ਗੁਰਦਾਸਪੁਰ, 16 ਮਾਰਚ 2026 (ਮੰਨਣ ਸੈਣੀ)। ਵਪਾਰੀ ਦਿਵਸ ਮਨਾਉਣ ਲਈ ਅਮ੍ਰਿਤਸਰ ਵਿੱਚ ਵਪਾਰ ਮੰਡਲ ਸੰਮੇਲਨ ਦਾ ਆਯੋਜਨ ਕੀਤਾ ਗਿਆ, ਜਿਸਦੀ ਅਗਵਾਈ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਪਿਆਰੇ ਲਾਲ ਸੇਠ ਨੇ ਕੀਤੀ। ਇਹ ਸੰਮੇਲਨ ਵਪਾਰ ਮੰਡਲ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਸਵ. ਅਮ੍ਰਿਤ ਲਾਲ ਜੈਨ ਦੀ ਯਾਦ ਵਿੱਚ ਕਰਵਾਇਆ ਗਿਆ। ਸਮਾਰੋਹ ਦੌਰਾਨ ਭਾਰਤੀ ਉਦਯੋਗ ਵਪਾਰ ਮੰਡਲ ਦੇ ਰਾਸ਼ਟਰੀ ਪ੍ਰਧਾਨ ਬਾਬੂ ਲਾਲ ਗੁਪਤਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਮੁਕੰਦ ਲਾਲ ਮਿਸ਼ਰਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ।
ਵਪਾਰ ਮੰਡਲ ਗੁਰਦਾਸਪੁਰ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਦਰਸ਼ਨ ਮਹਾਜਨ ਨੇ ਕਿਹਾ ਕਿ ਪੰਜਾਬ ਵਿੱਚ ਵਪਾਰੀ ਬਹੁਤ ਔਖੇ ਦੌਰ ਵਿੱਚੋਂ ਲੰਘ ਰਿਹਾ ਹੈ। ਹਾਲਾਤ ਇਸ ਕਦਰ ਬਣ ਚੁੱਕੇ ਹਨ ਕਿ ਕੋਈ ਵੀ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝਦਾ। ਪੰਜਾਬ ਵਿੱਚ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ ਅਤੇ ਗੋਲੀਬਾਰੀ ਆਮ ਗੱਲ ਬਣ ਗਈ ਹੈ। ਵਪਾਰੀਆਂ ਨਾਲ ਮਤਰੇਏ ਵਿਵਹਾਰ ਕੀਤਾ ਜਾ ਰਿਹਾ ਹੈ। ਵਪਾਰੀ ਹਰ ਤਰ੍ਹਾਂ ਦਾ ਟੈਕਸ ਦਿੰਦਾ ਹੈ, ਪਰ ਉਸਨੂੰ ਕਿਸੇ ਵੀ ਕਿਸਮ ਦੀ ਕੋਈ ਸਹੂਲਤ ਨਹੀਂ ਮਿਲਦੀ।

ਮੁੱਖ ਮੰਗਾਂ
ਦਰਸ਼ਨ ਮਹਾਜਨ ਨੇ ਮੰਗ ਕੀਤੀ ਕਿ ਵਪਾਰੀਆਂ ਨੂੰ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਦਿੱਤੀ ਜਾਵੇ, ਵਪਾਰੀਆਂ ਦਾ ਵਿਸ਼ੇਸ਼ ਹੈਲਥ ਕਾਰਡ ਬਣਾਇਆ ਜਾਵੇ, ਪੰਜ ਹਜ਼ਾਰ ਰੁਪਏ ਮਾਸਿਕ ਪੈਨਸ਼ਨ ਦਿੱਤੀ ਜਾਵੇ, ਵਪਾਰੀਆਂ ਲਈ ਬੀਮਾ ਯੋਜਨਾ ਲਾਗੂ ਕੀਤੀ ਜਾਵੇ ਅਤੇ ਅੱਗਜ਼ਨੀ ਦੀ ਕਿਸੇ ਵੀ ਘਟਨਾ ਵਿੱਚ ਦੁਕਾਨ ਜਾਂ ਸਾਮਾਨ ਦੇ ਨੁਕਸਾਨ ਦੀ 100 ਫ਼ੀਸਦੀ ਭਰਪਾਈ ਕੀਤੀ ਜਾਵੇ।
ਇਸ ਮੌਕੇ ਪਵਨ ਕੌਛੜ, ਜੁਗਲ ਕਿਸ਼ੋਰ, ਪੰਕਜ ਮਹਾਜਨ, ਸੁਰਿੰਦਰ ਮਹਾਜਨ, ਪ੍ਰੇਮ ਤੁਲੀ, ਵਿਜੈ ਗਾਂਧੀ, ਅਜੈ ਸੂਰੀ, ਗੌਰਵ ਮਹਾਜਨ, ਅਨਮੋਲ ਸ਼ਰਮਾ, ਜੋਗਿੰਦਰ ਪਾਲ, ਵਿਕਾਸ ਅਤੇ ਹੋਰ ਆਗੂ ਹਾਜ਼ਰ ਸਨ।