ਗੁਰਦਾਸਪੁਰ ਵਿੱਚ 12 ਦਿਨਾਂ ਮਗਰੋਂ ਹੋਇਆ ਮੁਕਾਬਲੇ ਵਿੱਚ ਮਾਰੇ ਗਏ ਰਣਜੀਤ ਸਿੰਘ ਦਾ ਅੰਤਿਮ ਸੰਸਕਾਰ

ਗੁਰਦਾਸਪੁਰ, 9 ਮਾਰਚ 2026 (ਮੰਨਣ ਸੈਣੀ)। ਆਦੀਆਂ ਪੁਲਿਸ ਚੈੱਕ ਪੋਸਟ ‘ਤੇ ਦੋ ਪੁਲਿਸ ਮੁਲਾਜ਼ਮਾਂ ਨੂੰ ਗੋਲੀ ਮਾਰ ਕੇ ਸ਼ਹੀਦ ਕਰਨ ਦੇ ਦੋਸ਼ੀ ਰਣਜੀਤ ਸਿੰਘ ਦਾ ਅੱਜ ਸੋਮਵਾਰ ਨੂੰ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਰੰਜੀਤ ਸਿੰਘ 25 ਫਰਵਰੀ ਨੂੰ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ। ਪਹਿਲਾਂ ਪਰਿਵਾਰ ਉਸਦਾ ਪੋਸਟਮਾਰਟਮ ਨਾ ਕਰਵਾਉਣ ਦੀ ਜ਼ਿੱਦ ‘ਤੇ ਅੜਿਆ ਹੋਇਆ ਸੀ। ਪੰਜ ਮਾਰਚ ਨੂੰ ਕੋਰਟ ਦੇ ਆਦੇਸ਼ਾ ਤੇ ਉਸਦਾ ਪੋਸਟਮਾਰਟਮ ਹੋ ਗਿਆ ਸੀ, ਪਰ ਪਰਿਵਾਰ ਅੰਤਿਮ ਸੰਸਕਾਰ ਨਾ ਕਰਨ ਦੀ ਜ਼ਿੱਦ ‘ਤੇ ਅੜਿਆ ਹੋਇਆ ਸੀ। ਐਤਵਾਰ ਨੂੰ ਪਰਿਵਾਰ ਨੇ ਦੇਹ ਦੀ ਹਾਲਤ ਨੂੰ ਦੇਖਦੇ ਹੋਏ ਅੰਤਿਮ ਸੰਸਕਾਰ ਕਰਨ ਦਾ ਫ਼ੈਸਲਾ ਕੀਤਾ।

ਦੱਸਣਯੋਗ ਹੈ ਕਿ ਪੁਲਿਸ ਨੇ ਆਦੀਆਂ ਨਾਕੇ ਉੱਤੇ ਦੋ ਜਵਾਨਾਂ ਨੂੰ ਗੋਲੀਆਂ ਮਾਰਨ ਦੇ ਮਾਮਲੇ ਵਿੱਚ ਤਿੰਨ ਹੋਰ ਬੰਦੇ ਫੜੇ ਹਨ, ਜਦੋਂ ਕਿ ਰਣਜੀਤ ਸਿੰਘ ਮੁਕਾਬਲੇ ਵਿੱਚ ਮਾਰਿਆ ਜਾ ਚੁੱਕਾ ਸੀ। ਪਰਿਵਾਰ ਨੇ ਸਸਕਾਰ ਨਾ ਕਰਨ ਦਾ ਹੋਕਾ ਦਿੱਤਾ ਸੀ, ਪਰ ਦੇਹ ਦੀ ਹਾਲਤ ਦਿਨੋ-ਦਿਨ ਖ਼ਰਾਬ ਹੁੰਦੀ ਵੇਖ ਕੇ ਪਰਿਵਾਰ ਅਤੇ ਜਥੇਬੰਦੀਆਂ ਨੇ ਸੋਮਵਾਰ ਨੂੰ ਸੰਸਕਾਰ ਕਰ ਦਿੱਤਾ। ਰਣਜੀਤ ਸਿੰਘ ਕੁਆਰਾ ਸੀ। ਪਿੰਡ ਦੇ ਸ਼ਮਸ਼ਾਨਘਾਟ ਵਿੱਚ ਉਸਦਾ ਅੰਤਿਮ ਸੰਸਕਾਰ ਹੋਇਆ। ਇਸ ਮੌਕੇ ਢੇਰ ਸਾਰੀਆਂ ਜਥੇਬੰਦੀਆਂ ਦੇ ਆਗੂ ਅਤੇ ਪਿੰਡ ਵਾਸੀ ਮ੍ਰਿਤਕ ਦੇ ਘਰ ਇਕੱਠੇ ਹੋਏ। ਟੱਬਰ ਅਤੇ ਜਥੇਬੰਦੀਆਂ ਦੇ ਆਗੂਆਂ ਨੇ ਸਾਫ਼ ਕਿਹਾ ਕਿ ਇਨਸਾਫ਼ ਲਈ ਲੜਾਈ ਜਾਰੀ ਰਹੇਗੀ ਅਤੇ ਅਗਲਾ ਕਦਮ 16 ਮਾਰਚ ਨੂੰ ਰਣਜੀਤ ਸਿੰਘ ਦੇ ਭੋਗ ਵਾਲੇ ਦਿਨ ਤੈਅ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਹੋਮਗਾਰਡ ਜਵਾਨ ਅਸ਼ੋਕ ਕੁਮਾਰ ਅਤੇ ਏਐੱਸਆਈ ਗੁਰਨਾਮ ਸਿੰਘ ਨੂੰ ਆਦੀਆਂ ਪੁਲਿਸ ਨਾਕੇ ਉੱਤੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਪੁਲਿਸ ਨੇ ਦੋਸ਼ੀ ਦਿਲਾਵਰ ਸਿੰਘ ਵਾਸੀ ਆਲੀਨੰਗਲ ਨੂੰ ਦਬੋਚਿਆ ਸੀ, ਜਿਸਨੇ ਪੁੱਛਗਿੱਛ ਵਿੱਚ ਉਗਲਿਆ ਕਿ ਕਤਲ ਆਦੀਆਂ ਦੇ ਰਣਜੀਤ ਸਿੰਘ ਅਤੇ ਇੰਦਰਜੀਤ ਸਿੰਘ ਨੇ ਕੀਤੇ ਸਨ। ਮਗਰੋਂ ਪੁਲਿਸ ਨੇ ਰਣਜੀਤ ਸਿੰਘ ਨੂੰ ਦਬੋਚ ਲਿਆ, ਜੋ ਬਾਅਦ ਵਿੱਚ ਮੁਕਾਬਲੇ ਵਿੱਚ ਮਾਰਿਆ ਗਿਆ। ਫਿਰ ਤੀਜੇ ਦੋਸ਼ੀ ਇੰਦਰਜੀਤ ਸਿੰਘ ਨੂੰ ਅੰਮ੍ਰਿਤਸਰੋਂ ਫੜ ਲਿਆ ਗਿਆ। ਉਸ ਤੋਂ ਬਾਅਦ ਇੰਦਰਜੀਤ ਦੇ ਭਰਾ ਸਵਰਨ ਸਿੰਘ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕਰਕੇ ਕਾਬੂ ਕਰ ਲਿਆ ਗਿਆ। ਹੁਣ ਸਾਰੇ ਦੋਸ਼ੀ ਪੁਲਿਸ ਹਵਾਲੇ ਵਿੱਚ ਹਨ।

Exit mobile version