ਪੰਜਾਬ ਪੁਲਿਸ ਦੇ ਊੱਚ ਅਧਿਕਾਰੀਆਂ ਸਮੇਤ ਰਾਜਨੀਤਿਕ, ਸਮਾਜਿਕ, ਧਾਰਮਿਕ ਸੰਸਥਾਵਾਂ ਅਤੇ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਵੱਲੋਂ ਸ਼ਰਧਾ ਦੇ ਫੁੱਲ ਭੇਂਟ

ਗੁਰਦਾਸਪੁਰ, 3 ਮਾਰਚ 2026 (ਮੰਨਨ ਸੈਣੀ)– ਬੀਤੀ ਦਿਨੀ ਆਦੀਆਂ ਚੈੱਕ ਪੋਸਟ ਤੇ ਸ਼ਹੀਦ ਹੋਏ ਪੰਜਾਬ ਪੁਲਿਸ ਦੇ ਏ.ਐੱਸ.ਆਈ ਗੁਰਨਾਮ ਸਿੰਘ ਦੇ ਜੱਦੀ ਪਿੰਡ ਗਾਦੜੀਆਂ ਵਿਖੇ ਅੱਜ ਉਨ੍ਹਾਂ ਨਮਿੱਤ ਸਰਧਾਂਜਲੀ ਸਮਾਗਮ ਹੋਇਆ, ਜਿਸ ਵਿੱਚ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਸਮੇਤ ਵੱਖ-ਵੱਖ ਰਾਜਨੀਤਿਕ, ਸਮਾਜਿਕ, ਧਾਰਮਿਕ, ਸੰਸਥਾਵਾਂ ਅਤੇ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ  ਵਲੋਂ ਸ਼ਹੀਦ ਏ.ਐੱਸ.ਆਈ ਗੁਰਨਾਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।

ਇਸ ਮੌਕੇ ਸ਼ਹੀਦ ਏ.ਐੱਸ.ਆਈ ਗੁਰਨਾਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਵੱਖ-ਵੱਖ ਬੁਲਾਰਿਆ ਨੇ ਕਿਹਾ ਕਿ ਸ਼ਹੀਦ ਏ.ਐੱਸ.ਆਈ ਗੁਰਨਾਮ ਸਿੰਘ ਦੀ ਸ਼ਹਾਦਤ ਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ, ਜਿਨਾਂ ਵੱਲੋ ਆਪਣੇ ਡਿਊਟੀ ਦੌਰਾਨ ਸ਼ਹਾਦਤ ਦਾ ਜਾਮ ਪੀਤਾ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦਾ ਮਾਣਮੱਤਾ ਇਤਿਹਾਸ ਹੈ, ਜਿਸ ਨੇ ਹਮੇਸ਼ਾ ਸੂਬੇ ਤੇ ਦੇਸ਼ ਦੀ ਅਮਨ ਸ਼ਾਂਤੀ ਲਈ ਆਪਣੀਆਂ ਜਾਨਾਂ ਨਿਛਾਵਰ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਅੱਤਵਾਦ ਦੇ ਕਾਲੇ ਦੌਰ ਵਿੱਚ ਪੰਜਾਬ ਪੁਲੀਸ ਨੇ ਸਮਾਜ ਵਿਰੋਧੀ ਤਾਕਤਾਂ ਦਾ ਡੱਟ ਕੇ ਸਾਹਮਣਾ ਕੀਤਾ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਉਹ ਆਦੀਆ ਚੈੱਕ ਪੋਸਟ ‘ਤੇ ਡਿਊਟੀ ਦੌਰਾਨ ਸ਼ਹੀਦ ਹੋਏ ਏ.ਐੱਸ.ਆਈ ਗੁਰਨਾਮ ਸਿੰਘ ਅਤੇ ਪੰਜਾਬ ਹੋਮਗਾਰਡ ਦੇ ਜਵਾਨ ਸ਼ਹੀਦ ਅਸ਼ੋਕ ਕੁਮਾਰ ਨੂੰ ਸਿਜਦਾ ਕਰਦੇ ਹਨ ਅਤੇ ਸ਼ਹੀਦ ਪਰਿਵਾਰਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਨ।

ਇਸ ਮੌਕੇ ਹਲਕਾ ਇੰਚਾਰਜ ਦੀਨਾਨਗਰ ਸ਼ਮਸ਼ੇਰ ਸਿੰਘ ਨੇ ਸ਼ਹੀਦ ਏ.ਐੱਸ.ਆਈ ਗੁਰਨਾਮ ਸਿੰਘ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਦਿਆ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਸ਼ਹੀਦ ਏ.ਐੱਸ.ਆਈ ਗੁਰਨਾਮ ਸਿੰਘ ਦੇ ਪਰਿਵਾਰ ਨੂੰ ਖੁਦ ਮਿਲਣ ਆਉਣਗੇ ਅਤੇ ਸ਼ਹੀਦ ਏ.ਐੱਸ.ਆਈ ਗੁਰਨਾਮ ਸਿੰਘ ਦੀ ਸ਼ਹਾਦਤ ਨੂੰ ਸਿਜਦਾ ਕਰਨਗੇ।  ਇਸ ਮੌਕੇ ਦੀਨਾਨਗਰ ਦੇ ਵਿਧਾਇਕ ਸ਼੍ਰੀਮਤੀ ਅਰੁਣਾ ਚੌਧਰੀ, ਸਪੈਸ਼ਲ ਡੀ.ਜੀ.ਪੀ ਪੰਜਾਬ ਏ.ਐੱਸ.ਰਾਏ, ਡੀ.ਆਈ.ਜੀ. ਬਾਰਡ ਰੇਂਜ ਸੰਦੀਪ ਗੋਇਲ, ਅਸ਼ੋਕ ਚੌਧਰੀ, ਜੋਗਿੰਦਰ ਸਿੰਘ ਛੀਨਾ, ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਸਮੇਤ ਸ਼ਹੀਦ ਏ.ਐੱਸ.ਆਈ ਗੁਰਨਾਮ ਸਿੰਘ ਦੇ ਪਰਿਵਾਰਿਕ ਮੈਬਰ, ਰਿਸ਼ਤੇਦਾਰ ਆਦਿ ਮੌਜੂਦ ਸਨ।

Exit mobile version