ਚੰਡੀਗੜ੍ਹ. 4 ਫ਼ਰਵਰੀ 2026 (ਦੀ ਪੰਜਾਬ ਵਾਇਰ)– ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਆਮ ਆਦਮੀ ਪਾਰਟੀ (ਆਪ) ਦੀ ਲੀਡਰਸ਼ਿਪ ਤੋਂ ਤੁਰੰਤ ਇਹ ਸਪੱਸ਼ਟ ਕਰਨ ਦੀ ਮੰਗ ਕੀਤੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਨਿੱਜੀ “X” ਅਕਾਊਂਟ ’ਤੇ ਕੀਤੀ ਗਈ ਵਿਵਾਦਿਤ ਟਿੱਪਣੀ ਪਾਰਟੀ ਦੀ ਅਧਿਕਾਰਿਕ ਲਾਈਨ ਹੈ ਜਾਂ ਕੇਵਲ ਉਨ੍ਹਾਂ ਦੀ ਨਿੱਜੀ ਰਾਇ।
ਸੋਸ਼ਲ ਮੀਡੀਆ ’ਤੇ ਜਾਰੀ ਬਿਆਨ ਵਿੱਚ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਦੀ ਟਿੱਪਣੀ ਨਾਲ ਉਨ੍ਹਾਂ ਨੂੰ ਗਹਿਰਾ ਦੁੱਖ ਪਹੁੰਚਿਆ ਹੈ ਅਤੇ ਇਸ ਨਾਲ ਸੰਤਾਂ ਅਤੇ ਆਧਿਆਤਮਿਕ ਸੰਸਥਾਵਾਂ ਨਾਲ ਜੁੜੇ ਲੱਖਾਂ ਪ੍ਰੇਰੋਕਾਂ ਅਤੇ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਆਹਤ ਹੋਈਆਂ ਹਨ, ਜਿਨ੍ਹਾਂ ਵਿੱਚ ਦੇਸ਼-ਵਿਦੇਸ਼ ਵਿੱਚ ਵੱਸਦੇ ਡੇਰਾ ਬਿਆਸ ਦੇ ਪ੍ਰੇਰੋਕ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਟਿੱਪਣੀਆਂ ਪੰਜਾਬ ਦੀ ਸੱਭਿਆਚਾਰਕ ਅਤੇ ਆਧਿਆਤਮਿਕ ਪਰੰਪਰਾ ਦੇ ਉਲਟ ਹਨ, ਜਿੱਥੇ ਸੰਤਾਂ, ਪੀਰ-ਪੈਗੰਬਰਾਂ ਅਤੇ ਮਹਾਂਪੁਰਸ਼ਾਂ ਦਾ ਸਦਾ ਉੱਚਾ ਸਤਿਕਾਰ ਕੀਤਾ ਗਿਆ ਹੈ।
ਬਾਜਵਾ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਅਜਿਹੀ ਕੋਈ ਉਦਾਹਰਨ ਨਹੀਂ ਮਿਲਦੀ ਕਿ ਕਿਸੇ ਮੁੱਖ ਮੰਤਰੀ ਨੇ ਸੰਤਾਂ ਜਾਂ ਆਧਿਆਤਮਿਕ ਮਹਾਂਪੁਰਸ਼ਾਂ ਬਾਰੇ ਇਸ ਤਰ੍ਹਾਂ ਦੀ ਟਿੱਪਣੀ ਕੀਤੀ ਹੋਵੇ। ਉਨ੍ਹਾਂ ਯਾਦ ਦਿਵਾਇਆ ਕਿ ਗੁਰਬਾਣੀ ਵਿੱਚ ਸੰਤਾਂ, ਸਾਧਾਂ ਅਤੇ ਬ੍ਰਹਮਗਿਆਨੀਆਂ ਨੂੰ ਪਰਮਾਤਮਾ ਨਾਲ ਇੱਕਮਿਕ ਦੱਸਿਆ ਗਿਆ ਹੈ ਅਤੇ ਉਨ੍ਹਾਂ ਨੂੰ ਸਭ ਤੋਂ ਉੱਚਾ ਦਰਜਾ ਦਿੱਤਾ ਗਿਆ ਹੈ।
ਵਿਰੋਧੀ ਧਿਰ ਦੇ ਨੇਤਾ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ, ਪੰਜਾਬ ਪ੍ਰਧਾਨ ਅਮਨ ਅਰੋੜਾ, ਮੰਤਰੀ ਹਰਜੋਤ ਸਿੰਘ ਬੈਂਸ, ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ, ਮੁੱਖ ਬੁਲਾਰੇ ਕੁਲਦੀਪ ਧਾਲੀਵਾਲ ਸਮੇਤ ਹੋਰ ਆਪ ਆਗੂਆਂ ਨੂੰ ਸਿੱਧਾ ਸਵਾਲ ਕਰਦਿਆਂ ਕਿਹਾ ਕਿ ਉਹ ਪੰਜਾਬ ਦੀ ਜਨਤਾ ਸਾਹਮਣੇ ਇਹ ਸਾਫ਼ ਕਰਨ ਕਿ ਮੁੱਖ ਮੰਤਰੀ ਦੀ ਟਿੱਪਣੀ ਪਾਰਟੀ ਦੀ ਅਧਿਕਾਰਿਕ ਨੀਤੀ ਨੂੰ ਦਰਸਾਉਂਦੀ ਹੈ ਜਾਂ ਨਹੀਂ।
ਬਾਜਵਾ ਨੇ ਅੱਗੇ ਮੰਗ ਕੀਤੀ ਕਿ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਰਗਜ ਉਸ ਵੀਡੀਓ ਕਲਿੱਪ ਦੀ ਸਚਾਈ ਸੰਗਤ ਸਾਹਮਣੇ ਰੱਖਣ, ਜਿਸ ਵਿੱਚ ਕਥਿਤ ਤੌਰ ’ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿੱਖ ਗੁਰੂਆਂ ਦੀ ਬੇਅਦਬੀ ਅਤੇ ਅਪਮਾਨ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਲਿੱਪ ਦੀ ਪ੍ਰਮਾਣਿਕਤਾ ਅਤੇ ਸੰਦਰਭ ਬਾਰੇ ਸਪੱਸ਼ਟਤਾ ਸਿੱਖ ਸੰਸਥਾਵਾਂ ਦੀ ਮਰਿਆਦਾ ਕਾਇਮ ਰੱਖਣ ਅਤੇ ਸਿੱਖ ਕੌਮ ਸਾਹਮਣੇ ਸੱਚ ਨੂੰ ਪਾਰਦਰਸ਼ੀ ਢੰਗ ਨਾਲ ਰੱਖਣ ਲਈ ਲਾਜ਼ਮੀ ਹੈ।
ਬਾਜਵਾ ਨੇ ਬੰਗਾ ਤੋਂ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਵੱਲੋਂ ਕੈਬਨਿਟ ਦਰਜੇ ਦੀ ਚੇਅਰਮੈਨੀ ਤੋਂ ਦਿੱਤੇ ਅਸਤੀਫੇ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਹ ਕਦਮ ਬਾਬਾ ਨਾਭਾ ਕਮਲ ਰਾਜਾ ਸਾਹਿਬ ਨਾਲ ਜੁੜੀ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਦਰਸਾਉਂਦਾ ਹੈ।
ਮੁੱਖ ਮੰਤਰੀ ’ਤੇ ਤਿੱਖਾ ਹਮਲਾ ਕਰਦਿਆਂ ਬਾਜਵਾ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਪੰਜਾਬ ਦੇ ਲੋਕ ਚੁਟਕਲਿਆਂ, ਨਾਟਕੀਪਣੇ ਅਤੇ ਵਿਅੰਗ ਤੋਂ ਅੱਕ ਚੁੱਕੇ ਹਨ। “ਅੱਜ ਪੰਜਾਬ ਨੂੰ ਗੰਭੀਰ ਸ਼ਾਸਨ ਦੀ ਲੋੜ ਹੈ, ਨਾ ਕਿ ਕਮੇਡੀ ਦੀ। ਸੂਬੇ ਨੂੰ ਨੇਤ੍ਰਿਤਵ, ਸਥਿਰਤਾ ਅਤੇ ਸੰਸਥਾਵਾਂ ਤੇ ਪਰੰਪਰਾਵਾਂ ਪ੍ਰਤੀ ਸਤਿਕਾਰ ਚਾਹੀਦਾ ਹੈ,” ਉਨ੍ਹਾਂ ਕਿਹਾ। ਉਨ੍ਹਾਂ ਜੋੜਿਆ ਕਿ ਕਿਸਾਨਾਂ, ਕਰਮਚਾਰੀਆਂ, ਸਿੱਖ ਸੰਸਥਾਵਾਂ ਅਤੇ ਹੁਣ ਸੰਤਾਂ ਖ਼ਿਲਾਫ਼ ਕੀਤੀਆਂ ਟਿੱਪਣੀਆਂ ਮੁੱਖ ਮੰਤਰੀ ਦੇ ਸੰਵਿਧਾਨਕ ਅਹੁੱਦੇ ਨੂੰ ਸ਼ੋਭਾ ਨਹੀਂ ਦਿੰਦੀਆਂ।
ਅੰਤ ਵਿੱਚ ਬਾਜਵਾ ਨੇ ਦੁਹਰਾਇਆ ਕਿ ਆਮ ਆਦਮੀ ਪਾਰਟੀ ਨੂੰ ਇਸ ਮਾਮਲੇ ’ਤੇ ਸਾਫ਼ ਅਤੇ ਬੇਲਾਗ ਰੁਖ ਸਾਹਮਣੇ ਲਿਆਉਣਾ ਚਾਹੀਦਾ ਹੈ ਅਤੇ ਸਿੱਖ ਸੰਸਥਾਵਾਂ ਨੂੰ ਵੀ ਪਾਰਦਰਸ਼ਤਾ ਯਕੀਨੀ ਬਣਾਉਣੀ ਚਾਹੀਦੀ ਹੈ, ਤਾਂ ਜੋ ਕਿਸੇ ਕਿਸਮ ਦੀ ਭਰਮ ਦੀ ਸਥਿਤੀ ਨਾ ਬਣੇ ਅਤੇ ਧਾਰਮਿਕ ਭਾਵਨਾਵਾਂ ਨੂੰ ਹੋਰ ਠੇਸ ਨਾ ਪਹੁੰਚੇ।
