ਅਕਾਲੀ ਦਲ ਲਈ ਇਹ ਮਾਣ ਵਾਲੀ ਗੱਲ ਕਿ ਜਿਹੜਾ ਵਿਕਾਸ ਅਸੀਂ ਕੀਤਾ, ਆਪ ਸਰਕਾਰ ਉਹ ਪੰਜਾਬ ਨਿਵੇਸ਼ ਸੰਮੇਲਨ ’ਚ ਵਿਖਾ ਰਹੀ ਹੈ: ਸੁਖਬੀਰ ਸਿੰਘ ਬਾਦਲ

ਕਿਹਾ ਕਿ ਸੰਮੇਲਨ ਦੌਰਾਨ ਕੋਈ ਨਿਵੇਸ਼ ਨਹੀਂ ਹੋਵੇਗਾ ਕਿਉਂਕਿ ਨਿਵੇਸ਼ਕ ਗੈਂਗਸਟਰਵਾਦ ਤੋਂ ਡਰੇ ਜੋ ਆਪ ਸਰਕਾਰ ਵਿਚ ਪੰਜਾਬ ਵਿਚ ਫੈਲਿਆ

ਫਤਿਹਗੜ੍ਹ ਚੂੜੀਆਂ ਦੀ ਪੰਜਾਬ ਬਚਾਓ ਰੈਲੀ ’ਚ ਹੋਇਆ ਹਜ਼ਾਰਾਂ ਦਾ ਇਕੱਠ

ਫਤਿਹਗੜ੍ਹ ਚੂੜੀਆਂ, 13 ਮਾਰਚ 2026 (ਮੰਨਨ ਸੈਣੀ)–ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਇਹ ਪਾਰਟੀ ਵਾਸਤੇ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਉਸ ਵਿਕਾਸ ਨੂੰ ਪੰਜਾਬ ਨਿਵੇਸ਼ ਸੰਮੇਲਨ ਵਿਚ ਵਿਖਾ ਰਹੀ ਹੈ ਜੋ ਅਕਾਲੀ ਦਲ ਦੀ ਸਰਕਾਰ ਸਮੇਂ ਨਿਵੇਸ਼ ਇਥੇ ਲਿਆਂਦਾ ਗਿਆ ਅਤੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸੂਬੇ ਵਿਚ ਹੁਣ ਕੋਈ ਵੀ ਵਿਅਕਤੀ ਨਿਵੇਸ਼ ਨਹੀਂ ਕਰੇਗਾ ਜਦੋਂ ਤੱਕ ਆਪ ਸਰਕਾਰ ਵਿਚ ਫੈਲਿਆ ਗੈਂਗਸਟਰਵਾਦ ਖ਼ਤਮ ਨਹੀਂ ਹੋ ਜਾਂਦਾ।

ਇਥੇ ਸੀਨੀਅਰ ਆਗੂ ਸਰਦਾਰ ਲਖਬੀਰ ਸਿੰਘ ਲੋਧੀਨੰਗਲ ਦੇ ਨਾਲ ਰਲ ਕੇ ਪੰਜਾਬ ਬਚਾਓ ਮੁਹਿੰਮ ਦੇ ਤਹਿਤ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਪ ਸਰਕਾਰ ਹਵਾਈ ਅੱਡੇ, ਚੌੜੀਆਂ ਸੜਕਾਂ ਤੇ ਪੰਜਾਬ ਦੇ ਬਿਜਲੀ ਸਰਪਲੱਸ ਹੋਣ ਦੀ ਗੱਲ ਨਿਵੇਸ਼ ਸੰਮੇਲਨ ਵਿਚ ਰੱਖ ਰਹੀ ਹੈ ਜਦੋਂ ਕਿ ਇਹ ਸਭ ਕੁਝ ਅਕਾਲੀ ਦਲ ਦੀ ਸਰਕਾਰ ਵੇਲੇ ਬਣਿਆ ਸੀ। ਉਹਨਾਂ ਕਿਹਾ ਕਿ ਉਹਨਾਂ ਨੂੰ ਇਸ ਸਭ ਵਾਸਤੇ ਸਾਨੂੰ ਸਨਮਾਨਤ ਕਰਨਾ ਚਾਹੀਦਾ ਹੈ।

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਵੀ ਇਕ ਸੱਚਾਈ ਹੈ ਕਿ ਇਹਨਾਂ ਪ੍ਰਾਪਤੀਆਂ ਦੇ ਬਾਵਜੂਦ ਪੰਜਾਬ ਵਿਚ ਕੋਈ ਨਿਵੇਸ਼ ਨਹੀਂ ਹੋਵੇਗਾ ਕਿਉਂਕਿ ਨਿਵੇਸ਼ਕ ਪੰਜਾਬ ਵਿਚ ਆਪ ਸਰਕਾਰ ਦੇ ਰਾਜ ਵਿਚ ਚਲ ਰਹੇ ਗੁੰਡਾਵਾਦ ਤੇ ਗੈਂਗਸਟਰਵਾਦ ਤੋਂ ਡਰੇ ਹੋਏ ਹਨ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਇਹ ਸੰਮੇਲਨ ਆਪ ਸਰਕਾਰ ਦੇ ਕਾਰਜਕਾਲ ਦੇ ਅਖੀਰ ਵਿਚ ਹੋ ਰਿਹਾ ਹੈ ਜਦੋਂ ਕਿ ਇਹ ਪਹਿਲੇ ਸਾਲ ਵਿਚ ਹੋਣਾ ਚਾਹੀਦਾ ਸੀ ਜਿਸ ਤੋਂ ਸਾਬਤ ਹੁੰਦਾ ਹੈ ਕਿ ਇਹ ਸਿਰਫ ਇਕ ਪ੍ਰਾਪੇਗੰਡਾ ਦਾ ਕੰਮ ਹੈ। ਉਹਨਾਂ ਨੇ ਸਰਕਾਰ ਨੂੰ ਇਹ ਵੀ ਸਵਾਲ ਕੀਤਾ ਕਿ ਅਰਵਿੰਦ ਕੇਜਰੀਵਾਲ ਇਸ ਸੰਮੇਲਨ ਦੀ ਅਗਵਾਈ ਕਿਉਂ ਕਰ ਰਹੇ ਹਨ ? ਕੀ ਉਹ ਪੰਜਾਬ ਦੇ ਮੁੱਖ ਮੰਤਰੀ ਹਨ ?

ਅਕਾਲੀ ਦਲ ਦੇ ਪ੍ਰਧਾਨ ਨੇ ਆਪ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਉਹ ਸੂਬੇ ਦੀਆਂ ਔਰਤਾਂ ਨੂੰ ਧੋਖਾ ਦੇਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਇਯ ਸਾਲ 52000 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ ਤੇ ਚਾਰ ਸਾਲਾਂ ਵਿਚ ਇਸਨੇ 2 ਲੱਖ ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਤਾਂ ਸਰਕਾਰੀ ਜਾਇਦਾਦਾਂ ਵੀ ਵੇਚ ਰਹੀ ਹੈ। ਉਹਨਾਂ ਕਿਹਾ ਕਿ ਸਾਰੇ ਸੂਬੇ ਅਤੇ ਇਸਦੇ ਲੋਕਾਂ ਨੂੰ ਕਰਜ਼ਈ ਕਰਨ ਤੋਂ ਬਾਅਦ ਆਪ ਸਰਕਾਰ ਇਸਦੀਆਂ ਪ੍ਰਾਪਤੀਆਂ ਨਾਲ ਔਰਤਾਂ ਦੀਆਂ ਵੋਟਾਂ ਖਰੀਦਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਔਰਤਾਂ ਇਸ ਧੋਖੇ ਨੂੰ ਸਮਝਦੀਆਂ ਹਨ ਤੇ ਉਹ ਕਦੇ ਵੀ ਆਪ ਦਾ ਸਮਰਥਨ ਨਹੀਂ ਕਰਨਗੀਆਂ।

ਪੰਜਾਬ ਲਈ ਆਪਣੇ ਦ੍ਰਿਸ਼ਟੀਕੋਣ ਦੀ ਗੱਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜਿਹੜੇ ਕਿਸਾਨਾਂ ਕੋਲ ਟਿਊਬਵੈਲ ਕੁਨੈਕਸ਼ਨ ਨਹੀਂ ਹਨ, ਅਕਾਲੀ ਦਲ ਦੀ ਸਰਕਾਰ ਬਣਨ ਦੇ ਇਕ ਮਹੀਨੇ ਦੇ ਅੰਦਰ ਅੰਦਰ ਉਹਨਾਂ ਨੂੰ ਕੁਨੈਕਸ਼ਨ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਹਰ ਰੋਜ਼ 12 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ।

ਸਰਦਾਰ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਸੂਬੇ ਵਿਚੋਂ ਗੈਂਗਸਟਰਵਾਦ ਤੇ ਨਸ਼ਾ ਮਾਫੀਆ ਨੂੰ ਖ਼ਤਮ ਕਰੇਗੀ। ਉਹਨਾਂ ਕਿਹਾ ਕਿ ਅਸੀਂ ਕਾਨੂੰਨ ਲਿਆਵਾਂਗੇ ਜਿਸ ਤਹਿਤ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਨੂੰ ਜ਼ਮਾਨਤ ਨਹੀਂ ਮਿਲੇਗੀ ਤੇ ਉਹਨਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾਣਗੀਆਂ।

ਉਹਨਾਂ ਅਗਲੀ ਅਕਾਲੀ ਦਲ ਦੀ ਸਰਕਾਰ ਦੀ ਤਰਜੀਹ ਦਾ ਐਲਾਨ ਕਰਦਿਆਂ ਕਿਹਾ ਕਿ ਅਸੀਂ ਉਦਯੋਗਿਕ ਤੇ ਸੀਵਰੇਜ ਗੰਦਗੀ ਦਾ ਇਕ ਬੂੰਦ ਵੀ ਸਤਲੁਜ ਤੇ ਬਿਆਸ ਵਿਚ ਨਹੀਂ ਜਾਣ ਦੇਵਾਂਗੇ। ਉਹਨਾਂ ਕਿਹਾ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਉਹਨਾਂ ਕਿਹਾ ਕਿ ਮਾਲਵਾ ਪੱਟੀ ਵਿਚ ਕੈਂਸਰ ਦੇ ਖਾਤਮੇ ਵਾਸਤੇ ਇਸਦੇ ਸਰੋਤ ਨਾਲ ਨਜਿੱਠਣਾ ਜ਼ਰੂਰੀ ਹੈ।

ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਔਰਤਾਂ ਦੀ ਭਲਾਈ ਵਾਸਤੇ ਵਚਨਬੱਧ ਹੈ। ਉਹਨਾਂ ਕਿਹਾ ਕਿ ਅਸੀਂ ਗਰੀਬ ਵਰਗ ਦੀਆਂ ਧੀਆਂ ਵਾਸਤੇ ਸ਼ਗਨ ਸਕੀਮ ਤਹਿਤ ਰਾਸ਼ੀ ਵਧਾ ਕੇ 1 ਲੱਖ ਰੁਪਏ ਕਰਾਂਗੇ ਅਤੇ ਬੁਢਾਪਾ ਪੈਨਸ਼ਨ ਵਧਾ ਕੇ 3100 ਰੁਪਏ ਪ੍ਰਤੀ ਮਹੀਨਾ ਕਰਾਂਗੇ ਅਤੇ ਆਟਾ ਦਾਲ ਸਕੀਮ ਦੇ ਤਹਿਤ 4 ਰੁਪਏ ਕਿਲੋ ਆਟਾ ਅਤੇ 20 ਰੁਪਏ ਕਿਲੋ ਦਾਲ ਲਾਭਪਾਤਰੀਆਂ ਨੂੰ ਦੇਵਾਂਗੇ।

ਸਰਦਾਰ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਸੂਬੇ ਦੇ ਸਾਰੇ 13000 ਪਿੰਡਾਂ ਦਾ ਯੋਜਨਾਬੱਧ ਵਿਕਾਸ ਕੀਤਾ ਜਾਵੇਗਾ ਤੇ ਸਾਰੇ ਪਿੰਡਾਂ ਵਿਚ ਸ਼ਹਿਰਾਂ ਵਾਂਗੂ ਪੱਕੀਆਂ ਗਲੀਆਂ ਤੇ ਸੀਵਰੇਜ ਸਹੂਲਤ ਪ੍ਰਦਾਨ ਕੀਤੀ ਜਾਵੇਗੀ।

ਉਹਨਾਂ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਪਿਛਲੀ ਕਾਂਗਰਸ ਤੇ ਮੌਜੂਦਾ ਆਪ ਸਰਕਾਰ ਦੇ ਰਾਜ ਵਿਚ ਵਪਾਰੀਆਂ ਲਈ ਟੈਕਸ ਅਤਿਵਾਦ ਖਤਮ ਕਰ ਕੇ ਮੁੜ ’ਰਾਹਤ’ ਸਕੀਮ ਸ਼ੁਰੂ ਕਰੇਗੀ। ਸਰਦਾਰ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਨੌਜਵਾਨਾਂ ਨੂੰ ਬਿਨਾਂ ਵਿਆਜ਼ ਤੋਂ 10 ਲੱਖ ਰੁਪਏ ਦਾ ਕਰਜ਼ਾ ਦਿੱਤਾ ਜਾਵੇਗਾ ਤਾਂ ਜੋ ਉਹ ਉਦਮੀ ਬਣ ਸਕਣ ਅਤੇ ਹਰ ਜ਼ਿਲ੍ਹੇ ਵਿਚ ਇਕ ਮੈਡੀਕਲ ਤੇ ਵੈਟਨਰੀ ਕਾਲਜ ਸਥਾਪਿਤ ਕੀਤਾ ਜਾਵੇਗਾ।

ਇਸ ਮੌਕੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ, ਡਾ. ਦਲਜੀਤ ਸਿੰਘ ਚੀਮਾ, ਸੁੱਚਾ ਸਿੰਘ ਲੰਗਾਹ, ਗੁਰਇਕਬਾਲ ਸਿੰਘ ਮਾਹਲ, ਰਾਜਨਬੀਰ ਘੁੰਮਣ, ਰਮਨ ਸੰਧੂ, ਨਰੇਸ਼ ਮਹਾਜਨ ਤੇ ਕਮਲਜੀਤ ਚਾਵਲਾ ਅਤੇ ਸੰਦੀਪ ਸਿੰਘ ਲੋਧੀਨੰਗਲ  ਨੇ ਵੀ ਸੰਬੋਧਨ ਕੀਤਾ

Exit mobile version