ਕਿਹਾ “ਵਕਾਲਤ ਸਿਰਫ਼ ਪੇਸ਼ਾ ਨਹੀਂ, ਨਿਆਂ ਲਈ ਜਜ਼ਬਾ”—ਨਵੀਂ ਟੀਮ ਤੋਂ ਵਕੀਲਾਂ ਦੇ ਹੱਕਾਂ ਅਤੇ ਪ੍ਰਣਾਲੀ ਦੀ ਮਜ਼ਬੂਤੀ ਦੀ ਉਮੀਦ
ਗੁਰਦਾਸਪੁਰ, 18 ਮਾਰਚ 2026 (ਮੰਨਣ ਸੈਣੀ)। ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਬਾਰ ਕੌਂਸਲ ਦੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਇੰਚਾਰਜ ਗੁਰਦਾਸਪੁਰ, ਰਮਨ ਬਹਿਲ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਇਸ ਮੌਕੇ ਉਨ੍ਹਾਂ ਨੇ ਵਕੀਲ ਭਾਈਚਾਰੇ ਨਾਲ ਆਪਣੀ ਗੂੜ੍ਹੀ ਸਾਂਝ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਖ਼ੁਦ ਨੂੰ ਇਸ ਬੁੱਧੀਜੀਵੀ ਪਰਿਵਾਰ ਦਾ ਹਿੱਸਾ ਮੰਨ ਕੇ ਬਹੁਤ ਮਾਣ ਮਹਿਸੂਸ ਕਰਦੇ ਹਨ। ਦੱਸਣਯੋਗ ਹੈ ਕਿ ਰਮਨ ਬਹਿਲ ਖੁਦ ਵਕੀਲ ਹਨ।

ਰਮਨ ਬਹਿਲ ਨੇ ਕਿਹਾ, “ਵਕਾਲਤ ਮੇਰੇ ਲਈ ਸਿਰਫ਼ ਇੱਕ ਪੇਸ਼ਾ ਨਹੀਂ ਰਿਹਾ, ਸਗੋਂ ਇਹ ਨਿਆਂ ਅਤੇ ਸੱਚਾਈ ਦੀ ਲੜਾਈ ਲੜਨ ਦਾ ਇੱਕ ਜਜ਼ਬਾ ਹੈ।” ਉਨ੍ਹਾਂ ਅੱਗੇ ਕਿਹਾ ਕਿ ਸਮਾਜ ਵਿੱਚ ਵਕੀਲ ਭਾਈਚਾਰੇ ਦੀ ਭੂਮਿਕਾ ਬਹੁਤ ਅਹਿਮ ਹੈ ਕਿਉਂਕਿ ਇਹ ਵਰਗ ਕਾਨੂੰਨ ਦੀ ਰਾਖੀ ਅਤੇ ਆਮ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਹਮੇਸ਼ਾ ਤੱਤਪਰ ਰਹਿੰਦਾ ਹੈ।
ਸਮੂਹ ਵਕੀਲ ਭਾਈਚਾਰੇ ਨੂੰ ਚੋਣਾਂ ਦੀ ਵਧਾਈ ਦਿੰਦਿਆਂ ਰਮਨ ਬਹਿਲ ਨੇ ਉਮੀਦ ਜਤਾਈ ਕਿ ਚੋਣਾਂ ਤੋਂ ਬਾਅਦ ਜਿਹੜੀ ਵੀ ਨਵੀਂ ਟੀਮ ਅਹੁਦਾ ਸੰਭਾਲੇਗੀ, ਉਹ ਵਕੀਲਾਂ ਦੇ ਹਿੱਤਾਂ ਦੀ ਰਾਖੀ ਕਰਨ ਦੇ ਨਾਲ-ਨਾਲ ਦੇਸ਼ ਦੀ ਨਿਆਂ ਪ੍ਰਣਾਲੀ ਨੂੰ ਹੋਰ ਵਧੇਰੇ ਪਾਰਦਰਸ਼ੀ ਅਤੇ ਮਜ਼ਬੂਤ ਬਣਾਉਣ ਲਈ ਕੰਮ ਕਰੇਗੀ।