ਸੁਪਰਵਾਈਜ਼ਰ, ਪੋਲਿੰਗ ਅਫਸਰ ਸਮੇਤ ਚੋਣ ਅਧਿਕਾਰੀਆਂ ਨੂੰ ਚੋਣ ਪ੍ਰਕਿਰਿਆ ਬਾਰੇ ਦਿੱਤੀ ਵਿਸਥਾਰ ਵਿੱਚ ਜਾਣਕਾਰੀ
ਗੁਰਦਾਸਪੁਰ, 17 ਮਾਰਚ 2026 (ਮੰਨਣ ਸੈਣੀ)। ਗੁਰਸਿਮਰਨ ਸਿੰਘ ਢਿੱਲੋਂ, ਵਧੀਕ ਡਿਪਟੀ ਕਮਿਸ਼ਨਰ- ਕਮ-ਨੋਡਲ ਅਫਸਰ ਬਾਰ ਕੌਂਸਲ ਚੋਣਾਂ ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ- 2026 ਦੀਆਂ ਚੋਣਾਂ ਸਬੰਧੀ ਰੀਵਿਊ ਮੀਟਿੰਗ ਕੀਤੀ ਗਈ, ਜਿਸ ਵਿੱਚ ਸੁਪਰਵਾਈਜ਼ਰ, ਪੋਲਿੰਗ ਅਫਸਰ ਸਮੇਤ ਚੋਣ ਅਧਿਕਾਰੀਆਂ ਨੂੰ ਚੋਣ ਪ੍ਰਕਿਰਿਆ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਇਸ ਮੌਕੇ ਚੋਣ ਤਹਿਸੀਲਦਾਰ ਗੁਰਦਾਸਪੁਰ ਮਨਜਿੰਦਰ ਸਿੰਘ, ਤਹਿਸੀਲਦਾਰ ਅਰਜਨ ਸਿੰਘ ਗਰੇਵਾਲ, ਡੀ ਐੱਸ.ਪੀ, ਬੀ.ਐੱਸ ਔਲਖ, ਤੇਜਿੰਦਰ ਸਿੰਘ, ਨਾਇਬ ਤਹਿਸੀਲਦਾਰ ਨਿਤਿਨ ਸਹੋਤਾ ਤੇ ਗੁਰਪ੍ਰੀਤ ਸਿੰਘ, ਚੋਣ ਕਾਨੂੰਗੋ ਸੁਨੀਲ ਕੁਮਾਰ, ਰਣਜੀਤ ਸਿੰਘ ਬੁੱਟਰ, ਸਤਿੰਦਰ ਸਿੰਘ, ਲੈਕਚਰਾਰ ਜਸਬੀਰ ਸਿੰਘ ਬਟਾਲਾ ਸਮੇਤ ਚੋਣ ਅਧਿਕਾਰੀ/ਸਟਾਫ ਮੌਜੂਦ ਸਨ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਾਨਫਰੰਸ ਹਾਲ ਵਿਖੇ ਮੀਟਿੰਗ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਮਾਣਯੋਗ ਮੁੱਖ ਚੋਣ ਅਫ਼ਸਰ, ਪੰਜਾਬ ਅਤੇ ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਗੁਰਦਾਸਪੁਰ ਵਿੱਚ ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ- 2026 ਦੀਆਂ ਚੋਣਾਂ ਕੱਲ 18 ਮਾਰਚ ਨੂੰ ਸਵੇਰੇ 9 ਤੋਂ ਸ਼ਾਮ 5 ਕਰਵਾਈਆਂ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਇਹ ਚੋਣਾਂ ਰਾਜ ਪੱਧਰੀ ਰਿਟਰਨਿੰਗ ਅਫ਼ਸਰ ਜਸਟਿਸ ਜੈਸ੍ਰੀ ਠਾਕੁਰ (ਸੇਵਾਮੁਕਤ) ਵੱਲੋਂ ਨਿਰਧਾਰਤ ਕੀਤੇ ਗਏ ਪੌਲਿੰਗ ਬੂਥਾਂ ਵਿੱਚ ਕਰਵਾਈਆ ਜਾ ਰਹੀਆਂ ਹਨ ਅਤੇ ਉਨ੍ਹਾਂ ਵਲੋਂ ਜੋ ਗਾਈਡਲਾਈਨਜ਼ ਦਿੱਤੀਆਂ ਗਈਆਂ ਹਨ, ਉਨ੍ਹਾਂ ਦੀ ਇੰਨਬਿੰਨ ਪਾਲਣਾ ਕਰਨ ਨੂੰ ਯਕੀਨੀ ਬਣਾਇਆ ਜਾਵੇ।
ਉਨ੍ਹਾਂ ਦੱਸਿਆ ਕਿ ਪੋਲਿੰਗ ਬੂਥ ਨੰਬਰ 1 , ਜ਼ਿਲ੍ਹਾ ਕੋਰਟ ਕੰਪਲੈਕਸ, ਗੁਰਦਾਸਪੁਰ ਦੀ ਪਹਿਲੀ ਮੰਜ਼ਿਲ ‘ਤੇ ਸਥਿਤ ਬਾਰ ਰੂਮ। ਇਸ ਪੋਲਿੰਗ ਬੂਥ ਵਿੱਚ ਵਕੀਲ ਭਾਈਚਾਰੇ ਦੀਆਂ ਕੁੱਲ 456 ਵੋਟਾਂ ਹਨ। ਪੋਲਿੰਗ ਬੂਥ ਨੰਬਰ 2, ਡਾਈਨਿੰਗ ਰੂਮ, ਜ਼ਿਲ੍ਹਾ ਕੋਰਟ ਕੰਪਲੈਕਸ ਗੁਰਦਾਸਪੁਰ ਅਤੇ 474 ਵੋਟਾਂ ਹਨ। ਪੋਲਿੰਗ ਬੂਥ ਬਟਾਲਾ, ਬਾਰ ਰੂਮ, ਕੋਰਟ ਕੰਪਲੈਕਸ ਬਟਾਲਾ ਵਿਖੇ ਅਤੇ ਕੁੱਲ ਵੋਟਾਂ 315 ਹਨ।
ਉਨ੍ਹਾਂ ਦੱਸਿਆ ਕਿ ਚੋਣਾਂ ਨੂੰ ਮੁੱਖ ਰੱਖਦਿਆਂ ਹੋਇਆ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਸਮੁੱਚੇ ਪ੍ਰਸ਼ਾਸ਼ਨਿਕ ਅਤੇ ਪੁਲਿਸ ਸਬੰਧੀ ਯੋਗ ਪ੍ਰਬੰਧ ਕਰ ਲਏ ਗਏ ਹਨ। ਪੋਲਿੰਗ ਬੂਥਾਂ ‘ਤੇ ਵੀਡੀਓਗ੍ਰਾਫੀ ਕੀਤੀ ਜਾਵੇਗੀ। ਪੋਲਿੰਗ ਬੂਥ ‘ਤੇ ਮਾਈਕਰੋ ਆਬਜ਼ਰਵਰ ਦੀ ਵੀ ਤਾਇਨਾਤੀ ਕੀਤੀ ਗਈ ਹੈ ਜੋ ਕਿ ਇਨ੍ਹਾਂ ਚੋਣਾਂ ਦੇ ਰਿਟਰਨਿੰਗ ਅਫ਼ਸਰ ਅਤੇ ਹਾਈ ਪਾਵਰ ਇਲੈਕਸ਼ਨ ਕਮੇਟੀ ਦੀ ਸਿੱਧੇ ਤੌਰੇ ‘ਤੇ ਸੁਪਰਵਿਜ਼ਨ ਅਧੀਨ ਡਿਊਟੀ ਨਿਭਾਉਣਗੇ।
ਉਨਾਂ ਵੱਲੋਂ ਇਹ ਵੀ ਵਿਸ਼ੇਸ਼ ਤੌਰ ਤੇ ਦੱਸਿਆ ਕਿ ਹਦਾਇਤਾ ਅਨੁਸਾਰ ਕੇਵਲ 05 ਦਸਤਾਵੇਜ਼ ਜਿਨ੍ਹਾਂ ‘ਤੇ ਫੋਟੋ ਲੱਗੀ ਹੋਵੇ, ਰਾਹੀਂ ਹੀ ਵੋਟ ਪਾਈ ਜਾ ਸਕਦੀ ਹੈ। ਜਿਨ੍ਹਾਂ ਵਿੱਚ ਬਾਰ ਕੌਸਲ ਵੱਲੋਂ ਜਾਰੀ ਸ਼ਨਾਖਤੀ ਕਾਰਡ। ਐਨਰੌਲਮੈਂਟ ਸਰਟੀਫਿਕੇਟ। ਡਰਾਈਵਿੰਗ ਲਾਈਸੈਸ, ਪਾਸਪੋਰਟ ਅਤੇ ਵੋਟਰ ਫੋਟੋ ਸ਼ਨਾਖਤੀ ਕਾਰਡ ਸ਼ਾਮਲ ਹੈ।
ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਨੂੰ ਵੋਟਿੰਗ ਸਥਾਨ ਦੇ 100 ਮੀਟਰ ਦੇ ਘੇਰੇ ਵਿੱਚ ਪੂਰੀ ਸੁਰੱਖਿਆ ਦੇ ਪ੍ਰਬੰਧ ਕਰਨ ਦੇ ਆਦੇਸ਼ ਜਾਰੀ ਕੀਤੇ ਜਾ ਚੁੱਕੇ ਹਨ, ਤਾਂ ਜੋ ਚੋਣਾਂ ਸ਼ਾਂਤੀਪੂਰਵਕ ਅਤੇ ਪਾਰਦਰਸ਼ਈ ਢੰਗ ਨਾਲ ਮੁਕੰਮਲ ਹੋ ਸਕਣ।
ਚੋਣਾਂ ਦੀ ਸਮਾਪਤੀ ਉਪਰੰਤ ਚੌਣਾਂ ਵਾਲੇ ਬੈਲਟ ਬਕਸੇ ਸਮੇਤ ਸਾਰਾ ਚੋਣ ਮਟੀਰੀਅਲ ਉਸ ਦਿਨ ਹੀ ਭਾਵ 18 ਮਾਰਚ 2026 ਨੂੰ ਹੀ ਪੁਲਿਸ ਗਾਰਦ ਦੀ ਸੁਰੱਖਿਆ ਹੇਠ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਿੱਖੇ ਗੇਟ ਨੰਬਰ 4 ਕਮਰਾ ਨੰਬਰ 3 ਵਿੱਚ ਗਠਿਤ ਕੀਤੀਆਂ ਟੀਮਾਂ ਵੱਲੋਂ ਜਮ੍ਹਾਂ ਕਰਵਾਇਆ ਜਾਵੇਗਾ ਅਤੇ ਗਿਣਤੀ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਿੱਖੇ ਹੋਵੇਗੀ।
ਉਨ੍ਹਾਂ ਵੱਲੋਂ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਅਤੇ ਸਮੁੱਚੇ ਵਕੀਲ ਭਾਈਚਾਰੇ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਚੋਣ ਪ੍ਰਕਿਰਿਆ ਦੌਰਾਨ ਅਨੁਸ਼ਾਸਨ ਅਤੇ ਆਪਸੀ ਭਾਈਚਾਰੇ ਦੀ ਭਾਵਨਾ ਨੂੰ ਬਣਾਉਂਦੇ ਅਤੇ ਲੋਕਤੰਤਰਿਕ ਮਰਿਆਦਾ ਦੀ ਪਾਲਣਾ ਕਰਦੇ ਹੋਏ ਨਿਰਧਾਰਤ ਦਿਨ ਬੁੱਧਵਾਰ 18 ਮਾਰਚ ਨੂੰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨ।
