ਗੁਰਦਾਸਪੁਰ, 19 ਮਾਰਚ 2026 (ਮੰਨਣ ਸੈਣੀ)। ਸੈਸ਼ਨ ਜੱਜ ਗੁਰਦਾਸਪੁਰ ਦੀ ਅਦਾਲਤ ਨੇ ਬੱਸ ਅੱਡਾ ਗੁਰਦਾਸਪੁਰ ਵਿੱਚ ਲਗਭਗ ₹83.73 ਲੱਖ ਦੀ ਗ਼ਬਨ ਅਤੇ ਧੋਖਾਧੜੀ ਦੇ ਮਾਮਲੇ ਵਿੱਚ ਮੁਲਜ਼ਮ ਲਖਵਿਰ ਸਿੰਘ ਨੂੰ ਅੰਤਰਿਮ ਅਗਾਊਂ ਜ਼ਮਾਨਤ ਮੰਜ਼ੂਰ ਕਰ ਦਿੱਤੀ ਹੈ।
ਦੱਸਣਯੋਗ ਹੈ ਕਿ ਥਾਣਾ ਸਿਟੀ ਗੁਰਦਾਸਪੁਰ ਵਿੱਚ 10 ਮਾਰਚ 2026 ਨੂੰ FIR ਨੰਬਰ 65 ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 318(4) ਅਤੇ 316(2) ਅਧੀਨ ਦਰਜ ਕੀਤੀ ਗਈ ਸੀ। ਇਲਜ਼ਾਮਾਂ ਮੁਤਾਬਕ ਮੁਲਜ਼ਮ ਵੱਲੋਂ ਬੱਸ ਅੱਡੇ ਤੋਂ ਅੱਡਾ ਫੀਸ, ਪਾਰਕਿੰਗ ਫੀਸ ਅਤੇ ਬਿਜਲੀ ਬਿੱਲ ਇਕੱਠਾ ਕਰਕੇ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਨਹੀਂ ਕਰਵਾਈ ਗਈ। ਦੋਸ਼ਾਂ ਅਨੁਸਾਰ ਨਾ ਜਮ੍ਹਾਂ ਕਰਵਾਈ ਗਈ ਰਕਮ ਵਿੱਚ ₹67.97 ਲੱਖ ਅੱਡਾ ਫੀਸ, ₹8.85 ਲੱਖ ਪਾਰਕਿੰਗ ਫੀਸ ਅਤੇ ₹6.91 ਲੱਖ ਬਿਜਲੀ ਖਰਚ ਸ਼ਾਮਲ ਹੈ।
ਸੁਣਵਾਈ ਦੌਰਾਨ ਮੁਲਜ਼ਮ ਪੱਖ ਵੱਲੋਂ ਐਡਵੋਕੇਟ ਮੁਨੀਸ਼ ਕੁਮਾਰ ਨੇ ਦਲੀਲ ਦਿੱਤੀ ਕਿ ਇਹ ਮਾਮਲਾ ਦੋਹਾਂ ਧਿਰਾਂ ਵਿਚਕਾਰ ਹੋਏ ਇਕਰਾਰਨਾਮੇ ਨਾਲ ਸੰਬੰਧਿਤ ਸਿਵਲ ਪ੍ਰਕਿਰਤੀ ਦਾ ਵਿਵਾਦ ਹੈ ਅਤੇ ਮੁਲਜ਼ਮ ਜਾਂਚ ਵਿੱਚ ਸਹਿਯੋਗ ਦੇਣ ਲਈ ਤਿਆਰ ਹੈ।
ਅਦਾਲਤ ਨੇ ਨੋਟ ਕੀਤਾ ਕਿ ਮਾਮਲਾ ਮੁੱਖ ਤੌਰ ‘ਤੇ ਇਕਰਾਰਨਾਮੇ ਦੀਆਂ ਸ਼ਰਤਾਂ ਨਾਲ ਜੁੜਿਆ ਹੋਇਆ ਹੈ, ਪੁਲਿਸ ਰਿਕਾਰਡ ਵਿੱਚ ਕੁਝ ਅਹਿਮ ਧਾਰਾਵਾਂ ਸ਼ਾਮਲ ਨਹੀਂ ਕੀਤੀਆਂ ਗਈਆਂ ਅਤੇ ਇਕਰਾਰਨਾਮੇ ਵਿੱਚ ਡਿਫਾਲਟ ਲਈ ਕੋਈ ਜੁਰਮਾਨਾ ਧਾਰਾ ਵੀ ਨਹੀਂ ਦਰਜ ਸੀ। ਮਾਮਲੇ ਦੇ ਗੁਣ-ਦੋਸ਼ਾਂ ‘ਤੇ ਕੋਈ ਟਿੱਪਣੀ ਕੀਤੇ ਬਿਨਾਂ ਅਦਾਲਤ ਨੇ ਮੁਲਜ਼ਮ ਨੂੰ ਇੱਕ ਹਫ਼ਤੇ ਅੰਦਰ ਜਾਂਚ ਵਿੱਚ ਸ਼ਾਮਲ ਹੋਣ ਦੇ ਹੁਕਮ ਦਿੰਦਿਆਂ ਅੰਤਰਿਮ ਅਗਾਊਂ ਜ਼ਮਾਨਤ ਮੰਜ਼ੂਰ ਕਰ ਲਈ।
ਜ਼ਮਾਨਤ ਲਈ ਅਦਾਲਤ ਨੇ ₹50,000 ਦਾ ਨਿੱਜੀ ਬਾਂਡ ਅਤੇ ਉਸੇ ਰਕਮ ਦਾ ਇੱਕ ਜ਼ਮਾਨਤੀ ਪੇਸ਼ ਕਰਨ ਦੀ ਸ਼ਰਤ ਲਾਈ ਹੈ। ਮੁਲਜ਼ਮ ਨੂੰ ਧਾਰਾ 482(2) BNSS ਦੀ ਪਾਲਣਾ ਕਰਨੀ ਹੋਵੇਗੀ। ਮਾਮਲੇ ਦੀ ਅਗਲੀ ਸੁਣਵਾਈ 1 ਅਪ੍ਰੈਲ 2026 ਨੂੰ ਹੋਵੇਗੀ।
