ਅੰਮ੍ਰਿਤਸਰ, 25 ਫਰਵਰੀ 2026 (ਦੀ ਪੰਜਾਬ ਵਾਇਰ)– ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੰਗ ਕੀਤੀ ਕਿ ਆਮ ਆਦਮੀ ਪਾਰਟੀ (ਆਪ) ਦੇ ਬਟਾਲਾ ਮਾਰਕੀਟ ਕਮੇਟੀ ਦੇ ਚੇਅਰਮੈਨ ਮਾਣਿਕ ਮਹਿਤਾ ਵੱਲੋਂ ਆਪਣੀ ਪ੍ਰੀ ਵੈਡਿੰਗ ਸ਼ੂਟ ਵਾਸਤੇ ਪੰਜਾਬ ਪੁਲਿਸ ਮੁਲਾਜ਼ਮਾਂ ਦੀ ਦੁਰਵਰਤੋਂ ਕਰਨ ਲਈ ਉਹਨਾਂ ਨੂੰ ਤੁਰੰਤ ਮੁਅੱਤਲ ਕੀਤਾ ਜਾਣਾ ਚਾਹੀਦਾ ਹੈ।
ਸਰਦਾਰ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਜਿਹੜੇ ਵੀ ਮੁਲਾਜ਼ਮ ਇਸ ਪ੍ਰੀ ਵੈਡਿੰਗ ਸ਼ੂਟ ਵਿਚ ਸ਼ਾਮਲ ਹੋਏ ਹਨ, ਉਹਨਾਂ ਨੂੰ ਵੀ ਮੁਅੱਤਲ ਕੀਤਾ ਜਾਣਾ ਚਾਹੀਦਾ ਹੈ ਅਤੇ ਕਾਰਜਕਾਰੀ ਡੀ ਜੀ ਪੀ ਗੌਰਵ ਯਾਦਵ ਦੱਸਣ ਕਿ ਪੁਲਿਸ ਮੁਲਾਜ਼ਮਾਂ ਨੂੰ ਅਜਿਹੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਦੀ ਆਗਿਆ ਕਿਵੇਂ ਅਤੇ ਕਿਉਂ ਦਿੱਤੀ ਗਈ ?
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਅਕਾਲੀ ਆਗੂ ਨੇ ਕਿਹਾ ਕਿ ਇਹ ਹੈਰਾਨ ਕਰ ਦੇਣ ਵਾਲਾ ਮਾਮਲਾ ਹੈ ਕਿ ਆਪ ਆਗੂ ਉਸ ਵੇਲੇ ਪੁਲਿਸ ਮੁਲਾਜ਼ਮਾਂ ਨੂੰ ਫਿਲਮੀ ਸ਼ੂਟ ਵਿਚ ’ਵਾਧੂ’ ਵਜੋਂ ਵਰਤ ਰਹੇ ਹਨ ਜਦੋਂ ਦੇਸ਼ ਵਿਰੋਧੀ ਅਨਸਰ ਪਾਕਿਸਤਾਨ ਨਾਲ ਲੱਗਦੀ ਕੌਮਾਂਤਰੀ ਸਰਹੱਦ ’ਤੇ ਸਾਡੇ ਪੁਲਿਸ ਮੁਲਾਜ਼ਮਾਂ ਦਾ ਕਤਲ ਕਰ ਰਹੇ ਹਨ। ਉਹਨਾਂਕਿਹਾਕਿ ਅਜਿਹਾ ਉਸ ਵੇਲੇ ਕੀਤਾ ਜਾ ਰਿਹਾ ਹੈ ਜਦੋਂ ਕਿ ਸਾਡੀ ਆਪਣੀ ਪੁਲਿਸ ਫੋਰਸ ਦੇ ਨਾਲ-ਨਾਲ ਆਮ ਨਾਗਰਿਕਾਂ ਦੀ ਸੁਰੱਖਿਆ ’ਤੇ ਸਵਾਲ ਹਨ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਇਹਨਾਂ ਆਪ ਆਗੂਆਂ ਵਾਸਤੇ ਪ੍ਰੀ ਵੈਡਿੰਗ ਸ਼ੂਟ ਕਾਨੂੰਨ ਵਿਵਸਥਾ ਕਾਇਮ ਰੱਖਣ ਨਾਲੋਂ ਜ਼ਿਆਦਾ ਜ਼ਰੂਰੀ ਹਨ।
ਸਰਦਾਰ ਮਜੀਠੀਆ ਨੇ ਕਿਹਾ ਕਿ ਇਕ ਏ ਐਸ ਆਈ ਸਮੇਤ ਦੋ ਪੁਲਿਸ ਮੁਲਾਜ਼ਮਾਂ ਦੇ ਕਤਲ ਦੀ ਜਾਂਚ ਦੀ ਢਿੱਲ ਮੱਠ ਦੱਸਦੀ ਹੈ ਕਿ ਪੰਜਾਬ ਪੁਲਿਸ ਨੂੰ ਹਾਲੇ ਤੱਕ ਨਹੀਂ ਪਤਾ ਲੱਗਾ ਕਿ ਕਤਲ ਕਿਸਨੇ ਅਤੇ ਕਿਉਂ ਕੀਤੇ ? ਉਹਨਾਂ ਕਿਹਾ ਕਿ ਇਸ ਨਾਲ ਪੰਜਾਬੀ ਮਾਯੂਸ ਹੋਏ ਹਨ ਜੋ ਹੁਣ ਮੰਨਦੇ ਹਨ ਕਿ ਪੰਜਾਬ ਸੁਰੱਖਿਅਤ ਨਹੀਂ ਰਿਹਾ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਘਰੇਲੂ ਉਦਯੋਗ ਹੋਰ ਰਾਜਾਂ ਵਿਚ ਜਾ ਰਹੇ ਹਨ ਅਤੇ ਪੰਜਾਬ ਵਿਚ ਕੋਈ ਨਵਾਂ ਨਿਵੇਸ਼ ਨਹੀਂ ਆ ਰਿਹਾ।
