ਗੁਰਦਾਸਪੁਰ ਪੁਲਿਸ ਮੁਕਾਬਲਾ: ਦੋ ਪੁਲਿਸ ਮੁਲਾਜ਼ਮਾਂ ਦੇ ਕਤਲ ਦਾ ਮਾਸਟਰਮਾਈਂਡ ਰਣਜੀਤ ਸਿੰਘ ਢੇਰ, ISI ਦੀ ਵੱਡੀ ਸਾਜ਼ਿਸ਼ ਦਾ ਪਰਦਾਫਾਸ਼

ਵਿਦੇਸ਼ੀ ਹੈਂਡਲਰਾਂ ਦੇ ਇਸ਼ਾਰੇ ‘ਤੇ ਰਚੀ ਗਈ ਸੀ ਪੁਲਿਸ ਚੈੱਕ ਪੋਸਟ ‘ਤੇ ਹਮਲੇ ਦੀ ਖ਼ੂਨੀ ਸਾਜ਼ਿਸ਼, ਫ਼ਰਾਰ ਤੀਜੇ ਮੁਲਜ਼ਮ ਦੀ ਭਾਲ ‘ਚ ਛਾਪੇਮਾਰੀ ਤੇਜ਼

ਗੁਰਦਾਸਪੁਰ, 25 ਫਰਵਰੀ 2026 (ਮੰਨਣ ਸੈਣੀ)। ਪੰਜਾਬ ਦੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਚੁਣੌਤੀ ਦੇਣ ਵਾਲੇ ਪਿੰਡ ਆਦੀਆਂ ਪੁਲਿਸ ਚੈੱਕ ਪੋਸਟ ਕਤਲ ਕਾਂਡ ਵਿੱਚ ਬੁੱਧਵਾਰ ਸਵੇਰੇ ਇੱਕ ਵੱਡਾ ਘਟਨਾਕ੍ਰਮ ਸਾਹਮਣੇ ਆਇਆ ਹੈ। 21-22 ਫਰਵਰੀ ਦੀ ਅੱਧੀ ਰਾਤ ਨੂੰ ਡਿਊਟੀ ਦੌਰਾਨ ਸ਼ਹੀਦ ਹੋਏ ਏਐਸਆਈ ਗੁਰਨਾਮ ਸਿੰਘ ਅਤੇ ਹੋਮਗਾਰਡ ਅਸ਼ੋਕ ਕੁਮਾਰ ਦੇ ਕਤਲ ਦੇ ਮੁੱਖ ਮੁਲਜ਼ਮ ਰਣਜੀਤ ਸਿੰਘ ਨੂੰ ਪੁਲਿਸ ਨੇ ਇੱਕ ਸੰਖੇਪ ਮੁਕਾਬਲੇ ਤੋਂ ਬਾਅਦ ਢੇਰ ਕਰ ਦਿੱਤਾ ਹੈ। ਇਸ ਪੂਰੇ ਮਾਮਲੇ ਵਿੱਚ ਸਰਹੱਦ ਪਾਰੋਂ ਰਚੀ ਗਈ ਇੱਕ ਡੂੰਘੀ ਸਾਜ਼ਿਸ਼ ਦਾ ਖੁਲਾਸਾ ਹੋਇਆ ਹੈ, ਜਿਸ ਵਿੱਚ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ (ISI) ਦੀ ਸਿੱਧੀ ਭੂਮਿਕਾ ਸਾਹਮਣੇ ਆਈ ਹੈ। ਡੀਆਈਜੀ ਬਾਰਡਰ ਰੇਂਜ ਸੰਦੀਪ ਗੋਇਲ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਸਪੱਸ਼ਟ ਕੀਤਾ ਕਿ ਇਹ ਸਿਰਫ਼ ਇੱਕ ਅਪਰਾਧਿਕ ਵਾਰਦਾਤ ਨਹੀਂ ਸੀ, ਸਗੋਂ ਵਿਦੇਸ਼ੀ ਤਾਕਤਾਂ ਵੱਲੋਂ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਇੱਕ ਯੋਜਨਾਬੱਧ ਕੋਸ਼ਿਸ਼ ਸੀ, ਜਿਸ ਨੂੰ ਪੰਜਾਬ ਪੁਲਿਸ ਨੇ ਆਪਣੀ ਤਤਪਰਤਾ ਨਾਲ ਨਾਕਾਮ ਕਰ ਦਿੱਤਾ ਹੈ।

ਮੁੱਢਲੀ ਜਾਂਚ ਅਤੇ ਪੁੱਛਗਿੱਛ ਦੌਰਾਨ ਜੋ ਤੱਥ ਸਾਹਮਣੇ ਆਏ ਹਨ, ਉਹ ਬੇਹੱਦ ਹੈਰਾਨ ਕਰਨ ਵਾਲੇ ਹਨ। ਜਾਂਚ ਵਿੱਚ ਇਹ ਗੱਲ ਪੁਖ਼ਤਾ ਹੋਈ ਹੈ ਕਿ ਮੁਲਜ਼ਮਾਂ ਨੇ ਮਹਿਜ਼ ਕੁਝ ਲੱਖ ਰੁਪਏ ਦੇ ਲਾਲਚ ਵਿੱਚ ਆ ਕੇ ਆਪਣੇ ਹੀ ਦੇਸ਼ ਦੇ ਸੁਰੱਖਿਆ ਕਰਮੀਆਂ ‘ਤੇ ਗੋਲੀਆਂ ਚਲਾਈਆਂ। ਪੁਲਿਸ ਅਨੁਸਾਰ, ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਮੁਲਜ਼ਮਾਂ ਨੂੰ ਵਿਦੇਸ਼ੀ ਹੈਂਡਲਰਾਂ ਵੱਲੋਂ ਵੱਡੀ ਰਕਮ ਦਾ ਲਾਲਚ ਦਿੱਤਾ ਗਿਆ ਸੀ। ਗ੍ਰਿਫਤਾਰ ਮੁਲਜ਼ਮ ਦਿਲਾਵਰ ਸਿੰਘ ਨੂੰ ਇਸ ਸਾਜ਼ਿਸ਼ ਵਿੱਚ ਸਹਿਯੋਗ ਦੇਣ ਬਦਲੇ 20 ਹਜ਼ਾਰ ਰੁਪਏ ਦਿੱਤੇ ਜਾਣੇ ਸਨ, ਜਿਨ੍ਹਾਂ ਵਿੱਚੋਂ 3 ਹਜ਼ਾਰ ਰੁਪਏ ਉਸ ਨੂੰ ਐਡਵਾਂਸ ਵਜੋਂ ਮਿਲ ਚੁੱਕੇ ਸਨ। ਉੱਥੇ ਹੀ, ਮੁੱਖ ਹਮਲਾਵਰ ਰਣਜੀਤ ਸਿੰਘ ਅਤੇ ਉਸ ਦੇ ਸਾਥੀ ਇੰਦਰਜੀਤ ਸਿੰਘ ਨੂੰ ਇਸ ਕਤਲ ਕਾਂਡ ਲਈ 2 ਤੋਂ 3 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ। ਇਹ ਪੈਸਾ ਉਨ੍ਹਾਂ ਨੂੰ ਪਾਕਿਸਤਾਨੀ ਏਜੰਸੀ ਦੇ ਇਸ਼ਾਰੇ ‘ਤੇ ਕੰਮ ਕਰਨ ਵਾਲੇ ਹੈਂਡਲਰਾਂ ਰਾਹੀਂ ਮਿਲਣਾ ਸੀ। ਇਨ੍ਹਾਂ ਮੁਲਜ਼ਮਾਂ ਨੇ ਵਾਰਦਾਤ ਤੋਂ ਪਹਿਲਾਂ ਬਕਾਇਦਾ ਪੁਲਿਸ ਚੈੱਕ ਪੋਸਟ ਦੀ ਰੇਕੀ ਕੀਤੀ ਸੀ ਅਤੇ ਪੁਲਿਸ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾਉਣ ਦੀ ਪੂਰੀ ਯੋਜਨਾ ਤਿਆਰ ਕੀਤੀ ਸੀ।

ਮੁਕਾਬਲੇ ਦੇ ਘਟਨਾਕ੍ਰਮ ‘ਤੇ ਚਾਨਣਾ ਪਾਉਂਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਨੂੰ ਦਿਲਾਵਰ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਰਣਜੀਤ ਸਿੰਘ ਅਤੇ ਇੰਦਰਜੀਤ ਸਿੰਘ ਦੇ ਨਾਂ ਸਾਹਮਣੇ ਆਏ ਸਨ। ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਮੰਗਲਵਾਰ ਰਾਤ ਨੂੰ ਹੀ ਰਣਜੀਤ ਸਿੰਘ ਨੂੰ ਦਬੋਚ ਲਿਆ ਸੀ। ਪੁੱਛਗਿੱਛ ਦੌਰਾਨ ਉਸ ਨੇ ਕਬੂਲ ਕੀਤਾ ਕਿ ਵਾਰਦਾਤ ਵਿੱਚ ਵਰਤੀ ਗਈ 30 ਬੋਰ ਦੀ ਪਿਸਤੌਲ ਉਸ ਨੇ ਥਾਣਾ ਬਹਿਰਾਮਪੁਰ ਖੇਤਰ ਦੇ ਇੱਕ ਗੁਪਤ ਸਥਾਨ ‘ਤੇ ਛਿਪਾ ਕੇ ਰੱਖੀ ਹੋਈ ਹੈ। ਬੁੱਧਵਾਰ ਤੜਕੇ ਕਰੀਬ ਤਿੰਨ ਵਜੇ ਜਦੋਂ ਥਾਣਾ ਦੋਰਾਂਗਲਾ ਦੇ ਪ੍ਰਭਾਰੀ ਬਨਾਰਸੀ ਦਾਸ ਪੁਲਿਸ ਟੀਮ ਦੇ ਨਾਲ ਉਸ ਨੂੰ ਹਥਿਆਰ ਦੀ ਬਰਾਮਦਗੀ ਲਈ ਲਿਜਾ ਰਹੇ ਸਨ, ਉਦੋਂ ਹੀ ਪਿੰਡ ਗਾਹਲੜੀ ਦੇ ਨੇੜੇ ਇੱਕ ਹਾਦਸਾ ਵਾਪਰ ਗਿਆ। ਧੁੰਦ ਅਤੇ ਹੜ੍ਹ ਕਾਰਨ ਨੁਕਸਾਨੀ ਸੜਕ ਦੀ ਵਜ੍ਹਾ ਨਾਲ ਪੁਲਿਸ ਵਾਹਨ ਬੇਕਾਬੂ ਹੋ ਕੇ ਪਲਟ ਗਿਆ, ਜਿਸ ਵਿੱਚ ਐਸਐਚਓ ਜ਼ਖ਼ਮੀ ਹੋ ਗਏ। ਇਸ ਹਫੜਾ-ਦਫੜੀ ਦਾ ਲਾਭ ਉਠਾ ਕੇ ਰਣਜੀਤ ਸਿੰਘ ਪੁਲਿਸ ਹਿਰਾਸਤ ਤੋਂ ਚਕਮਾ ਦੇ ਕੇ ਫ਼ਰਾਰ ਹੋ ਗਿਆ।

ਰਣਜੀਤ ਸਿੰਘ ਦੇ ਭੱਜਣ ਦੀ ਖ਼ਬਰ ਮਿਲਦਿਆਂ ਹੀ ਐਸਐਸਪੀ ਗੁਰਦਾਸਪੁਰ ਆਦਿਤਿਯ ਨੇ ਪੂਰੇ ਜ਼ਿਲ੍ਹੇ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਅਤੇ ਚਾਰੇ ਪਾਸੇ ਨਾਕਾਬੰਦੀ ਕਰ ਦਿੱਤੀ ਗਈ। ਸਵੇਰੇ ਕਰੀਬ ਛੇ ਵਜੇ ਸੀਆਈਏ ਸਟਾਫ਼ ਦੇ ਇੰਚਾਰਜ ਗੁਰਮੀਤ ਸਿੰਘ ਨੇ ਗੁਰਦਾਸਪੁਰ-ਮੁਕੇਰੀਆਂ ਰੋਡ ‘ਤੇ ਪੁਰਾਣਾ ਸ਼ਾਲਾ ਥਾਣਾ ਖੇਤਰ ਦੇ ਨੌਸ਼ਹਿਰਾ ਬਹਾਦਰ ਦੇ ਨੇੜੇ ਮੋਰਚਾ ਸੰਭਾਲਿਆ ਹੋਇਆ ਸੀ। ਇਸੇ ਦੌਰਾਨ ਇੱਕ ਸ਼ੱਕੀ ਮੋਟਰਸਾਈਕਲ ਨੂੰ ਆਉਂਦਾ ਦੇਖ ਪੁਲਿਸ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ। ਪੁਲਿਸ ਨੂੰ ਦੇਖਦੇ ਹੀ ਮੁਲਜ਼ਮ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਉਸ ਦਾ ਮੋਟਰਸਾਈਕਲ ਫਿਸਲ ਗਿਆ। ਇਸ ਤੋਂ ਬਾਅਦ ਮੁਲਜ਼ਮ ਨੇ ਆਤਮ-ਸਮਰਪਣ ਕਰਨ ਦੀ ਬਜਾਏ ਪੁਲਿਸ ਟੀਮ ‘ਤੇ ਸਿੱਧੀ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿੱਚ ਰਣਜੀਤ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਦਕਿ ਇਸ ਮੁਕਾਬਲੇ ਵਿੱਚ ਸੀਆਈਏ ਇੰਚਾਰਜ ਗੁਰਮੀਤ ਸਿੰਘ ਦੀ ਬਾਂਹ ਵਿੱਚ ਵੀ ਗੋਲੀ ਲੱਗੀ। ਜ਼ਖ਼ਮੀ ਮੁਲਜ਼ਮ ਨੂੰ ਤੁਰੰਤ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਪੁਲਿਸ ਨੇ ਘਟਨਾ ਸਥਾਨ ਤੋਂ ਵਾਰਦਾਤ ਵਿੱਚ ਵਰਤੀ ਗਈ 30 ਬੋਰ ਦੀ ਪਿਸਤੌਲ, ਚਾਰ ਖਾਲੀ ਖੋਲ, ਦੋ ਜ਼ਿੰਦਾ ਕਾਰਤੂਸ ਅਤੇ ਮੋਟਰਸਾਈਕਲ ਬਰਾਮਦ ਕਰ ਲਿਆ ਹੈ। ਹੁਣ ਪੁਲਿਸ ਦੀ ਪੂਰੀ ਤਾਕਤ ਤੀਜੇ ਫ਼ਰਾਰ ਮੁਲਜ਼ਮ ਇੰਦਰਜੀਤ ਸਿੰਘ ਨੂੰ ਫੜਨ ਵਿੱਚ ਲੱਗੀ ਹੋਈ ਹੈ, ਜਿਸ ਦੇ ਖਿਲਾਫ਼ ਪਹਿਲਾਂ ਹੀ ਐਨਡੀਪੀਐਸ ਐਕਟ ਦੇ ਕਈ ਮਾਮਲੇ ਦਰਜ ਹਨ। ਪੁਲਿਸ ਦਾ ਮੰਨਣਾ ਹੈ ਕਿ ਇੰਦਰਜੀਤ ਦੀ ਗ੍ਰਿਫਤਾਰੀ ਨਾਲ ਇਸ ਅੰਤਰਰਾਸ਼ਟਰੀ ਨੈੱਟਵਰਕ ਦੇ ਹੋਰ ਵੀ ਕਈ ਰਾਜ਼ ਖੁੱਲ੍ਹ ਸਕਦੇ ਹਨ। ਡੀਆਈਜੀ ਸੰਦੀਪ ਗੋਇਲ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਪੰਜਾਬ ਪੁਲਿਸ ਸੂਬੇ ਵਿੱਚ ਅਸਥਿਰਤਾ ਫੈਲਾਉਣ ਦੀ ਕਿਸੇ ਵੀ ਵਿਦੇਸ਼ੀ ਸਾਜ਼ਿਸ਼ ਨੂੰ ਬਰਦਾਸ਼ਤ ਨਹੀਂ ਕਰੇਗੀ ਅਤੇ ਅਜਿਹੇ ਅਨਸਰਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਜਾਰੀ ਰਹੇਗੀ।

ਸਵਾਲਾ ਦਾ ਜਵਾਬ ਦਿੰਦੇ ਹੋਏ ਡੀਆਈਜੀ ਗੋਇਲ ਨੇ ਕਿਸੇ ਦਾ ਵੀ ਨਾਮ ਲਏ ਬਿਨ੍ਹਾਂ ਸਾਫ਼ ਸਾਫ਼ ਕਿਹਾ ਕਿ ਕਿਸੇ ਨੂੰ ਵੀ ਗੈਰ ਜਿੰਮੇਦਾਰੀ ਨਾਲ ਬਿਆਨ ਨਹੀਂ ਦੇਣੇ ਚਾਹੀਦੇ। ਵੀਡੀਓ ਅਤੇ ਫੋਟੋ ਵਾਇਰਲ ਹੋਣ ਸੰਬੰਧੀ ਉਨ੍ਹਾਂ ਕਿਹਾ ਕਿ ਪੁਲਿਸ ਇਸ ਦੀ ਵੀ ਜਾਂਚ ਕਰ ਰਹੀ ਹੈ ਅਤੇ ਤੀਸਰੇ ਦੋਸ਼ੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੋਰ ਵੀ ਤੱਥ ਸਾਹਮਣੇ ਆਉਣਗੇ।

Exit mobile version