ਸਰਕਾਰੀ ਕਾਲਜ ਗੁਰਦਾਸਪੁਰ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ

30 ਉੱਦਮੀ ਮਹਿਲਾਵਾਂ ਨੂੰ ਕੀਤਾ ਸਨਮਾਨਿਤ

ਗੁਰਦਾਸਪੁਰ, 8 ਮਾਰਚ2026 (ਮੰਨਨ ਸੈਣੀ) –ਸਮਾਜਿਕ ਅਤੇ ਆਰਥਿਕ ਵਿਕਾਸ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਸਰਕਾਰੀ ਕਾਲਜ ਗੁਰਦਾਸਪੁਰ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਗੁਰਦਾਸਪੁਰ ਜ਼ਿਲ੍ਹੇ ਦੀਆਂ ਵੱਖ-ਵੱਖ ਖੇਤਰਾਂ ਵਿੱਚ ਵਿਲੱਖਣ ਸੇਵਾਵਾਂ ਨਿਭਾਉਣ ਵਾਲੀਆਂ ਉੱਦਮੀ ਅਤੇ ਪ੍ਰਤਿਸ਼ਠਿਤ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਗਿਆ।ਇਹ ਸਮਾਗਮ ਕਾਲਜ ਦੇ ਮਿਨੀ ਆਡੀਟੋਰੀਅਮ ਵਿੱਚ ਬਹੁਤ ਹੀ ਉਤਸ਼ਾਹਪੂਰਣ ਮਾਹੌਲ ਵਿੱਚ ਕਰਵਾਇਆ ਗਿਆ ਜਿਸ ਵਿੱਚ ਸਿੱਖਿਆ, ਸਿਹਤ, ਪ੍ਰਸ਼ਾਸਨ, ਸਮਾਜ ਸੇਵਾ ਅਤੇ ਹੋਰ ਖੇਤਰਾਂ ਨਾਲ ਸੰਬੰਧਿਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਭਾਗ ਲਿਆ।ਇਸ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਡਾ. ਪੁਸ਼ਪਿੰਦਰ ਕੌਰ ਵਾਲੀਆ, ਪ੍ਰਿੰਸੀਪਲ ਬੀਬੀਕੇ ਡੀਏਵੀ ਕਾਲਜ ਫਾਰ ਗਰਲਜ਼ ਅੰਮ੍ਰਿਤਸਰ ਹਾਜ਼ਰ ਰਹੇ।

ਆਪਣੇ ਸੰਬੋਧਨ ਵਿੱਚ ਡਾ. ਪੁਸ਼ਪਿੰਦਰ ਕੌਰ ਵਾਲੀਆ ਨੇ ਆਪਣੇ ਵਿਸ਼ਾਲ ਤਜ਼ੁਰਬੇ ਸਾਂਝੇ ਕਰਦਿਆਂ ਕਿਹਾ ਕਿ ਮਹਿਲਾਵਾਂ ਦੀ ਸਮਾਜ ਦੇ ਹਰ ਖੇਤਰ ਵਿੱਚ ਭਾਗੀਦਾਰੀ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਖ਼ਾਸ ਤੌਰ ਤੇ ਮਹਿਲਾਵਾਂ ਦੀ ਰਾਜਨੀਤੀ ਵਿੱਚ ਸਕ੍ਰਿਅ ਭਾਗੀਦਾਰੀ ਅਤੇ ਲੜਕੀਆਂ ਦੀ ਸਿੱਖਿਆ ਨੂੰ ਪ੍ਰੋਤਸਾਹਿਤ ਕਰਨ ਉਤੇ ਜ਼ੋਰ ਦਿੱਤਾ।ਇਸ ਮੌਕੇ ਸਰਕਾਰੀ ਕਾਲਜ ਗੁਰਦਾਸਪੁਰ ਦੇ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਭੱਲਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਹਿਲਾਵਾਂ ਦਾ ਸਮਾਜ ਦੇ ਹਰ ਖੇਤਰ ਵਿੱਚ ਯੋਗਦਾਨ ਬੇਮਿਸਾਲ ਹੈ ਅਤੇ ਸਮਾਜ ਦੇ ਸਮੂਹਿਕ ਵਿਕਾਸ ਲਈ ਮਹਿਲਾਵਾਂ ਦੀ ਭਾਗੀਦਾਰੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਰੰਗਲਾ ਅਤੇ ਪ੍ਰੋਗਰੈਸਿਵ ਪੰਜਾਬ ਬਣਾਉਣ ਲਈ ਮਹਿਲਾਵਾਂ ਦੀ ਸਰਗਰਮ ਭੂਮਿਕਾ ਅਤਿ ਮਹੱਤਵਪੂਰਨ ਹੈ।ਡਾ. ਭੱਲਾ ਨੇ ਆਪਣੇ ਭਾਸ਼ਣ ਦੌਰਾਨ ਮਹਿਲਾਵਾਂ ਦੀ ਤਰੱਕੀ ਨਾਲ ਜੁੜੇ ਕਈ ਮਹੱਤਵਪੂਰਨ ਆਂਕੜੇ ਵੀ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਉੱਚ ਸਿੱਖਿਆ ਵਿੱਚ ਲਗਭਗ 49 ਫ਼ੀਸਦੀ ਵਿਦਿਆਰਥੀ ਮਹਿਲਾਵਾਂ ਹਨ, ਜਦਕਿ ਕਾਲਜ ਅਤੇ ਯੂਨੀਵਰਸਿਟੀ ਅਧਿਆਪਕਾਂ ਵਿੱਚ ਲਗਭਗ 43 ਫ਼ੀਸਦੀ ਮਹਿਲਾਵਾਂ ਆਪਣੀਆਂ ਸੇਵਾਵਾਂ ਨਿਭਾ ਰਹੀਆਂ ਹਨ। ਇਸ ਤੋਂ ਇਲਾਵਾ ਸਕੂਲ ਸਿੱਖਿਆ ਵਿੱਚ ਵੀ ਲਗਭਗ 53 ਫ਼ੀਸਦੀ ਅਧਿਆਪਕ ਮਹਿਲਾਵਾਂ ਹਨ।ਉਨ੍ਹਾਂ ਇਹ ਵੀ ਦੱਸਿਆ ਕਿ ਦੇਸ਼ ਦੀ ਲੋਕ ਸਭਾ ਵਿੱਚ ਇਸ ਸਮੇਂ ਲਗਭਗ 78 ਮਹਿਲਾ ਸੰਸਦ ਮੈਂਬਰ ਹਨ ਜੋ ਕੁੱਲ ਸੰਖਿਆ ਦਾ ਕਰੀਬ 14 ਫ਼ੀਸਦੀ ਬਣਦੇ ਹਨ, ਜਦਕਿ ਰਾਜ ਸਭਾ ਵਿੱਚ ਲਗਭਗ 12 ਫ਼ੀਸਦੀ ਮਹਿਲਾਵਾਂ ਪ੍ਰਤੀਨਿਧਿਤਾ ਕਰ ਰਹੀਆਂ ਹਨ।ਇਸ ਮੌਕੇ ਤੇ ਜਿਲਾ ਸੋਸ਼ਲ ਅਤੇ ਚਾਈਲਡ ਵੈੱਲਫੇਅਰ ਅਫਸਰ ਸ੍ਰੀਮਤੀ ਕਿਰਤਪ੍ਰਿਤ ਕੌਰ ਅਤੇ ਜਿਲਾ ਗਾਇਡੈਂਸ ਅਤੇ ਕਾਉਂਸਲਿੰਗ ਅਫਸਰ ਸ਼੍ਰੀ ਪਰਮਿੰਦਰ ਸੈਣੀ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।ਸਮਾਗਮ ਦੌਰਾਨ ਕਾਲਜ ਦੇ ਅਧਿਆਪਕ ਵਰਗ, ਵਿਦਿਆਰਥੀ ਅਤੇ ਸਮਾਜ ਦੇ ਕਈ ਪ੍ਰਮੁੱਖ ਵਿਅਕਤੀ ਵੀ ਮੌਜੂਦ ਰਹੇ। ਸਮਾਗਮ ਦੇ ਅੰਤ ਵਿੱਚ ਸਨਮਾਨਿਤ ਮਹਿਲਾਵਾਂ ਨੂੰ ਸਰਕਾਰੀ ਕਾਲਜ ਗੁਰਦਾਸਪੁਰ ਵੱਲੋਂ ਸਨਮਾਨ ਪੱਤਰ ਅਤੇ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।

Exit mobile version