ਹਰਜੋਤ ਸਿੰਘ ਬੈਂਸ ਨੇ ਵਿੱਤ ਮੰਤਰੀ ਚੀਮਾ ਵਿਰੁੱਧ ਅਪਮਾਨਜਨਕ ਟਿੱਪਣੀ ਕਰਨ ‘ਤੇ ਸੁਖਪਾਲ ਖਹਿਰਾ ਨੂੰ ਕਰੜੇ ਹੱਥੀਂ ਲਿਆ

ਵਿੱਤ ਮੰਤਰੀ ਨੂੰ “ਬੰਧੂਆ ਮਜ਼ਦੂਰ” ਕਹਿਣਾ ਸਿਰਫ਼ ਇੱਕ ਵਿਅਕਤੀ ਦਾ ਨਹੀਂ ਸਗੋਂ ਸਾਰੇ ਦਲਿਤ ਭਾਈਚਾਰੇ ਅਤੇ ਵਕੀਲ ਭਾਈਚਾਰੇ ਦਾ ਅਪਮਾਨ ਹੈ: ਹਰਜੋਤ ਬੈਂਸ

ਚੰਡੀਗੜ੍ਹ, 10 ਮਾਰਚ 2026 (ਦੀ ਪੰਜਾਬ ਵਾਇਰ)– ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਿਰੁੱਧ ਅਪਮਾਨਜਨਕ ਟਿੱਪਣੀ ਲਈ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਤੇ ਤਿੱਖਾ ਹਮਲਾ ਕਰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਸ ਟਿੱਪਣੀ ਨੇ ਕਾਂਗਰਸ ਪਾਰਟੀ ਦੀ “ਜਾਗੀਰਵਾਦੀ ਅਤੇ ਜਾਤੀਵਾਦੀ ਭਾਰੂ ਮਾਨਸਿਕਤਾ” ਨੂੰ ਨੰਗਾ ਕਰ ਦਿੱਤਾ ਹੈ।

ਅੱਜ ਪੰਜਾਬ ਵਿਧਾਨ ਸਭਾ ਵਿੱਚ ਸਦਨ ਨੂੰ ਸੰਬੋਧਨ ਕਰਦਿਆਂ ਸ. ਬੈਂਸ ਨੇ ਕਿਹਾ, “ਪਿਛਲੇ ਚਾਰ ਸਾਲਾਂ ਤੋਂ ਪੰਜਾਬੀਆਂ ਦੀਆਂ ਮੰਗਾਂ ਨੂੰ ਸਫਲਤਾਪੂਰਵਕ ਪੂਰਾ ਕਰਨ ਲਈ ਸੰਘਰਸ਼ ਕਰਨ ਵਾਲੇ ਪੇਸ਼ੇ ਤੋਂ ਵਕੀਲ, ਸੰਗਰੂਰ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ, ਵਿਰੋਧੀ ਧਿਰ ਦੇ ਸਾਬਕਾ ਨੇਤਾ ਅਤੇ ਦਲਿਤ ਭਾਈਚਾਰੇ ਦੇ ਪੁੱਤਰ, ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੂੰ “ਬੰਧੂਆ ਮਜ਼ਦੂਰ” ਕਹਿ ਕੇ ਇੱਕ ਵਿਅਕਤੀ ਦਾ ਹੀ ਨਹੀਂ ਸਗੋਂ ਪੂਰੇ ਦਲਿਤ ਭਾਈਚਾਰੇ ਅਤੇ ਵਕੀਲ ਭਾਈਚਾਰੇ ਦਾ ਅਪਮਾਨ ਕੀਤਾ ਗਿਆ ਹੈ। ਇਹ ਇਸ ਧਰਤੀ ਦੇ ਹਰ ਪੁੱਤਰ ਅਤੇ ਧੀ ਦਾ ਅਪਮਾਨ ਹੈ ਜੋ ਅਮੀਰ ਪਿਛੋਕੜ ਤੋਂ ਬਿਨਾਂ ਹੀ ਆਪਣੀ ਮਿਹਨਤ ਨਾਲ ਸੰਘਰਸ਼ ਕਰਕੇ ਗਰੀਬੀ ਵਿੱਚੋਂ ਉੱਠੇ ਹਨ।”

ਕਾਂਗਰਸੀ ਆਗੂ ਅਤੇ ਆਪਮੰਤਰੀ ਦਰਮਿਆਨ ਅਸਲੀ ਫਰਕ ਤੇ ਚਾਨਣਾ ਪਾਉਂਦਿਆਂ ਸ. ਹਰਜੋਤ ਬੈਂਸ ਨੇ ਇਸ ਟਿੱਪਣੀ ਪਿੱਛੇ ਛੁੱਪੇ ਹੋਏ ਵਰਗ ਅਤੇ ਜਾਤੀ ਪੱਖਪਾਤ ਨੂੰ ਉਜਾਗਰ ਕੀਤਾ। ਜਿਸ ਵਿਅਕਤੀ ਨੇ ਇਹ ਬਿਆਨ ਦਿੱਤਾ ਹੈ ਉਸ ਨੂੰ ਦੌਲਤ ਵਿਰਾਸਤ ਵਿੱਚ ਮਿਲੀ ਹੈ। ਇਸ ਜਗੀਰਦਾਰੀ ਮਾਨਸਿਕਤਾ ਨੂੰ ਇਹ ਹਜ਼ਮ ਨਹੀਂ ਆ ਰਿਹਾ ਕਿ ਇੱਕ ਦਲਿਤ ਹੁਣ ਪੰਜਾਬ ਦੇ ਵਿੱਤ ਵਿਭਾਗ ਸੰਭਾਲ ਰਿਹਾ ਹੈ ਅਤੇ ਇੱਕ ਆਮ ਪਿਛੋਕੜ ਵਾਲਾ ਸੱਤਾ ਸੰਭਾਲ ਰਿਹਾ ਹੈ। ਕਾਂਗਰਸੀਆਂ ਦੀ ਇਹ ਮਾਨਸਿਕਤਾ ਸਾਰਿਆਂ ਦੇ ਸਾਹਮਣੇ ਪੂਰੀ ਤਰ੍ਹਾਂ ਬੇਨਕਾਬ ਹੋ ਗਈ ਹੈ।

ਸ. ਹਰਜੋਤ ਬੈਂਸ ਨੇ ਕਾਂਗਰਸੀ ਆਗੂ ਨੂੰ ਪੁੱਛਿਆ, “ਤੁਹਾਨੂੰ ਕੀ ਪਰੇਸ਼ਾਨੀ ਹੈ? ਕਿ ਉਹ ਸਾਦੇ ਕੱਪੜੇ ਪਾਉਂਦੇ ਹਨ? ਕਿ ਉਹ ਤੁਹਾਡੇ ਵਾਂਗ ਮਹਿੰਗੇ ਸੂਟ ਨਹੀਂ ਪਾਉਂਦੇ? ਕਿ ਉਹ ਅੰਗਰੇਜ਼ੀ ਨਹੀਂ ਬੋਲਦੇ? ਇਹ ਤੁਹਾਡਾ ਜਗੀਰੂ ਹੰਕਾਰ ਹੈ ਕਿ ਸਿਰਫ ਉਹੀ ਲੋਕ ਸਤਿਕਾਰ ਅਤੇ ਸਨਮਾਨ ਦੇ ਹੱਕਦਾਰ ਹਨ ਜੋ ਤੁਹਾਡੇ ਵਾਂਗ ਕੱਪੜੇ ਪਾਉਂਦੇ ਹਨ, ਤੁਹਾਡੇ ਵਾਂਗ ਬੋਲਦੇ ਹਨ ਅਤੇ ਤੁਹਾਡੇ ਵਰਗੇ ਪਿਛੋਕੜ ਤੋਂ ਹਨ।”

ਵਿੱਤ ਮੰਤਰੀ ਚੀਮਾ ਦੀਆਂ ਪ੍ਰਾਪਤੀਆਂ ਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਸ. ਹਰਪਾਲ ਸਿੰਘ ਚੀਮਾ ਨੇ ਆਪਣਾ ਚੌਥਾ ਬਜਟ ਪੇਸ਼ ਕੀਤਾ ਹੈ। ਉਨ੍ਹਾਂ ਦੀ ਅਗਵਾਈ ਹੇਠ ਪੰਜਾਬ ਨੇ ਵਿੱਤੀ ਹਲਕਿਆਂ ਚ ਬਹੁਤ ਨਾਮਣਾ ਖੱਟਿਆ ਹੈ। ਉਨ੍ਹਾਂ ਪਿਛਲੇ ਚਾਰ ਸਾਲਾਂ ਵਿੱਚ ਹਰ ਘਰ ਤੱਕ ਮੁਫ਼ਤ ਬਿਜਲੀ ਪਹੁੰਚਣਾ, ਹਰ ਪਰਿਵਾਰ ਨੂੰ 10 ਲੱਖ ਰੁਪਏ ਦੀ ਸਿਹਤ ਬੀਮਾ ਗਰੰਟੀ ਦੇਣਾ, ਹਰ ਯੋਗ ਵਿਦਿਆਰਥੀ ਤੱਕ ਵਜ਼ੀਫ਼ੇ ਪਹੁੰਚਣਾ ਯਕੀਨੀ ਬਣਾਉਣ ਦੇ ਨਾਲ-ਨਾਲ ਸਰਕਾਰੀ ਸਕੂਲਾਂ ਦੀ ਕਾਇਆਕਲਪ ਨੂੰ ਯਕੀਨੀ ਬਣਾਇਆ ਹੈ।

ਇੱਕ ਪਿੰਡ ਦੇ ਆਪਣੇ ਦੌਰੇ ਦੇ ਇੱਕ ਦਰਦਨਾਕ ਪਲ ਨੂੰ ਯਾਦ ਕਰਦਿਆਂ ਉਨ੍ਹਾਂ ਸਾਂਝਾ ਕੀਤਾ ਕਿ ਇੱਕ ਬਜ਼ੁਰਗ ਦਲਿਤ ਔਰਤ ਨੇ ਮੈਨੂੰ ਕਿਹਾ ਕਿ ਉਸਨੇ ਰਾਮ ਰਾਜ ਬਾਰੇ ਸੁਣਿਆ ਸੀ। ਅੱਜ ਉਸਨੇ ਇਸਨੂੰ ਆਪਣੀਆਂ ਅੱਖਾਂ ਨਾਲ ਦੇਖਿਆ ਹੈ ਕਿਉਂਕਿ ਸੂਬੇ ਦੇ ਲੋਕ ਮੁਫ਼ਤ ਬਿਜਲੀ ਅਤੇ 10 ਲੱਖ ਰੁਪਏ ਦੀ ਸਿਹਤ ਗਰੰਟੀ ਦਾ ਲਾਭ ਉਠਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਧਨਾਢ ਆਗੂਆਂ ਦੀ ਨਫ਼ਰਤ, ਅਪਮਾਨ ਅਤੇ ਹੰਕਾਰ ਦੇ ਬਾਵਜੂਦ ਲੋਕ ਅਜੇ ਵੀ ਖੁਸ਼ ਹਨ। ਇਹੀ ਗੱਲ ਵਿਰੋਧੀ ਧਿਰ ਨੂੰ ਸਭ ਤੋਂ ਵੱਧ ਨਿਰਾਸ਼ ਕਰ ਰਹੀ ਹੈ।

ਉਨ੍ਹਾਂ ਇੱਕ ਕਾਂਗਰਸੀ ਆਗੂ ਦੀਆਂ ਪਿਛਲੀਆਂ ਉਦਾਹਰਣਾਂ ਨੂੰ ਯਾਦ ਕੀਤਾ ਜਿੱਥੇ ਪਾਰਟੀ ਦੀ ਧਨਾਢ ਮਾਨਸਿਕਤਾ ਦਾ ਪਰਦਾਫਾਸ਼ ਹੋਇਆ ਹੈ। ਸ. ਬੈਂਸ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੇ ਇੱਕ ਆਬਕਾਰੀ ਅਤੇ ਕਰ ਅਧਿਕਾਰੀ, ਜਿਨ੍ਹਾਂ ਨੇ ਰਾਜਨੀਤੀ ਵਿੱਚ ਆਉਣ ਲਈ ਆਪਣੀ ਸਰਕਾਰੀ ਨੌਕਰੀ ਛੱਡ ਦਿੱਤੀ ਸੀ, ਨੂੰ ਬੈਂਡ ਬਾਜੇ ਵਾਲਾਕਿਹਾ ਕਿਉਂਕਿ ਉਸਦੇ ਪਿਤਾ ਵਿਆਹਾਂ ਚ ਬੈਂਡ ਵਜਾਉਂਦੇ ਸਨ। ਉਨ੍ਹਾਂ ਸਵਾਲ ਕੀਤਾ ਕਿ ਕੀ ਵਿਆਹਾਂ ਵਿੱਚ ਵਜਾਉਣਾ ਇੱਕ ਅਪਰਾਧ ਹੈ? ਹੁਣ ਉਹ ਸੰਘਰਸ਼ ਵਿੱਚੋਂ ਉੱਭਰੇ ਇੱਕ ਦਲਿਤ ਵਕੀਲ ਨੂੰ ਬੰਧੂਆ ਮਜ਼ਦੂਰਕਹਿ ਰਹੇ ਹਨ। ਇਹ ਉਦਾਹਰਣਾਂ ਵਿਰੋਧੀ ਧਿਰ ਦੀ ਸੌੜੀ ਮਾਨਸਿਕਤਾ ਨੂੰ ਦਰਸਾਉਂਦੀਆਂ ਹਨ। ਜਿਹੜਾ ਉਨ੍ਹਾਂ ਦੇ ਜਗੀਰੂ, ਉੱਚ-ਜਾਤੀ ਪਿਛੋਕੜ ਤੋਂ ਨਹੀਂ ਆਉਂਦਾ, ਉਸ ਨੂੰ ਉਨ੍ਹਾਂ ਵੱਲੋਂ ਕੀਤਾ ਅਪਮਾਨ ਝੱਲਣਾ ਪੈਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਅਜਿਹੇ ਵਤੀਰੇ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ।

Exit mobile version