ਗੁਰਦਾਸਪੁਰ, 19 ਮਾਰਚ 2026 (ਮੰਨਣ ਸੈਣੀ)। ਗੁਰਦਾਸਪੁਰ ਸ਼ਹਿਰ ਵਿੱਚ ਦਿਨੋਂ-ਦਿਨ ਵੱਧ ਰਹੇ ਟ੍ਰੈਫਿਕ ਜਾਮ ਤੋਂ ਨਿਜਾਤ ਦਿਵਾਉਣ ਲਈ ਇੰਪਰੂਵਮੈਂਟ ਟਰੱਸਟ ਗੁਰਦਾਸਪੁਰ ਨੇ ਇੱਕ ਅਹਿਮ ਕਦਮ ਚੁੱਕਿਆ ਹੈ। ਟਰੱਸਟ ਦੇ ਚੇਅਰਮੈਨ ਰਾਜੀਵ ਸ਼ਰਮਾ ਨੇ ਐਲਾਨ ਕੀਤਾ ਹੈ ਕਿ ਸ਼ਹਿਰ ਦੇ ਚਾਰ ਪ੍ਰਮੁੱਖ ਚੌਕਾਂ — ਜਹਾਜ਼ ਚੌਕ, ਡਾਕਖਾਨਾ ਚੌਕ, ਭਗਵਾਨ ਪਰਸ਼ੂਰਾਮ ਚੌਕ ਅਤੇ ਭਾਈ ਲਾਲੋ ਚੌਕ — ਵਿੱਚ ਅਤਿ-ਆਧੁਨਿਕ ਸੈਂਸਰ-ਯੁਕਤ ਟ੍ਰੈਫਿਕ ਲਾਈਟਾਂ ਲਗਾਈਆਂ ਜਾਣਗੀਆਂ।

ਚੇਅਰਮੈਨ ਸ਼ਰਮਾ ਨੇ ਦੱਸਿਆ ਕਿ ਇਹ ਉਹ ਸਥਾਨ ਹਨ ਜਿੱਥੇ ਸੜਕ ਹਾਦਸਿਆਂ ਦਾ ਖਤਰਾ ਵੱਧ ਰਹਿੰਦਾ ਹੈ ਅਤੇ ਟ੍ਰੈਫਿਕ ਵਿਵਸਥਾ ਅਕਸਰ ਵਿਗੜ ਜਾਂਦੀ ਹੈ। ਇਨ੍ਹਾਂ ਚੌਕਾਂ ਦੀ ਪਛਾਣ ਟਰੱਸਟ ਵੱਲੋਂ ਵਿਸ਼ੇਸ਼ ਸਰਵੇਖਣ ਤੋਂ ਬਾਅਦ ਕੀਤੀ ਗਈ ਹੈ।
ਨਵੀਆਂ ਟ੍ਰੈਫਿਕ ਲਾਈਟਾਂ ਦੇ ਨਾਲ-ਨਾਲ ਹਾਈ-ਡੈਫੀਨੇਸ਼ਨ CCTV ਕੈਮਰੇ ਵੀ ਲਗਾਏ ਜਾਣਗੇ, ਜਿਨ੍ਹਾਂ ਰਾਹੀਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਆਨਲਾਈਨ ਚਲਾਨ ਕੱਟੇ ਜਾ ਸਕਣਗੇ। ਚੇਅਰਮੈਨ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਜਿੱਥੇ ਸਮੇਂ ਦੀ ਬਚਤ ਹੋਵੇਗੀ, ਉੱਥੇ ਪੈਦਲ ਚੱਲਣ ਵਾਲਿਆਂ ਅਤੇ ਸਕੂਲੀ ਬੱਚਿਆਂ ਲਈ ਸੜਕ ਪਾਰ ਕਰਨਾ ਵੀ ਸੁਰੱਖਿਅਤ ਹੋ ਜਾਵੇਗਾ।
ਸਥਾਨਕ ਦੁਕਾਨਦਾਰਾਂ ਅਤੇ ਰਾਹਗੀਰਾਂ ਨੇ ਇਸ ਫ਼ੈਸਲੇ ਦਾ ਸੁਆਗਤ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਵੇਰੇ ਅਤੇ ਸ਼ਾਮ ਦੇ ਪੀਕ ਆਵਰਸ ਦੌਰਾਨ ਇਨ੍ਹਾਂ ਚੌਕਾਂ ਵਿੱਚ ਟ੍ਰੈਫਿਕ ਇੰਨਾ ਭਾਰਾ ਹੋ ਜਾਂਦਾ ਸੀ ਕਿ ਆਵਾਜਾਈ ਲਗਭਗ ਠੱਪ ਹੋ ਜਾਂਦੀ ਸੀ। ਉਨ੍ਹਾਂ ਆਸ ਜ਼ਾਹਰ ਕੀਤੀ ਕਿ ਨਵੀਂ ਪ੍ਰਣਾਲੀ ਲੱਗਣ ਤੋਂ ਬਾਅਦ ਇਹ ਸਮੱਸਿਆ ਕਾਫ਼ੀ ਹੱਦ ਤੱਕ ਹੱਲ ਹੋ ਜਾਵੇਗੀ।