ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ ਵੱਲੋਂ ਗੈਸ ਏਜੰਸੀਆਂ, ਪੈਟਰੋਲ ਪੰਪ ਮਾਲਕਾਂ ਅਤੇ ਅਧਿਕਾਰੀਆਂ ਨਾਲ ਮੀਟਿੰਗ

ਪੈਟਰੋਲ, ਡੀਜ਼ਲ ਅਤੇ ਐਲ.ਪੀ.ਜੀ. ਗੈਸ ਦੀ ਕਾਲਾਬਾਜ਼ਾਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ

ਜ਼ਿਲ੍ਹੇ ਵਿੱਚ ਘਰੇਲੂ ਗੈਸ ਸਿਲੰਡਰਾਂ ਅਤੇ ਪੈਟਰੋਲ-ਡੀਜ਼ਲ ਦੀ ਨਿਰੰਤਰ ਸਪਲਾਈ ਲਈ ਲੋੜੀਂਦਾ ਸਟਾਕ ਉਪਲਬਧ

ਗੁਰਦਾਸਪੁਰ, 11 ਮਾਰਚ 2026 (ਮੰਨਣ ਸੈਣੀ)। ਸ੍ਰੀ ਆਦਿੱਤਿਆ ਉੱਪਲ, ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਅੱਜ ਜ਼ਿਲ੍ਹਾ ਗੁਰਦਾਸਪੁਰ ਅਧੀਨ ਆਉਂਦੀਆਂ ਗੈਸ ਏਜੰਸੀਆਂ ਦੇ ਡਿਸਟਰੀਬਿਊਟਰਾਂ ਅਤੇ ਪੈਟਰੋਲ ਪੰਪ ਮਾਲਕਾਂ ਨਾਲ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਗਈ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵਲੋਂ ਸਮੂਹ ਗੈਸ ਏਜੰਸੀਆਂ ਅਤੇ ਪੈਟਰੋਲ ਪੰਪ ਮਾਲਕਾਂ ਨੂੰ ਹਦਾਇਤ ਕੀਤੀ ਗਈ ਕਿ ਮੌਜੂਦਾ ਸਮੇਂ ਖਾੜੀ ਖੇਤਰ ਦੇ ਦੇਸ਼ਾਂ ਵਿੱਚ ਬਣ ਰਹੇ ਜੰਗੀ ਤਣਾਅ ਦੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੋਟਰ ਵਾਹਨਾਂ ਲਈ ਪੈਟਰੋਲ/ਡੀਜ਼ਲ ਅਤੇ ਘਰੇਲੂ ਖਪਤਕਾਰਾਂ ਦੀ ਵਰਤੋਂ ਲਈ ਐਲ.ਪੀ.ਜੀ. (LPG) ਗੈਸ ਸਿਲੰਡਰਾਂ ਦੀ ਨਿਰੰਤਰ ਸਪਲਾਈ ਯਕੀਨੀ ਬਣਾਈ ਜਾਵੇ।

ਉਨ੍ਹਾਂ ਨੇ ਕਿਹਾ ਕਿ ਅਜਿਹੇ ਹਾਲਾਤਾਂ ਵਿੱਚ ਪੈਟਰੋਲ, ਡੀਜ਼ਲ ਅਤੇ ਐਲ.ਪੀ.ਜੀ. ਗੈਸ ਦੀ ਚੋਰੀ ਜਾਂ ਕਾਲਾਬਾਜ਼ਾਰੀ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਵੱਲੋਂ ਸਖ਼ਤ ਹਦਾਇਤ ਕੀਤੀ ਗਈ ਕਿ ਜੇਕਰ ਕੋਈ ਵੀ ਡਿਸਟਰੀਬਿਊਟਰ ਬਲੈਕ ਮਾਰਕਿਟਿੰਗ ਕਰਦਾ ਫੜਿਆ ਗਿਆ ਤਾਂ ਉਸਦੇ ਖ਼ਿਲਾਫ਼ ਤੁਰੰਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਇਸ ਮੌਕੇ ਉਨ੍ਹਾਂ ਵੱਲੋਂ ਆਮ ਜਨਤਾ ਨੂੰ ਵੀ ਅਪੀਲ ਕੀਤੀ ਗਈ ਕਿ ਘਰੇਲੂ ਗੈਸ ਸਿਲੰਡਰਾਂ ਅਤੇ ਪੈਟਰੋਲ-ਡੀਜ਼ਲ ਦੀ ਨਿਰੰਤਰ ਸਪਲਾਈ ਲਈ ਜ਼ਿਲ੍ਹਾ ਗੁਰਦਾਸਪੁਰ ਅਧੀਨ ਆਉਂਦੀਆਂ ਗੈਸ ਏਜੰਸੀਆਂ ਅਤੇ ਪੈਟਰੋਲ ਪੰਪਾਂ ‘ਤੇ ਲੋੜੀਂਦਾ ਸਟਾਕ ਉਪਲਬਧ ਹੈ। ਇਸ ਲਈ ਲੋਕ ਆਪਣੀ ਜ਼ਰੂਰਤ ਅਨੁਸਾਰ ਪਹਿਲਾਂ ਵਾਂਗ ਹੀ ਆਪਣੀ ਬੁਕਿੰਗ ਕਰਵਾਉਣ।

ਇਸ ਮੌਕੇ ਗੁਰਸਿਮਰਨ ਸਿੰਘ ਢਿੱਲੋਂ ਵਧੀਕ ਡਿਪਟੀ ਕਮਿਸ਼ਨਰ (ਜ), ਗੁਰਪ੍ਰੀਤ ਸਿੰਘ ਗਿੱਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਚੇਅਰਮੈਨ ਰਾਜੀਵ ਸ਼ਰਮਾ, ਹਲਕਾ ਇੰਚਾਰਜ ਰਮਨ ਬਹਿਲ, ਗੈਸ ਏਜੰਸੀਆਂ ਅਤੇ ਪੈਟਰੋਲ ਪੰਪ ਦੇ ਮਾਲਕ, ਰਾਜ ਰਿਸ਼ੀ ਮਹਿਰਾ ਡੀ.ਐਫ.ਐਸ.ਸੀ. ਗੁਰਦਾਸਪੁਰ, ਅਸ਼ੋਕ ਕੁਮਾਰ, ਇੰਸਪੈਕਟਰ ਖੁਰਾਕ ਤੇ ਸਪਲਾਈ ਵਿਭਾਗ ਗੁਰਦਾਸਪੁਰ ਅਤੇ ਬਾਵੇਸ਼, ਸੇਲਜ਼ ਅਫ਼ਸਰ, ਰਿਟੇਲ ਆਉਟਲੈਟ ਗੁਰਦਾਸਪੁਰ ਆਦਿ ਵੀ ਹਾਜ਼ਰ ਸਨ।

Exit mobile version