ਪਾਕਿਸਤਾਨ ਨੂੰ ਕੁਝ ਵਿਦੇਸ਼ੀ ਤਾਕਤਾਂ ਡਰੋਨਾਂ ਰਾਹੀਂ ਪੰਜਾਬ ਵਿੱਚ ਨਸ਼ਾ ਅਤੇ ਹਥਿਆਰ ਭੇਜਣ ’ਚ ਕਰ ਰਹੀਆਂ ਹਨ ਮਦਦ: ਗੁਲਾਬ ਚੰਦ ਕਟਾਰੀਆ

 ਰਾਜਪਾਲ ਪੰਜਾਬ ਨੇ ਹੁਸ਼ਿਆਰਪੁਰ ’ਚ “ਨਸ਼ਿਆਂ ਖ਼ਿਲਾਫ਼ ਪੈਦਲ ਯਾਤਰਾ” ਦੀ ਕੀਤੀ ਅਗਵਾਈ

 ਨੌਜਵਾਨੀ ਨੂੰ ਬਚਾ ਕੇ ਹੀ ਮੁੜ ਬਣੇਗਾ “ਰੰਗਲਾ ਪੰਜਾਬ”

ਹੁਸ਼ਿਆਰਪੁਰ, 24 ਫ਼ਰਵਰੀ 2026 (ਦੀ ਪੰਜਾਬ ਵਾਇਰ)–   ਪੰਜਾਬ ਨੂੰ ਨਸ਼ਾ ਮੁਕਤ ਕਰਕੇ ਮੁੜ “ਰੰਗਲਾ ਪੰਜਾਬ” ਬਣਾਉਣ ਲਈ ਸੂਬਾ ਸਰਕਾਰ ਵਚਨਬੱਧ ਹੈ ਅਤੇ ਇਸ ਮੁਹਿੰਮ ਨੂੰ ਲੋਕ ਅੰਦੋਲਨ ਬਣਾਉਣਾ ਸਮੇਂ ਦੀ ਲੋੜ ਹੈ। ਇਹ ਪ੍ਰਗਟਾਵਾ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਹੁਸ਼ਿਆਰਪੁਰ ਵਿੱਚ ਨਸ਼ਿਆਂ ਵਿਰੁੱਧ ਕੱਢੀ ਗਈ ਪੈਦਲ ਯਾਤਰਾ ਦੀ ਅਗਵਾਈ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਆਪਣੇ ਆਪ ਵਿੱਚ ਇੰਨੀ ਤਾਕਤ ਨਹੀਂ ਰੱਖਦਾ ਕਿ ਉਹ ਭਾਰਤ ਨੂੰ ਨੁਕਸਾਨ ਪਹੁੰਚਾ ਸਕੇ, ਪਰ ਕੁਝ ਵਿਦੇਸ਼ੀ ਤਾਕਤਾਂ ਉਸ ਦੀ ਮਦਦ ਕਰਦਿਆਂ ਡਰੋਨਾਂ ਰਾਹੀਂ ਨਸ਼ਿਆਂ ਅਤੇ ਹਥਿਆਰਾਂ ਦੀ ਸਪਲਾਈ ਕਰਕੇ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।

  ਉਨ੍ਹਾਂ ਕਿਹਾ ਕਿ ਦੁਸ਼ਮਣ ਗੁਆਂਢੀ ਦੇਸ਼ ਸਾਡੀ ਨੌਜਵਾਨ ਪੀੜ੍ਹੀ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਕਰ ਰਿਹਾ ਹੈ, ਪਰ ਸਾਡੀ ਬਹਾਦਰ ਸੁਰੱਖਿਆ ਫੋਰਸ ਹਰ ਵਾਰ ਅਜਿਹੀਆਂ ਕੋਸ਼ਿਸ਼ਾਂ ਦਾ ਮੂੰਹਤੋੜ ਜਵਾਬ ਦੇ ਰਹੀਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਵੱਲੋਂ ਐਂਟੀ-ਡਰੋਨ ਪ੍ਰਣਾਲੀਆਂ ਸਮੇਤ ਕਈ ਸਖ਼ਤ ਕਦਮ ਚੁੱਕੇ ਜਾ ਰਹੇ ਹਨ ਤਾਂ ਜੋ ਇਸ ਤਰ੍ਹਾਂ ਦੀਆਂ ਗੈਰਕਾਨੂੰਨੀ ਗਤੀਵਿਧੀਆਂ ਨੂੰ ਰੋਕਿਆ ਜਾ ਸਕੇ।

  ਰਾਜਪਾਲ ਨੇ ਕਿਹਾ ਕਿ ਪੰਜਾਬ ਬਹਾਦਰ ਯੋਧਿਆਂ ਦੀ ਧਰਤੀ ਹੈ ਅਤੇ ਦੇਸ਼ ਦਾ ਭਵਿੱਖ ਪੰਜਾਬ ਦੀ ਨੌਜਵਾਨੀ ਨਾਲ ਜੁੜਿਆ ਹੈ। “ਰੰਗਲਾ ਪੰਜਾਬ” ਬਣਾਉਣਾ ਸਿਰਫ਼ ਸਰਕਾਰ ਦੀ ਜ਼ਿੰਮੇਵਾਰੀ ਨਹੀਂ, ਸਗੋਂ ਸਮੂਹ ਸਮਾਜ ਦਾ ਸਾਂਝਾ ਮਿਸ਼ਨ ਹੈ। ਇਸ ਲਈ ਸਾਨੂੰ ਮਿਲਜੁਲ ਕੇ ਕੰਮ ਕਰਨਾ ਹੋਵੇਗਾ ਅਤੇ ਇਸ ਦੀ ਸ਼ੁਰੂਆਤ ਆਪਣੇ ਆਪ ਤੋਂ ਕਰਨੀ ਪਵੇਗੀ।

  ਡੀ.ਏ.ਵੀ. ਕਾਲਜ ਆਫ ਐਜੂਕੇਸ਼ਨ ਤੋਂ ਸ਼ੁਰੂ ਹੋਈ ਨਸ਼ਾ ਵਿਰੋਧੀ ਪੈਦਲ ਯਾਤਰਾ ਵਿੱਚ ਯੂਨੀਵਰਸਿਟੀਆਂ ਦੇ ਉਪਕੁਲਪਤੀ, ਸਕੂਲਾਂ ਤੇ ਕਾਲਜਾਂ ਦੇ ਮੁਖੀ, ਐਨ ਜੀ ਓਜ਼, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦੇ ਅਤੇ ਉੱਘੀਆਂ ਸ਼ਖ਼ਸੀਅਤਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ ਅਤੇ ਨਸ਼ਾ ਮੁਕਤ ਪੰਜਾਬ ਬਣਾਉਣ ਦਾ ਸੰਕਲਪ ਲਿਆ। ਯਾਤਰਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਗੁਜ਼ਰਦੀ ਹੋਈ ਵਾਪਸ ਕਾਲਜ ਵਿਖੇ ਸਮਾਪਤ ਹੋਈ।

  ਰਾਜਪਾਲ ਪੰਜਾਬ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਨਸ਼ਿਆਂ ਕਾਰਨ ਸਿਰਫ਼ ਇੱਕ ਵਿਅਕਤੀ ਨਹੀਂ, ਸਗੋਂ ਪੂਰਾ ਪਰਿਵਾਰ ਅਤੇ ਸਮਾਜ ਪ੍ਰਭਾਵਿਤ ਹੁੰਦਾ ਹੈ। ਇਸ ਬੁਰਾਈ ਨੂੰ ਜੜੋਂ ਖਤਮ ਕਰਨ ਲਈ ਸਾਂਝੀ ਕੋਸ਼ਿਸ਼ ਜ਼ਰੂਰੀ ਹੈ। ਉਨ੍ਹਾਂ ਲੋਕਾਂ ਨੂੰ ਗੁਰੂ ਸਾਹਿਬਾਨ ਅਤੇ ਦੇਸ਼ ਭਗਤਾਂ ਦੇ ਬਲੀਦਾਨਾਂ ਤੋਂ ਪ੍ਰੇਰਣਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਜਦੋਂ ਸਾਡੇ ਸੈਨਿਕ ਦੇਸ਼ ਦੀ ਰੱਖਿਆ ਲਈ ਜਾਨਾਂ ਵਾਰ ਸਕਦੇ ਹਨ ਤਾਂ ਅਸੀਂ ਨਸ਼ਿਆਂ ਵਰਗੀ ਬੁਰਾਈ ਨੂੰ ਖਤਮ ਕਰਨ ਲਈ ਇਕੱਠੇ ਕਿਉਂ ਨਹੀਂ ਹੋ ਸਕਦੇ।

  ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਭ ਤੋਂ ਪਹਿਲਾਂ ਸਿੱਖਿਆ ਸੰਸਥਾਵਾਂ ਨੂੰ ਨਸ਼ਾ ਮੁਕਤ ਬਣਾਉਣਾ ਲਾਜ਼ਮੀ ਹੈ, ਕਿਉਂਕਿ ਨੌਜਵਾਨੀ ਦੇ ਸਹੀ ਰਾਹ ’ਤੇ ਪੈਣ ਨਾਲ ਹੀ ਸੂਬੇ ਦਾ ਭਵਿੱਖ ਸੁਰੱਖਿਅਤ ਹੋ ਸਕਦਾ ਹੈ। ਪੰਜਾਬ ਸਰਕਾਰ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਫੇਜ਼ਵਾਰ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਇਸ ਨੂੰ ਕਾਮਯਾਬ ਬਣਾਉਣ ਲਈ ਸਿੱਖਿਆ ਸੰਸਥਾਵਾਂ, ਧਾਰਮਿਕ ਤੇ ਸਮਾਜਿਕ ਸੰਗਠਨਾਂ, ਪੰਚਾਇਤਾਂ ਅਤੇ ਆਮ ਲੋਕਾਂ ਨੂੰ ਮਿਲ ਕੇ ਇਹ ਲੜਾਈ ਲੜਨੀ ਪਵੇਗੀ।

  ਸਮਾਗਮ ਦੌਰਾਨ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮਾਂ ਅਤੇ ਨੁੱਕੜ ਨਾਟਕਾਂ ਰਾਹੀਂ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ। ਵੱਖ-ਵੱਖ ਸਮਾਜਿਕ, ਧਾਰਮਿਕ ਵਪਾਰੀ ਸੰਗਠਨਾਂ ਅਤੇ ਕਾਲਜ ਪ੍ਰਬੰਧਕ ਕਮੇਟੀ ਵੱਲੋਂ ਰਾਜਪਾਲ ਦਾ ਸਨਮਾਨ ਵੀ ਕੀਤਾ ਗਿਆ।

  ਇਸ ਮੌਕੇ ਰਾਜਸੀ, ਧਾਰਮਿਕ ਤੇ ਸਮਾਜਿਕ ਸੰਗਠਨਾਂ ਦੇ ਮੈਂਬਰ, ਵਿਭਾਗੀ ਅਧਿਕਾਰੀ, ਐਨ ਜੀ ਓਜ਼ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।

Exit mobile version