ਪੰਜਾਬ ਦੇ ਰਾਜਪਾਲ ਨੇ ਸਰਹੱਦੀ ਪਿੰਡਾਂ ਨੂੰ ਅਭਿਲਾਸ਼ੀ ਜਿਲ੍ਹਿਆਂ ਤੇ ਬਲਾਕਾਂ ਸਬੰਧੀ ਪ੍ਰੋਗਰਾਮ ਵਿੱਚ ਸ਼ਾਮਲ ਕਰਨ ਦੀ ਤਜਵੀਜ਼ ਰੱਖੀ
ਪੰਜਾਬ ਦੇ ਰਾਜਪਾਲ ਨੇ ਸਰਹੱਦੀ ਖੇਤਰਾਂ ਦੇ ਸਰਵਪੱਖੀ ਸੁਧਾਰ ਲਈ ਦਿੱਤਾ ਜ਼ੋਰ
ਪੰਜਾਬ ਦੇ ਰਾਜਪਾਲ ਵੱਲੋਂ “ਸੰਪੂਰਨਤਾ ਅਭਿਆਨ ਸਨਮਾਨ ਸਮਾਰੋਹ” ਦੌਰਾਨ ਸ਼ਾਸਨ ਵਿੱਚ ਉੱਤਮਤਾ ਲਈ ਅਧਿਕਾਰੀਆਂ ਦਾ ਸਨਮਾਨ
ਚੰਡੀਗੜ੍ਹ, 20 ਫਰਵਰੀ 2026 ( ਦੀ ਪੰਜਾਬ ਵਾਇਰ)– ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਰਸਮੀ ਤੌਰ ‘ਤੇ ਰਾਜ ਦੇ ਸਰਹੱਦੀ ਬਲਾਕਾਂ ਨੂੰ ਨੀਤੀ ਆਯੋਗ ਦੇ ‘ਐਸਪੀਰੇਸ਼ਨਲ ਡਿਸਟ੍ਰਿਕਟਸ’ ਅਤੇ ‘ਐਸਪੀਰੇਸ਼ਨਲ ਬਲਾਕਸ’ ਪ੍ਰੋਗਰਾਮਾਂ ਅਧੀਨ ਸ਼ਾਮਲ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਵੱਲੋਂ ਇਹ ਪ੍ਰਸਤਾਵ ‘ਬਾਰਡਰ ਏਰੀਆ ਡਿਵੈਲਪਮੈਂਟ’ ਪ੍ਰੋਗਰਾਮ ਦੇ ਬੰਦ ਹੋਣ ਦੇ ਮੱਦੇਨਜ਼ਰ ਇੱਕ ਰਣਨੀਤਕ ਕਦਮ ਵਜੋਂ ਪੇਸ਼ ਕੀਤਾ ਗਿਆ। ਰਾਜਪਾਲ ਨੇ ਜ਼ੋਰ ਦੇ ਕੇ ਕਿਹਾ ਕਿ ਇਹਨਾਂ ਬਲਾਕਾਂ ਨੂੰ ਇੱਕ ਮਜ਼ਬੂਤ ਢਾਂਚੇ ਦੀ ਲੋੜ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਦੇਸ਼ ਦੀ ਵਿਕਾਸ ਯਾਤਰਾ ਵਿੱਚ ਪਿੱਛੇ ਨਾ ਰਹਿ ਜਾਣ।
ਨੀਤੀ ਆਯੋਗ ਦੇ ਪ੍ਰੋਗਰਾਮਾਂ ਤਹਿਤ ਜ਼ਿਲ੍ਹਿਆਂ ਅਤੇ ਬਲਾਕਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਨੂੰ ਮਾਨਤਾ ਦੇਣ ਲਈ ਕਰਵਾਏ ਗਏ ‘ਸੰਪੂਰਨਤਾ ਅਭਿਆਨ ਸਨਮਾਨ ਸਮਾਰੋਹ’ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਦੇ ਰਾਜਪਾਲ ਨੇ ਕਿਹਾ ਕਿ ਸਰਕਾਰ ਇਹਨਾਂ ਸਰਹੱਦੀ ਖੇਤਰਾਂ ਨੂੰ ‘ਐਸਪੀਰੇਸ਼ਨਲ’ ਫਰੇਮਵਰਕ ਵਿੱਚ ਸ਼ਾਮਲ ਕਰਕੇ, ਪੁਰਾਣੇ ਫੰਡਿੰਗ ਢਾਂਚੇ ਕਾਰਨ ਪੈਦਾ ਹੋਏ ਖਲਾਅ ਨੂੰ ਭਰ ਸਕਦੀ ਹੈ। ਰਾਜਪਾਲ ਨੇ ਸਾਂਝੇ ਸ਼ਾਸਨ ਦੀ ਸ਼ਲਾਘਾ ਕੀਤੀ ਜਿਸ ਨੇ ਪੰਜਾਬ ਵਿੱਚ ਵਿਕਾਸ ਨੂੰ ਇੱਕ ਜਨ ਅੰਦੋਲਨ ਵਿੱਚ ਬਦਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਮਾਮੂਲੀ ਪ੍ਰਗਤੀ ਦੀ ਬਜਾਏ ਟੀਚੇ ਅਧਾਰਿਤ ਤਬਦੀਲੀ ਅਤੇ ਵੱਖ-ਵੱਖ ਸਕੀਮਾਂ ਦੀ ਬਜਾਏ ਸਾਂਝੀ ਕਾਰਵਾਈ ਵੱਲ ਇੱਕ ਵੱਡਾ ਕਦਮ ਹਨ। ਉਨ੍ਹਾਂ ਕਿਹਾ ਕਿ ਅਸਲ ਵਿਕਾਸ ਸਭ ਤੋਂ ਅੱਗੇ ਲੰਘ ਜਾਣ ਵਾਲੇ ਦੀ ਤਰੱਕੀ ਨਾਲ ਨਹੀਂ, ਸਗੋਂ ਸਭ ਤੋਂ ਕਮਜ਼ੋਰ ਵਰਗ ਦੇ ਉਥਾਨ ਨਾਲ ਮਾਪਿਆ ਜਾਂਦਾ ਹੈ।ਇਸ ਮੌਕੇ ਆਪਣੇ ਮੁੱਖ ਭਾਸ਼ਣ ਵਿੱਚ ਭਾਰਤ ਸਰਕਾਰ ਦੇ ਵਧੀਕ ਸਕੱਤਰ ਅਤੇ ਨੀਤੀ ਆਯੋਗ ਵਿਖੇ ਇਹਨਾਂ ਪ੍ਰੋਗਰਾਮਾਂ ਦੇ ਮਿਸ਼ਨ ਡਾਇਰੈਕਟਰ ਰੋਹਿਤ ਕੁਮਾਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੀ ਸਫਲਤਾ ਤਿੰਨ ‘ਸੀ’ : ਕਨਵਰਜੈਂਸ (ਤਾਲਮੇਲ), ਕੋਲੈਬੋਰੇਸ਼ਨ (ਸਹਿਯੋਗ) ਅਤੇ ਕੰਪੀਟੀਸ਼ਨ (ਮੁਕਾਬਲੇਬਾਜ਼ੀ) ‘ਤੇ ਟਿਕੀ ਹੋਈ ਹੈ। ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਮੁੱਖ ਉਦੇਸ਼ ਅਭਿਲਾਸ਼ੀ ਜ਼ਿਲ੍ਹਿਆਂ ਅਤੇ ਬਲਾਕਾਂ ਨੂੰ ਪ੍ਰੇਰਣਾਦਾਇਕ ਮਾਡਲਾਂ ਵਿੱਚ ਬਦਲਣਾ ਹੈ। ਉਨ੍ਹਾਂ ਤਸੱਲੀ ਪ੍ਰਗਟਾਈ ਕਿ ਥੋੜ੍ਹੇ ਸਮੇਂ ਵਿੱਚ ਹੀ ਦੇਸ਼ ਭਰ ਦੇ ਕਈ ਜ਼ਿਲ੍ਹਿਆਂ ਅਤੇ ਬਲਾਕਾਂ ਨੇ ਨਾ ਸਿਰਫ਼ ਕੌਮੀ ਅਤੇ ਸੂਬੇ ਦੇ ਔਸਤ ਅੰਕੜਿਆਂ ਨੂੰ ਪਿੱਛੇ ਛੱਡਿਆ ਹੈ, ਸਗੋਂ ਨਵੇਂ ਮੀਲ ਪੱਥਰ ਵੀ ਸਥਾਪਿਤ ਕੀਤੇ ਹਨ। ਉਨ੍ਹਾਂ ਨੇ ਇਸ ਸਫਲਤਾ ਦਾ ਸਿਹਰਾ ਸਮੂਹਿਕ ਟੀਮ ਵਰਕ ਨੂੰ ਦਿੱਤਾ ਅਤੇ ਭਰੋਸਾ ਦਿਵਾਇਆ ਕਿ ਉਹ ਨੀਤੀ ਆਯੋਗ ਦੀ ਮੀਟਿੰਗ ਵਿੱਚ ਸਰਹੱਦੀ ਪਿੰਡਾਂ ਨੂੰ ਪ੍ਰੋਗਰਾਮ ਵਿੱਚ ਸ਼ਾਮਲ ਕਰਨ ਦੇ ਰਾਜ ਦੇ ਪ੍ਰਸਤਾਵ ਨੂੰ ਪੇਸ਼ ਕਰਨਗੇ।ਵਧੀਕ ਮੁੱਖ ਸਕੱਤਰ (ਯੋਜਨਾਬੰਦੀ) ਜਸਪ੍ਰੀਤ ਤਲਵਾੜ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਪੰਜਾਬ ਦੀ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਬਾਰੇ ਦੱਸਦਿਆਂ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਦੋ ਜ਼ਿਲ੍ਹੇ, ਫਿਰੋਜ਼ਪੁਰ ਅਤੇ ਮੋਗਾ, ਅਤੇ ਸੱਤ ਜ਼ਿਲ੍ਹਿਆਂ ਦੇ ਦਸ ਬਲਾਕ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਅਤੇ ਮੋਗਾ ਦੇ ਵਧੀਆ ਪ੍ਰਦਰਸ਼ਨ ਕਾਰਨ ਉਹ ਕਾਰਗੁਜ਼ਾਰੀ ਅਧਾਰਿਤ ਪ੍ਰੋਤਸਾਹਨ ਗ੍ਰਾਂਟਾਂ ਦੇ ਯੋਗ ਬਣ ਗਏ ਹਨ। ਉਨ੍ਹਾਂ ਨੀਤੀ ਆਯੋਗ ਨੂੰ ਰਾਜ ਦੇ ਸਰਹੱਦੀ ਬਲਾਕਾਂ ਨੂੰ ਵੀ ਇਸ ਪ੍ਰੋਗਰਾਮ ਅਧੀਨ ਲਿਆਉਣ ਦੀ ਅਪੀਲ ਕੀਤੀ।ਸਮਾਗਮ ਦੌਰਾਨ ਮੌਜੂਦਾ ਅਤੇ ਸਾਬਕਾ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਉਨ੍ਹਾਂ ਦੀ ਅਗਵਾਈ ਲਈ ਸਨਮਾਨਿਤ ਕੀਤਾ ਗਿਆ। ਮੌਜੂਦਾ ਅਧਿਕਾਰੀਆਂ ਵਿੱਚੋਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਅਤੇ ਡਿਪਟੀ ਕਮਿਸ਼ਨਰ ਜਲੰਧਰ ਹਿਮਾਂਸ਼ੂ ਅਗਰਵਾਲ ਨੇ ‘ਕਾਪਰ ਮੈਡਲ’ ਪ੍ਰਾਪਤ ਕੀਤੇ; ਜਦਕਿ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਅਤੇ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਨੂੰ ‘ਬਰੌਂਜ਼ ਮੈਡਲ’ ਨਾਲ ਸਨਮਾਨਿਤ ਕੀਤਾ ਗਿਆ। ਸਾਬਕਾ ਡਿਪਟੀ ਕਮਿਸ਼ਨਰਾਂ ਵਿੱਚ ਕੁਲਵੰਤ ਸਿੰਘ (ਮੋਗਾ), ਵਿਸ਼ੇਸ਼ ਸਾਰੰਗਲ (ਮੋਗਾ) ਅਤੇ ਰਾਜੇਸ਼ ਧੀਮਾਨ (ਫਿਰੋਜ਼ਪੁਰ) ਨੂੰ ਵੀ ਉਨ੍ਹਾਂ ਦੇ ਯੋਗਦਾਨ ਲਈ ਸਰਟੀਫਿਕੇਟਾਂ ਅਤੇ ਪੁਰਸਕਾਰਾਂ ਨਾਲ ਮਾਨਤਾ ਦਿੱਤੀ ਗਈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਮੁੱਖ ਸਕੱਤਰ ਡੀ,ਕੇ. ਤਿਵਾਰੀ, ਵਧੀਕ ਮੁੱਖ ਸਕੱਤਰ ਤੇਜਵੀਰ ਸਿੰਘ, ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ, ਰਾਜਪਾਲ ਪੰਜਾਬ ਦੇ ਪ੍ਰਮੁੱਖ ਸਕੱਤਰ ਵੀ.ਪੀ. ਸਿੰਘ, ਪ੍ਰਬੰਧਕੀ ਸਕੱਤਰ ਗੁਰਕੀਰਤ ਕ੍ਰਿਪਾਲ ਸਿੰਘ, ਵਰੁਣ ਰੂਜ਼ਮ, ਘਨਸ਼ਿਆਮ ਥੋਰੀ ਤੇ ਅਰਸ਼ਦੀਪ ਸਿੰਘ ਥਿੰਦ, ਡਾਇਰੈਕਟਰ ਪੰਚਾਇਤੀ ਰਾਜ (ਭਾਰਤ ਸਰਕਾਰ) ਵਿਪੁਲ ਉਜਵਲ, ਡਿਪਟੀ ਕਮਿਸ਼ਨਰ ਸੰਗਰੂਰ ਰਾਹੁਲ ਚਾਬਾ ਅਤੇ ਡੀ.ਸੀ. ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵੀ ਮੌਜੂਦ ਸਨ।
