ਆਮਦਨ ਕਰ ਵਿਭਾਗ ਵੱਲੋਂ ਨਵੇਂ ਆਮਦਨ ਕਰ ਐਕਟ ਤੇ ਟੀਡੀਐੱਸ/ਟੀਸੀਐੱਸ ਪ੍ਰਾਵਧਾਨਾਂ ‘ਤੇ ਸੈਮੀਨਾਰ ਦਾ ਆਯੋਜਨ

ਆਮਦਨ ਕਰਦਾਤਾਵਾਂ ਦੀ ਸਮਰੱਥਾ ਦਾ ਵਿਕਾਸ ਸਾਡਾ ਮੁੱਖ ਟੀਚਾ – ਜੁਆਇੰਟ ਆਮਦਨ ਕਰ ਕਮਿਸ਼ਨਰ

ਅੰਮ੍ਰਿਤਸਰ 6 ਫਰਵਰੀ 2026 (ਦੀ ਪੰਜਾਬ ਵਾਇਰ)। ਆਮਦਨ ਕਰ ਵਿਭਾਗ, ਟੀਡੀਐੱਸ ਚਾਰਜ, ਅੰਮ੍ਰਿਤਸਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿੱਚ ਨਵੇਂ ਆਮਦਨ ਕਰ ਐਕਟ, ਨਵੇਂ ਟੀਡੀਐੱਸ/ਟੀਸੀਐੱਸ ਪ੍ਰਾਵਧਾਨਾਂ ਤੇ ਉਨ੍ਹਾਂ ਦੀ ਅਨੁਕੂਲਤਾ ਬਾਰੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।

ਸੈਮੀਨਾਰ ਨੂੰ ਲੁਧਿਆਣਾ ਦੇ ਜੁਆਇੰਟ ਆਮਦਨ ਕਰ ਕਮਿਸ਼ਨਰ ਸ਼੍ਰੀ ਭੂਪਿੰਦਰ ਸਿੰਘ ਤੇ ਅੰਮ੍ਰਿਤਸਰ ਦੇ ਆਮਦਨ ਕਰ ਅਧਿਕਾਰੀ ਸ੍ਰੀ ਵਿਕਾਸ ਕੁਮਾਰ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਲੋਕਾਂ ਨੂੰ ਨਵੇਂ ਆਮਦਨ ਕਰ ਐਕਟ, 2025 ਦੀਆਂ ਮੁੱਖ ਵਿਸ਼ੇਸ਼ਤਾਵਾਂ, ਹਾਲੀਆ ਸੋਧਾਂ, ਨਵੇਂ ਟੀਡੀਐੱਸ/ਟੀਸੀਐੱਸ ਸੈਕਸ਼ਨਾਂ ਤੇ ਕਾਨੂੰਨੀ ਅਨੁਕੂਲਤਾ ਦੀਆਂ ਲੋੜਾਂ ਬਾਰੇ ਜਾਣੂ ਕਰਵਾਇਆ।

ਇਸ ਸੈਮੀਨਾਰ ਦਾ ਟੀਚਾ ਡੀਡੀਓ ਵੱਜੋਂ ਸੇਵਾ ਨਿਭਾ ਰਹੇ ਅਧਿਕਾਰੀਆਂ ਤੇ ਹੋਰ ਹਿੱਸੇਦਾਰਾਂ ‘ਚ ਜਾਗਰੂਕਤਾ ਵਧਾਉਣਾ, ਪ੍ਰਕਿਰਿਆਤਮਕ ਗੜ੍ਹਬੜੀਆਂ ਨੂੰ ਘਟਾਉਣਾ ਤੇ ਕਰ ਕਟੌਤੀ ਅਤੇ ਸੰਗ੍ਰਹਿ ‘ਚ ਸਮੇਂ ਸਿਰ ਤੇ ਸਹੀ ਅਨੁਕੂਲਤਾ ਨੂੰ ਉਤਸ਼ਾਹਿਤ ਕਰਨਾ ਸੀ। ਸੈਮੀਨਾਰ ਦੌਰਾਨ ਟੀਡੀਐੱਸ/ਟੀਸੀਐੱਸ ਪ੍ਰਾਵਧਾਨਾਂ ਅਧੀਨ ਗੈਰ-ਅਨੁਕੂਲਤਾ ਅਤੇ ਚੂਕ ਦੇ ਨਤੀਜਿਆਂ ‘ਤੇ ਵੀ ਰੋਸ਼ਨੀ ਪਾਈ ਗਈ।

ਪ੍ਰੋਗਰਾਮ ਦੌਰਾਨ ਭਾਗੀਦਾਰਾਂ ਨੂੰ ਅਧਿਕਾਰੀਆਂ ਨਾਲ ਸਿੱਧਾ ਸੰਵਾਦ ਕਰਨ ਅਤੇ ਆਪਣੇ ਸਵਾਲਾਂ ਦੇ ਜਵਾਬ ਪ੍ਰਾਪਤ ਕਰਨ ਦਾ ਮੌਕਾ ਮਿਲਿਆ। ਸਭਾ ਨੂੰ ਸੰਬੋਧਨ ਕਰਦਿਆਂ ਸ਼੍ਰੀ ਭੂਪਿੰਦਰ ਸਿੰਘ ਨੇ ਕਿਹਾ ਕਿ ਇਸ ਸੈਮੀਨਾਰ ਦਾ ਮੁੱਖ ਟੀਚਾ ਟੀਡੀਐੱਸ ਤੇ ਟੀਸੀਐੱਸ ਅਧੀਨ ਨਵੇਂ ਕਰ ਪ੍ਰਾਵਧਾਨਾਂ ਬਾਰੇ ਵਿਸਥਾਰਤ ਜਾਣਕਾਰੀ ਦੇ ਕੇ ਹਿੱਸੇਦਾਰਾਂ ਦੀ ਸਮਰੱਥਾ ਵਿਕਸਿਤ ਕਰਨਾ ਹੈ, ਜੋ ਕਿ ਸੀਬੀਡੀਟੀ ਦੀ ‘ਹਿੱਸੇਦਾਰਾਂ ਦੀ ਸਮਰੱਥਾ ਵਿਕਾਸ’ ਪਹਿਲ ਦੇ ਅਨੁਰੂਪ ਹੈ।

ਇਹ ਸੈਮੀਨਾਰ ਸਿੱਖਿਅਕ ਸੰਸਥਾਵਾਂ ਨਾਲ ਸੰਵਾਦ ਸਥਾਪਤ ਕਰਨ ਅਤੇ ਜਾਣਕਾਰੀ ਅਧਾਰਤ ਕਰ ਅਭਿਆਸ ਨੂੰ ਉਤਸ਼ਾਹਿਤ ਕਰਨ ਲਈ ਆਮਦਨ ਕਰ ਵਿਭਾਗ ਦੇ ਲਗਾਤਾਰ ਯਤਨਾਂ ਦਾ ਹਿੱਸਾ ਹੈ। ਬਹਿਰਹਾਲ ਇਸ ਸੈਮੀਨਾਰ ਜ਼ਰੀਏ ਵਿਭਾਗ ਨੇ ਦੇਸ਼ ਭਰ ‘ਚ ਕਰ ਨੀਤੀਆਂ ਦੇ ਪ੍ਰਭਾਵਸ਼ਾਲੀ ਲਾਗੂ ਕਰਨ ਅਤੇ ਕਰਾਧਾਨ ਤੇ ਅਨੁਕੂਲਤਾ ਪ੍ਰਤੀ ਲੋਕਾਂ ਦੀ ਜਾਗਰੂਕਤਾ ਵਧਾਉਣ ਦੀ ਆਪਣੀ ਵਚਨਬੱਧਤਾ ਦੁਹਰਾਈ।

Exit mobile version