ਗੁਰਦਾਸਪੁਰ, 16 ਮਾਰਚ 2026 (ਮੰਨਨ ਸੈਣੀ)–ਗੰਨੇ ਦੀ ਮੂਢੀ ਫਸਲ ਦੀ ਸੰਭਾਲ ਵੱਲ ਸਹੀ ਸਮੇਂ ਤੇ ਧਿਆਨ ਨਾਂ ਦੇਣ ਨਾਲ ਪੈਦਾਵਾਰ ਘਟਦੀ ਹੈ, ਜੋ ਗੰਨਾ ਕਾਸ਼ਤਕਾਰਾਂ ਅਤੇ ਖੰਡ ਮਿੱਲਾਂ ਨੂੰ ਆਰਥਿਕ ਨੁਕਸਾਨ ਦਾ ਕਾਰਨ ਬਣਦੀ ਹੈ । ਪੰਜਾਬ ਵਿੱਚ ਪੰਜਾਬ ਸਰਕਾਰ ਵੱਲੋਂ ਗੰਨੇ ਦੀ ਫ਼ਸਲ ਹੇਠ ਰਕਬਾ ਵਧਾਉਣ ਦੇ ਨਿਰਧਾਰਿਤ ਕੀਤੇ ਗਏ ਟੀਚਿਆਂ ਦੀ ਪੂਰਤੀ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਕੇਨ ਕਮਿਸ਼ਨਰ ਡਾਕਟਰ ਅਮਰੀਕ ਸਿੰਘ ਵਲੋਂ ਚੱਢਾ ਖੰਡ ਮਿੱਲ ਕੀੜੀ ਅਫਗਾਨਾ ਦੇ ਅਧਿਕਾਰਤ ਖੇਤਰ ਅਧੀਨ ਆਉਂਦੇ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਮਿੱਲ ਵਿਚ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ।
ਪਿੰਡ ਔਲਖ ਵਿਚ ਅਗਾਂਹ ਵਧੂ ਗੰਨਾ ਕਾਸ਼ਤਕਾਰ ਜਤਿੰਦਰ ਸਿੰਘ ਦੇ ਖੇਤਾਂ ਵਿਚ ਗਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਗੰਨੇ ਦੀ ਬੀਜੜ ਫਸਲ ਦੀ ਕਟਾਈ ਤੋਂ ਬਾਅਦ ਵਧੇਰੇ ਪੈਦਾਵਾਰ ਅਤੇ ਗੰਨੇ ਦੀ ਚੰਗੀ ਗੁਣਵੱਤਾ ਪ੍ਰਾਪਤ ਕਰਨ ਲਈ ਗੰਨੇ ਦੀ ਮੂਢੀ ਫਸਲ ਦਾ ਪ੍ਰਬੰਧਨ ਕਰਨਾ ਬਹੁਤ ਮਹੱਤਵਪੂਰਨ ਕੰਮ ਹੈ ਕਿਉਂਕਿ ਜੇਕਰ ਸ਼ੁਰੂਆਤੀ ਪੜਾਅ ਦੌਰਾਨ ਮੂਢੀ ਫ਼ਸਲ ਦੀ ਸਹੀ ਦੇਖਭਾਲ ਨਾਂ ਕੀਤੀ ਜਾਵੇ ਤਾਂ ਗੰਨੇ ਦੀ ਪੈਦਾਵਾਰ ਦੇ ਨਾਲ ਨਾਲ ਖੰਡ ਦੀ ਰਿਕਵਰੀ ਘਟਦੀ ਹੈ ਜਿਸ ਨਾਲ ਗੰਨਾਂ ਕਾਸ਼ਤਕਾਰ ਅਤੇ ਖੰਡ ਮਿੱਲ ਦੋਹਾਂ ਨੁੰ ਆਰਥਿਕ ਨੁਕਸਾਨ ਹੁੰਦਾ ਹੈ। ਗੰਨੇ ਦੀ ਮੂਢੀ ਫਸਲ ਦੀ ਸੁਚੱਜੀ ਸਾਂਭ ਸੰਭਾਲ ਬਾਰੇ ਉਨ੍ਹਾਂ ਨੇ ਦੱਸਿਆ ਕਿ ਗੰਨੇ ਦੀ ਬੀਜੜ ਫ਼ਸਲ ਨੂੰ ਜ਼ਮੀਨ ਤੋਂ 2-3 ਸੈਂਟੀ ਮੀਟਰ ਹੇਠਾਂ ਕੱਟਣਾ ਚਾਹੀਦਾ ਤਾਂ ਜੋਂ ਮਿੱਟੀ ਵਿਚਲੀਆਂ ਗੰਨੇ ਦੇ ਮੁੱਢਾਂ ਨਾਲ ਮੌਜੂਦ ਅੱਖਾਂ ਵਧੇਰੇ ਪੁੰਗਰ ਸਕਣ।
ਉਨ੍ਹਾਂ ਕਿਹਾ ਕਿ ਕਟਾਈ ਉਪਰੰਤ ਸਟਬਲ ਸ਼ੇਵਰ ਜਾਂ ਮੂਢੀ ਫਸਲ ਦਾ ਪ੍ਰਬੰਧਨ ਮਸ਼ੀਨ ਦੀ ਵਰਤੋਂ ਨਾਲ ਮੂਢੀ ਫਸਲ ਦਾ ਪ੍ਰਬੰਧਨ ਕਰਨ ਨਾਲ ਮੂਢੀ ਫਸਲ ਦੀਆਂ ਮਿੱਟੀ ਵਿਚ ਮੌਜੂਦ ਅੱਖਾਂ ਦੇ ਇੱਕਸਾਰ ਪੁੰਗਰਨ ਵਿੱਚ ਮਦਦ ਕਰਦੀ ਹੈ।
ਉਨ੍ਹਾਂ ਕਿਹਾ ਕਿ ਗੰਨੇ ਦੀ ਖੋਰੀ ਨੂੰ ਮਲਚ ਦੇ ਰੂਪ ਵਿੱਚ ਕਤਾਰਾਂ ਦੇ ਵਿਚਕਾਰ ਇੱਕਸਾਰ ਖਿਲਾਰ ਦੇਣੀ ਚਾਹੀਦੀ ਹੈ ਤਾਂ ਜੋ ਮਿੱਟੀ ਦੀ ਨਮੀ ਨੂੰ ਸੁਰੱਖਿਅਤ ਰੱਖਣ, ਨਦੀਨਾਂ ਦੀ ਰੋਕਥਾਮ ਅਤੇ ਮਿੱਟੀ ਦੀ ਸਿਹਤ ਵਿੱਚ ਸੁਧਾਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਮੂਢੀ ਫਸਲ ਦੇ ਪੁੰਗਰਨ ਤੋਂ 20-25 ਦਿਨਾਂ ਬਾਅਦ ਖੇਤ ਦਾ ਨਿਰੀਖਣ ਕਰਨਾ ਚਾਹੀਦਾ ਅਤੇ
ਜਿੱਥੇ ਕਿਤੇ ਮੁੱਢਾਂ ਦੀਆਂ ਅੱਖਾਂ ਨਾਂ ਪੁੰਗਰੀਆਂ ਹੋਣ, ਉੱਥੇ ਸਿਹਤਮੰਦ ਗੰਨੇ ਦੇ ਸੈੱਟ ਜਾਂ ਮੂਢੀ ਫਸਲ ਦੇ ਮੁੱਢਾਂ ਦੀ ਵਰਤੋਂ ਕਰਕੇ ਖਾਲੀ ਥਾਂਵਾਂ ਨੂੰ ਭਰ ਦੇਣਾ ਚਾਹੀਦਾ।
ਉਨ੍ਹਾਂ ਕਿਹਾ ਕਿ ਮੂਢੀ ਫਸਲ ਦੇ ਬਿਹਤਰ ਵਾਧੇ ਲਈ ਖਾਦਾਂ ਨੂੰ ਮੁੱਢਲੀ ਅਵਸਥਾ ਵਿਚ ਹੀ ਪਾ ਦੇਣਾ ਚਾਹੀਦਾ ।
ਇਸ ਮੌਕੇ ਡਾਕਟਰ ਮਿੱਤਰਮਾਨ ਸਿੰਘ ਖੇਤੀ ਵਿਕਾਸ ਅਫ਼ਸਰ, ਸਤਿੰਦਰ ਸਿੰਘ ਵਾਈਸ ਪ੍ਰੈਜ਼ੀਡੈਂਟ,ਸੰਦੀਪ ਸਿੰਘ, ਗੁਰਮੁਖ ਸਿੰਘ ਕੇਨ ਮੈਨੇਜਰ ਅਤੇ ਕਿਸਾਨ ਹਾਜ਼ਰ ਸਨ।
