਲੀ ਪ੍ਰਬੰਧਨ ਲਈ ਵੀ ਕੇਂਦਰੀ ਮਦਦ ਦਾ ਮੁੱਖ ਮੰਤਰੀ ਜਿਕਰ ਨਹੀਂ ਕਰਦੇ ਜਦ ਕਿ ਇਸ ਲਈ ਵੀ ਰਕਮ ਦਾ ਵੱਡਾ ਹਿੱਸਾ ਕੇਂਦਰ ਸਰਕਾਰ ਭੇਜ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਫਸਲ ਬੀਮਾ ਯੋਜਨਾ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਆਖਿਆ ਕਿ ਮੁੱਖ ਮੰਤਰੀ ਆਖਦੇ ਸਨ ਕਿ ਉਹ ਆਪਣੀ ਫਸਲ ਬੀਮਾ ਯੋਜਨਾ ਲਾਗੂ ਕਰਣਗੇ ਤਾਂ ਫਿਰ ਆਪਣੀ ਯੋਜਨਾ ਲਾਗੂ ਕਿਉਂ ਨਹੀਂ ਕੀਤੀ।

ਸੁਨੀਲ ਜਾਖੜ ਨੇ ਕਿਹਾ ਕਿ ਅਸਲ ਵਿਚ ਆਪ ਤੇ ਕਾਂਗਰਸ ਏਂਜਡੇ ਤਹਿਤ ਭਾਜਪਾ ਖਿਲਾਫ ਮਹੌਲ ਸਿਰਜਣ ਦੀ ਨਾਪਾਕ ਕੋਸ਼ਿਸ ਕਰ ਰਹੇ ਹਨ ਪਰ ਪੰਜਾਬ ਦੇ ਸੂਝਵਾਨ ਲੋਕ ਹੁਣ ਜਾਣ ਚੁੱਕੇ ਹਨ ਕਿ ਸੱਚਾਈ ਕੀ ਹੈ ਅਤੇ ਕੇਂਦਰ ਸਰਕਾਰ ਕਿਸ ਤਰਾਂ ਕਿਸਾਨਾਂ ਸਮੇਤ ਪੰਜਾਬ ਦੇ ਹਰ ਵਰਗ ਲਈ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਗਲੀਆਂ ਚੋਣਾਂ ਵਿਚ ਪੰਜਾਬ ਆਪ ਤੇ ਕਾਂਗਰਸ ਦੇ ਝੂਠ ਖਿਲਾਫ ਆਪਣਾ ਫੈਸਲਾ ਦੇਵੇਗਾ।

Exit mobile version