ਸਿਹਤ ਸਹੂਲਤਾਂ ਅਤੇ ਕਾਨੂੰਨ ਵਿਵਸਥਾ ਵਿੱਚ ਸੁਧਾਰ ਦੀ ਮੰਗ ਕੀਤੀ
ਗੁਰਦਾਸਪੁਰ, 11 ਮਾਰਚ 2026 (ਮੰਨਣ ਸੈਣੀ)। ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵੱਲੋਂ ਵਿਧਾਨ ਸਭਾ ਵਿੱਚ ਹਲਕੇ ਨਾਲ ਸੰਬੰਧਿਤ ਅਹਿਮ ਮੁੱਦੇ ਚੁੱਕੇ ਗਏ। ਉਨ੍ਹਾਂ ਨੇ ਹਲਕੇ ਵਿੱਚ ਸਿਹਤ ਸਹੂਲਤਾਂ ਅਤੇ ਕਾਨੂੰਨ ਵਿਵਸਥਾ ਦੇ ਮੁੱਦੇ ਨੂੰ ਮਜ਼ਬੂਤੀ ਨਾਲ ਚੁੱਕਿਆ ਅਤੇ ਇਸ ਉੱਤੇ ਕਦਮ ਚੁੱਕਣ ਦੀ ਮੰਗ ਰੱਖੀ। ਇਸ ਦੇ ਨਾਲ ਹੀ ਬੀਤੇ ਸਮੇਂ ਵਿੱਚ ਗੁਰਦਾਸਪੁਰ ਵਿੱਚ ਹੋਏ ਗ੍ਰਨੇਡ ਹਮਲੇ ਦੌਰਾਨ ਜ਼ਖ਼ਮੀ ਹੋਏ ਲੋਕਾਂ ਨੂੰ ਮੁਆਵਜ਼ਾ ਦੇਣ ਦੀ ਵੀ ਮੰਗ ਰੱਖੀ।
ਵਿਧਾਇਕ ਪਾਹੜਾ ਨੇ ਕਿਹਾ ਕਿ ਗੁਰਦਾਸਪੁਰ ਜ਼ਿਲ੍ਹਾ ਹੈੱਡਕੁਆਰਟਰ ਉੱਤੇ ਸਥਿਤ ਸਿਵਲ ਹਸਪਤਾਲ ਵਿੱਚ ਚਾਰ ਸਾਲ ਪਹਿਲਾਂ 25 ਲੱਖ ਰੁਪਏ ਦੀ ਲਾਗਤ ਨਾਲ ਆਕਸੀਜਨ ਪਲਾਂਟ ਲਗਾਇਆ ਗਿਆ ਸੀ, ਜੋ ਬੰਦ ਪਿਆ ਹੈ ਅਤੇ ਸਾਰੀ ਆਕਸੀਜਨ ਬਾਹਰੋਂ ਖਰੀਦੀ ਜਾ ਰਹੀ ਹੈ। ਹੈੱਡਕੁਆਰਟਰ ਹੋਣ ਦੇ ਬਾਵਜੂਦ ਉੱਥੇ ਕ੍ਰਿਟੀਕਲ ਕੇਅਰ ਯੂਨਿਟ ਨਹੀਂ ਬਣਿਆ। ਆਈਸੀਯੂ ਅਤੇ ਵੈਂਟੀਲੇਟਰ ਦੀ ਸਹੂਲਤ ਨਹੀਂ ਹੈ। ਘੱਟੋ-ਘੱਟ ਜ਼ਿਲ੍ਹਾ ਹੈੱਡਕੁਆਰਟਰਾਂ ਉੱਤੇ ਸਥਿਤ ਸਾਰੇ ਹਸਪਤਾਲਾਂ ਵਿੱਚ ਸਹੂਲਤਾਂ ਉਪਲਬਧ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਲੋਕ ਪ੍ਰਾਈਵੇਟ ਦੀ ਬਜਾਏ ਸਰਕਾਰੀ ਹਸਪਤਾਲਾਂ ਤੋਂ ਆਪਣਾ ਇਲਾਜ ਕਰਵਾ ਸਕਣ ਅਤੇ ਸ਼ੋਸ਼ਣ ਤੋਂ ਬਚ ਸਕਣ।
ਉਨ੍ਹਾਂ ਕਿਹਾ ਕਿ ਗੁਰਦਾਸਪੁਰ ਵਿੱਚ ਕੂੜੇ ਲਈ ਜਗ੍ਹਾ ਹੋਣ ਦੇ ਬਾਵਜੂਦ ਉੱਥੇ ਕੂੜਾ ਨਹੀਂ ਸੁੱਟਣ ਦਿੱਤਾ ਜਾ ਰਿਹਾ। ਉਨ੍ਹਾਂ ਦਾ ਕਸੂਰ ਕੇਵਲ ਇਹ ਹੈ ਕਿ ਉਹ ਵਿਰੋਧੀ ਪਾਰਟੀ ਨਾਲ ਸੰਬੰਧਿਤ ਹਨ ਅਤੇ ਸਾਰੇ 29 ਪਾਰਸ਼ਦ ਉਨ੍ਹਾਂ ਦੀ ਪਾਰਟੀ ਨਾਲ ਸੰਬੰਧਿਤ ਹਨ। ਢਾਈ ਸਾਲ ਤੋਂ ਕੂੜੇ ਦਾ ਅਸੀਂ ਨਿੱਜੀ ਤੌਰ ਉੱਤੇ ਪ੍ਰਬੰਧ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਜੇਕਰ ਕੂੜੇ ਨੂੰ ਲੈ ਕੇ ਜਿਵੇਂ ਐੱਨਜੀਟੀ ਨੇ ਦੀਨਾਨਗਰ ਨਗਰ ਕੌਂਸਲ ਨੂੰ ਜੁਰਮਾਨਾ ਕੀਤਾ ਹੈ, ਜੇਕਰ ਉਵੇਂ ਹੀ ਗੁਰਦਾਸਪੁਰ ਨੂੰ ਕਰਦੀ ਹੈ ਤਾਂ ਉਸ ਦੀ ਜ਼ਿੰਮੇਵਾਰੀ ਡੀਸੀ ਗੁਰਦਾਸਪੁਰ, ਮੰਤਰੀ ਅਤੇ ਸਰਕਾਰ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦਾ ਦਾਅਵਾ ਹੈ ਕਿ 117 ਹਲਕਿਆਂ ਦੇ ਵਿਧਾਇਕਾਂ ਨੂੰ ਵਿਕਾਸ ਕਾਰਜਾਂ ਲਈ ਪੰਜ-ਪੰਜ ਕਰੋੜ ਰੁਪਏ ਦਿੱਤੇ ਗਏ ਹਨ, ਜਦਕਿ ਉਨ੍ਹਾਂ ਦੇ ਹਲਕੇ ਵਿੱਚ ਇੱਕ ਵੀ ਪੈਸਾ ਨਹੀਂ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਗੁਰਦਾਸਪੁਰ ਹਲਕੇ ਵਿੱਚ ਲਗਾਤਾਰ ਵੱਡੀਆਂ ਵਾਰਦਾਤਾਂ ਹੋ ਰਹੀਆਂ ਹਨ, ਜਦਕਿ ਪੁਲਿਸ ਹੱਥ ਉੱਤੇ ਹੱਥ ਧਰੀ ਬੈਠੀ ਹੈ। ਪਹਿਲੀ ਘਟਨਾ ਵਿੱਚ ਇੱਕ ਘਰ ਵਿੱਚੋਂ 80 ਲੱਖ ਰੁਪਏ ਦੀ ਚੋਰੀ ਹੋਈ। ਦੂਜੀ ਘਟਨਾ ਵਿੱਚ ਇੱਕ ਸੁਨਿਆਰੇ ਦੇ ਘਰ ਡੇਢ ਕਰੋੜ ਰੁਪਏ ਦੀ ਚੋਰੀ ਹੋਈ। ਪੰਜ ਦਿਨ ਪਹਿਲਾਂ ਪਰਿਵਾਰ ਨੂੰ ਬੰਨ੍ਹ ਕੇ ਕਰੀਬ ਸੱਤ ਕਰੋੜ ਰੁਪਏ ਦਾ ਡਾਕਾ ਮਾਰਿਆ ਗਿਆ, ਜਿਸ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਭ ਤੋਂ ਵੱਧ ਟੈਕਸ ਦੇਣ ਵਾਲੇ ਵਪਾਰੀਆਂ ਨੂੰ ਸਰਕਾਰ ਸੁਰੱਖਿਆ ਮੁਹੱਈਆ ਨਹੀਂ ਕਰਵਾ ਪਾ ਰਹੀ।
ਇਸ ਤੋਂ ਇਲਾਵਾ ਗੁਰਦਾਸਪੁਰ ਦੇ ਥਾਣਾ ਸਿਟੀ ਦੇ ਬਾਹਰ ਗ੍ਰਨੇਡ ਹਮਲਾ ਹੋਇਆ, ਜਿਸ ਉੱਤੇ 15 ਦਿਨ ਪੁਲਿਸ ਨੂੰ ਮਨਾਉਣ ਵਿੱਚ ਲੱਗ ਗਏ ਕਿ ਬੰਬ ਫਟਿਆ ਹੈ, ਜਦਕਿ ਪੁਲਿਸ ਇਹੀ ਕਹਿੰਦੀ ਰਹੀ ਕਿ ਟਾਇਰ ਫਟਿਆ ਹੈ। ਉਕਤ ਬੰਬ ਹਮਲੇ ਵਿੱਚ ਜੋ ਔਰਤ ਜ਼ਖ਼ਮੀ ਹੋਈ, ਉਸ ਦੇ ਸਰੀਰ ਵਿੱਚ ਅਜੇ ਤੱਕ 60 ਤੋਂ 70 ਛਰ੍ਹੇ ਮੌਜੂਦ ਹਨ, ਜੋ ਕੱਢੇ ਨਹੀਂ ਜਾ ਸਕਦੇ। ਜਦਕਿ ਇੱਕ ਹੋਰ ਵਿਅਕਤੀ ਦੀ ਇੱਕ ਅੱਖ ਪੂਰੀ ਤਰ੍ਹਾਂ ਖ਼ਰਾਬ ਹੋ ਗਈ ਹੈ। ਪਰ ਅਜੇ ਤੱਕ ਸਰਕਾਰ ਵੱਲੋਂ ਕਿਸੇ ਨੇ ਵੀ ਉਕਤ ਦੋਵਾਂ ਪਰਿਵਾਰਾਂ ਨਾਲ ਕੋਈ ਮੁਲਾਕਾਤ ਨਹੀਂ ਕੀਤੀ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਮੁਆਵਜ਼ਾ ਦਿੱਤਾ ਗਿਆ ਹੈ।
