ਸਿੱਖਿਆ ਰਾਹੀਂ ਹੀ ਸਮਾਜਿਕ ਬਦਲਾਅ ਸੰਭਵ: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ
ਵੇਦ, ਉਪਨਿਸ਼ਦ ਅਤੇ ਗੀਤਾ ਸਿੱਖਿਆ ਦਾ ਅਹਿਮ ਹਿੱਸਾ ਬਣਨ—ਮਨੀਸ਼ ਸਿਸੋਦੀਆ
ਹਰਜੋਤ ਬੈਂਸ ਨੇ ਕੇਂਦਰ ਤੋਂ ਬਜਟ ‘ਚ ਪੰਜਾਬ ਨੂੰ ਸਪੈਸ਼ਲ ਰਾਹਤ ਪੈਕੇਜ ਦੇਣ ਅਤੇ ਸਿੱਖਿਆ ਲਈ ਬਜਟ ਵਧਾਉਣ ਦੀ ਮੰਗ ਕੀਤੀ
ਬੀ.ਸੀ.ਐਮ ਸਕੂਲ ਲੁਧਿਆਣਾ ਵਿੱਚ ਵੇਦਿਕ ਭਾਸ਼ਣ ਪ੍ਰਤੀਯੋਗਿਤਾ, 25 ਸਕੂਲਾਂ ਦੇ 296 ਵਿਦਿਆਰਥੀਆਂ ਨੇ ਲਿਆ ਹਿੱਸਾ
ਲੁਧਿਆਣਾ, 31 ਜਨਵਰੀ 2026 (ਦੀ ਪੰਜਾਬ ਵਾਇਰ)– ਸਨਾਤਨ ਸੇਵਾ ਸਮਿਤੀ ਪੰਜਾਬ ਅਤੇ ਵੇਦ ਪ੍ਰਚਾਰ ਮੰਡਲ ਪੰਜਾਬ ਨੇ ਸਾਂਝੇ ਤੌਰ ‘ਤੇ ਬੀ.ਸੀ.ਐਮ ਸਕੂਲ, ਲੁਧਿਆਣਾ ਵਿਖੇ ਇੱਕ ਪੁਰਸਕਾਰ ਸਮਾਰੋਹ ਦਾ ਆਯੋਜਨ ਕੀਤਾ। ਜਿਸ ਵਿੱਚ ਸਿੱਖਿਆ ਮੰਤਰੀ ਪੰਜਾਬ ਸ੍ਰੀ ਹਰਜੋਤ ਸਿੰਘ ਬੈਂਸ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ‘ਆਪ’ ਦੇ ਪੰਜਾਬ ਇੰਚਾਰਜ ਸ੍ਰੀ ਮਨੀਸ਼ ਸਿਸੋਦੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਦੇ ਨਾਲ ਸਨਾਤਨ ਸੇਵਾ ਸਮਿਤੀ ਪੰਜਾਬ ਦੇ ਪ੍ਰਧਾਨ ਵਿਜੇ ਸ਼ਰਮਾ ਅਤੇ ਵੇਦ ਪ੍ਰਚਾਰ ਮੰਡਲ ਪੰਜਾਬ ਦੇ ਪ੍ਰਧਾਨ ਰੋਸ਼ਨ ਲਾਲ ਆਰੀਆ ਵੀ ਮੌਜੂਦ ਸਨ।

ਸਿੱਖਿਆ ਮੰਤਰੀ ਪੰਜਾਬ ਸ੍ਰੀ ਹਰਜੋਤ ਸਿੰਘ ਬੈਂਸ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਿਆ ਮੰਤਰੀ ਪੰਜਾਬ ਹੋਣ ਦੇ ਨਾਤੇ ਮੇਰੇ ਮੋਢਿਆਂ ਉੱਤੇ ਬਹੁਤ ਵੱਡੀ ਜਿੰਮੇਵਾਰੀ ਹੈ। ਜਦੋਂ ਅਸੀਂ ਸਮਾਜ ਵਿੱਚ ਕੋਈ ਵੀ ਪਰਿਵਰਤਨ ਕਰਨਾ ਚਾਹੁੰਦੇ ਹਾਂ ਤਾਂ ਉਸ ਦਾ ਹੱਲ ਇੱਕੋ ਇੱਕ ਹੈ ਜਿਹੋ ਜਿਹਾ ਸੂਬਾ ਜਾਂ ਦੇਸ਼ ਅਸੀਂ ਬਣਾਉਣਾ ਚਾਹੁੰਦੇ ਹਾਂ ਉਹੋ ਜਿਹੇ ਸਿਧਾਂਤ ਅਸੀਂ ਆਪਣੇ ਬੱਚਿਆਂ ਨੂੰ ਸਿੱਖਿਆ ਦੇ ਰਾਹੀਂ ਦੇ ਸਕਦੇ ਹਾਂ। ਉਨ੍ਹਾਂ ਕਿਹਾ ਕਿ ਭਾਵੇਂ ਅੱਜ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਹੈ ਪਰ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਸ੍ਰੀ ਮਨੀਸ਼ ਸਿਸੋਦੀਆ ਦੁਆਰਾ ਜੋ ਰੋਲ ਮਾਡਲ ਦਿੱਤਾ ਗਿਆ ਹੈ ਉਹ ਵਿਲੱਖਣ ਹੈ। ਉਨ੍ਹਾਂ ਕਿਹਾ ਕਿ ਜਦੋਂ ਬੂਟਾ ਛੋਟਾ ਹੁੰਦਾ ਹੈ ਉਦੋਂ ਉਸ ਉੱਤੇ ਮਿਹਨਤ ਕਰਕੇ ਜੋ ਮਰਜ਼ੀ ਸ਼ੇਪ ਦਿੱਤੀ ਜਾ ਸਕਦੀ ਹੈ। ਇਸੇ ਤਰ੍ਹਾਂ ਜਦੋਂ ਸਾਡੇ ਬੱਚੇ ਛੋਟੇ ਹਨ ਤਾਂ ਉਨ੍ਹਾਂ ਨੂੰ ਵਧੀਆ ਸਿੱਖਿਆ ਪ੍ਰਣਾਲੀ ਦੇ ਰਾਹੀਂ ਤਰਾਸ਼ ਸਕਦੇ ਹਾਂ। ਅਧਿਆਪਕਾਂ ਦੀ ਸ਼ਲਾਘਾ ਸਿੱਖਿਆ ਮੰਤਰੀ ਨੇ ਕਿਹਾ ਕਿ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ। ਇਸੇ ਤਰ੍ਹਾਂ ਆਪਣੇ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਅਤੇ ਸਹੀ ਸਿਧਾਂਤਾ ਨਾਲ ਜੋੜਨ ਦਾ ਕੰਮ ਬਾਖੂਬੀ ਕਰਦੇਅ ਰਹੀਏ।ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ‘ਆਪ’ ਦੇ ਪੰਜਾਬ ਇੰਚਾਰਜ ਸ੍ਰੀ ਮਨੀਸ਼ ਸਿਸੋਦੀਆ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਸਾਰੇ ਮਿਲ ਕੇ ਇੱਕ ਅਲੱਗ ਕਿਸਮ ਦਾ ਪ੍ਰੋਗਰਾਮ ਉਲੀਕ ਰਹੇ ਹਾਂ। ਉਨ੍ਹਾਂ ਕਿਹਾ ਕਿ ਮੈਂ 10 ਸਾਲਾਂ ਤੋਂ ਸਿੱਖਿਆ ਪ੍ਰਣਾਲੀ ਅਤੇ ਰਾਜਨੀਤੀ ਦੇ ਨਾਲ ਜੁੜਿਆ ਹੋਇਆ ਹਾਂ। ਅਸਲ ਵਿੱਚ ਇਹੋ ਜਿਹੇ ਪ੍ਰੋਗਰਾਮ ਬਹੁਤ ਘੱਟ ਦੇਖਣ ਨੂੰ ਮਿਲਦੇ ਹਨ। ਇਸ ਦਾ ਸਿਹਰਾ ਸਨਾਤਨ ਸੇਵਾ ਸਮਿਤੀ ਪੰਜਾਬ ਅਤੇ ਵੇਦ ਪ੍ਰਚਾਰ ਮੰਡਲ ਪੰਜਾਬ, ਬੀ.ਸੀ.ਐਮ ਸਕੂਲ ਦੇ ਪ੍ਰਿੰਸੀਪਲ ਅਤੇ ਵਿਦਿਆਰਥੀਆਂ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਰੋਸ਼ਨ ਲਾਲ, ਵਿਜੇ ਸ਼ਰਮਾ ਅਤੇ ਸਾਰੇ ਸਕੂਲਾਂ ਦੇ ਪ੍ਰਿੰਸੀਪਲਾਂ ਨੇ ਮਿਲ ਕੇ ਇੱਕ ਵੱਡੀ ਸੋਚ ਰੱਖੀ ਹੈ ਕਿ ਵੇਦ, ਉਪਨਿਸ਼ਦ, ਰਾਮਾਇਣ ਅਤੇ ਗੀਤਾ ਦਾ ਗਿਆਨ ਵਿਦਿਆਰਥੀਆਂ ਨੂੰ ਦਿੱਤਾ ਜਾਵੇ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਇਹ ਧਾਰਮਿਕ ਗਿਆਨ ਪੜ੍ਹ ਕੇ ਅਤੇ ਸਮਝ ਕੇ ਆਪਣੀ ਜ਼ਿੰਦਗੀ ਵਿੱਚ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਧਾਰਮਿਕ ਗਿਆਨ ਬੀ.ਸੀ.ਐਮ ਸਕੂਲ ਤੋਂ ਵਧ ਕੇ ਪੂਰੇ ਪੰਜਾਬ ਦੇ ਸਕੂਲਾਂ ਵਿੱਚ ਪੜ੍ਹਾਏ ਜਾਣੇ ਚਾਹੀਦੇ ਹਨ। ਉਨ੍ਹਾਂ ਸਭ ਨੂੰ ਵਧਾਈ ਦਿੰਦਿਆਂ ਕਿਹਾ ਕਿ ਤਿੰਨ ਵਿਦਿਆਰਥੀਆਂ ਨੇ ਇਸ ਸਮਾਗਮ ਦੌਰਾਨ ਵੇਦ ਦੇ ਬਾਰੇ ਵਿੱਚ ਆਪਣੇ ਵਿਚਾਰ ਰੱਖੇ। 25 ਸਕੂਲਾਂ ਦੇ 296 ਬੱਚਿਆਂ ਨੇ ਇਸ ਮੰਚ ਉੱਤੇ ਆ ਕੇ ਆਪਣੀ ਗੱਲ ਰੱਖਣ ਦੇ ਲਈ ਵੇਦ, ਉਪਨਿਸ਼ਦ, ਰਾਮਾਇਣ ਅਤੇ ਗੀਤਾ ਦੇ ਮਾਧਿਅਮ ਰਾਹੀਂ ਆਪਣੇ ਰਸਤੇ ਨਾਪੇ ਹੋਣਗੇ। ਉਨ੍ਹਾਂ ਨੇ ਇਸ ਲਈ ਯੂ-ਟਿਊਬ ਤੇ ਸਰਚ ਕੀਤੀ ਹੋਵੇ ਜਾਂ ਚੈਟ ਜੀ.ਟੀ.ਪੀ ਦੇ ਮਾਧਿਅਮ ਰਾਹੀਂ ਆਪਣੀ ਸਪੀਚ ਲਿਖੀ ਹੋਵੇ ਲੇਕਿਨ ਉਹਨਾਂ ਨੇ ਇਸ ਨੂੰ ਪੜ੍ਹਿਆ ਤਾਂ ਖੁਦ ਹੀ ਹੋਵੇਗਾ। ਇਹ ਇੱਕ ਸਾਰਥਿਕ ਕੰਮ ਹੈ। ਅੱਜ ਭਾਵੇਂ ਸਾਰੀ ਦੁਨੀਆ ਵਿਗਿਆਨਿਕ ਪ੍ਰਯੋਗਸ਼ਾਲਾਵਾਂ ਵਿੱਚ ਬੈਠ ਕੇ ਯੂਨੀਵਰਸ ਦੀ ਥਾਹ ਪਾਉਣ ਲਈ ਕੰਮ ਕਰ ਰਹੀਆਂ ਹਨ। ਇਸ ਤਹਿਤ ਚਾਹੇ ਉਹ ਇਲੈਕਟ੍ਰਾਨ, ਨਿਊਟਰਾਨ ਅਤੇ ਪ੍ਰੋਟਾਨ ਦੇ ਬਾਰੇ ਵਿੱਚ ਜਾਨਣਾ ਚਾਹੁੰਦੇ ਹਨ ਜਾਂ ਫਿਰ ਇਹ ਦੇਖਣਾ ਚਾਹੁੰਦੇ ਹਨ ਕਿ ਯੂਨੀਵਰਸ ਵਿੱਚ ਕੁਝ ਠੋਸ ਹੈ ਜਾਂ ਫਿਰ ਸਭ ਤਰੰਗਾਂ ਹੀ ਤਰੰਗਾਂ ਹਨ। ਉਨ੍ਹਾਂ ਕਿਹਾ ਕਿ ਅੱਜ ਜਿਸ ਚੀਜ਼ ਨੂੰ ਦੁਨੀਆ ਸਮਝਣ ਦੀ ਕੋਸ਼ਿਸ਼ ਕਰ ਰਹੀ ਹੈ ਉਹ ਸਾਡੇ ਰਿਸ਼ੀਆਂ, ਗੁਰੂਆਂ ਨੇ ਆਪਣੇ ਅੰਦਰ ਵੜ ਕੇ ਸਮਝ ਲਿਆ ਅਤੇ ਲਿਖ ਦਿੱਤਾ। ਸਾਡੇ ਰਿਸ਼ੀਆਂ ਨੇ ਹਜ਼ਾਰਾਂ ਸਾਲ ਪਹਿਲਾਂ ਇਹ ਦੱਸ ਦਿੱਤਾ ਕਿ ਕੁਝ ਵੀ ਠੋਸ ਨਹੀਂ ਸਭ ਕੁਝ ਕੰਪਨ ਵਿੱਚ ਹੈ। ਸਾਡੇ ਬੱਚੇ ਵੇਦ, ਉਪਨਿਸ਼ਦ, ਰਾਮਾਇਣ ਅਤੇ ਗੀਤਾ ਅਤੇ ਹੋਰ ਗੁਰੂ ਸਾਹਿਤ ਦੇ ਵਿਚੋਂ ਲੰਘ ਕੇ ਵਿਗਿਆਨਕ ਸਰਚਾਂ ਕਰਨ ਲਈ ਜਾਣਗੇ ਤਾਂ ਮਹਾਨ ਵਿਗਿਆਨਕ ਬਣਨਗੇ। ਜਦੋਂ ਸਾਡੇ ਬੱਚੇ ਆਪਣੇ ਅੰਦਰ ਵੇਖਣਗੇ ਤਾਂ ਕਣ-ਕਣ ਸਮਝ ਆਵੇਗਾ।ਸ੍ਰੀ ਮੁਨੀਸ਼ ਸਿਸੋਦੀਆ ਨੇ ਕਿਹਾ ਕਿ ਇਹ ਹਰ ਭਾਰਤੀ ਨੂੰ ਸਮਝਣਾ ਪਵੇਗਾ ਕਿ ਕਿਸੇ ਆਈਨ ਸਟਾਈਨ ਨੇ ਆ ਕੇ ਜੋ ਗੱਲ ਸਮਝਾਈ ਹੈ ਉਹ ਸਾਡੇ ਰਿਸ਼ੀਆਂ, ਗੁਰੂਆਂ ਨੇ ਹਜ਼ਾਰਾਂ ਸਾਲ ਪਹਿਲਾਂ ਸਮਝਾਈ ਹੈ। ਸਾਨੂੰ ਇਹ ਵੀ ਸਮਝਣਾ ਪਵੇਗਾ ਕਿ ਜੋ ਗਿਆਨ ਹਜ਼ਾਰਾਂ ਸਾਲਾਂ ਤੋਂ ਸਾਡੇ ਕੋਲ ਹੈ ਉਸ ਨੂੰ ਭੁਲਾ ਕੇ ਜਾਤੀਵਾਦ ਵਰਗੇ ਸੌੜੇ ਵਿਚਾਰਾਂ ਵਿੱਚ ਕਿਉਂ ਪਏ ਹਾਂ। ਸਾਡੇ ਬੱਚਿਆਂ ਨੂੰ ਵੇਦ ਸਿੱਖਿਆ ਅਤੇ ਵਿਗਿਆਨਕ ਸਿੱਖਿਆ ਦੇਣੀ ਬਹੁਤ ਜਰੂਰੀ ਹੈ। ਅੱਜ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਮਨੁੱਖ ਦੇ ਦਿਮਾਗ ਵਿੱਚ ਕੂੜਾ-ਕਬਾੜ ਭਰ ਦਿੱਤਾ ਹੈ, ਇਸ ਕੂੜੇ ਕਬਾੜ ਨੂੰ ਵੇਦ, ਉਪਨਿਸ਼ਦ, ਰਾਮਾਇਣ, ਗੀਤਾ ਅਤੇ ਗੁਰੂ ਸਾਹਿਤ ਦੇ ਰਾਹੀਂ ਧੋਇਆ ਜਾ ਸਕਦਾ ਹੈ।ਇੱਕ ਸਾਲ ਤੋਂ ਸੰਸਕ੍ਰਿਤੀ, ਵੇਦਾਂ ਨਾਲ ਜੋੜਨ ਲਈ ਭਾਸ਼ਣ ਪ੍ਰਯੋਗਤਾ ਕਰਵਾਈ ਗਈ ਜਿਸ ਵਿੱਚ 25 ਸਕੂਲਾਂ ਦੇ 296 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਸਮਾਗਮ ਦੌਰਾਨ ਭਾਸ਼ਣ ਪ੍ਰਯੋਗਤਾ ਦੇ ਜੇਤੂ ਵਿਦਿਆਰਥੀਆਂ ਅਤੇ ਹਿੱਸਾ ਲੈਣ ਵਾਲੇ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਿੱਖਿਆ ਮੰਤਰੀ ਪੰਜਾਬ ਸ੍ਰੀ ਹਰਜੋਤ ਸਿੰਘ ਬੈਂਸ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ‘ਆਪ’ ਦੇ ਪੰਜਾਬ ਇੰਚਾਰਜ ਸ੍ਰੀ ਮਨੀਸ਼ ਸਿਸੋਦੀਆ ਨੇ ਸਨਮਾਨਿਤ ਵੀ ਕੀਤਾ।ਸਨਾਤਨ ਸੇਵਾ ਸਮਿਤੀ ਪੰਜਾਬ ਦੇ ਪ੍ਰਧਾਨ ਵਿਜੇ ਸ਼ਰਮਾ ਅਤੇ ਵੇਦ ਪ੍ਰਚਾਰ ਮੰਡਲ ਪੰਜਾਬ ਦੇ ਪ੍ਰਧਾਨ ਰੋਸ਼ਨ ਲਾਲ ਆਰੀਆ ਅਤੇ ਕੁਸੁਮ ਆਹੂਜਾ ਨੇ ਮੁੱਖ ਮਹਿਮਾਨ ਸਿੱਖਿਆ ਮੰਤਰੀ ਪੰਜਾਬ ਸ੍ਰੀ ਹਰਜੋਤ ਸਿੰਘ ਬੈਂਸ ਅਤੇ ਸਾਬਕਾ ਉਪ ਮੁੱਖ ਮੰਤਰੀ ਸ੍ਰੀ ਮੁਨੀਸ਼ ਸਿਸੋਦੀਆ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਸਮਾਰੋਹ ਦੀ ਸਮਾਪਤੀ ਰਾਸ਼ਟਰੀ ਗੀਤ ਗਾਇਨ ਨਾਲ ਹੋਈ।ਬਾਅਦ ਵਿੱਚ ਸਿੱਖਿਆ ਮੰਤਰੀ ਪੰਜਾਬ ਸ੍ਰੀ ਹਰਜੋਤ ਸਿੰਘ ਬੈਂਸ ਨੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ‘ਆਪ’ ਦੇ ਪੰਜਾਬ ਇੰਚਾਰਜ ਸ੍ਰੀ ਮਨੀਸ਼ ਸਿਸੋਦੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦਾ ਬਜਟ ਆ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਨੇ ਬਹੁਤ ਹੀ ਬੁਲੰਦ ਆਵਾਜ਼ ਵਿੱਚ ਪੰਜਾਬ ਦੀਆਂ ਮੰਗਾਂ ਦੇਸ਼ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਮਿਲ ਕੇ ਰੱਖੀਆਂ ਹਨ। ਉਹਨਾਂ ਕਿਹਾ ਕਿ ਪਿਛਲੇ ਸਾਲ ਆਪਰੇਸ਼ਨ ਸੰਧੂਰ ਅਤੇ ਹੜ੍ਹਾਂ ਦੇ ਕਾਰਨ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਸੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਸਪੈਸ਼ਲ ਰਾਹਤ ਪੈਕੇਜ ਅਤੇ ਪੰਜਾਬ ਦੇ ਜੋ ਕਾਨੂੰਨੀ ਹੱਕਾਂ ਤਹਿਤ ਚਾਹੇ ਉਹ ਆਰ.ਡੀ.ਐਫ ਦਾ ਰੁਪਾਇਆ ਜਾਂ ਹੋਰ ਸਕੀਮਾਂ ਦਾ ਰੁਪਾਇਆ ਹੈ ਉਹ ਦੇਣਾ ਚਾਹੀਦਾ ਹੈ। ਉਨ੍ਹਾਂ ਇਸ ਦੇ ਨਾਲ ਹੀ ਸਿੱਖਿਆ ਲਈ ਵੀ ਵਾਧੂ ਬਜਟ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਅੱਜ ਜੇਕਰ ਅਸੀਂ ਸਚ-ਮੁੱਚ ਹੀ ਭਾਰਤ ਨੂੰ ਸੁਪਰ ਪਾਵਰ ਬਣਾਉਣਾ ਚਾਹੁੰਦੇ ਹਾਂ ਉਸ ਵਿੱਚ ਸਿੱਖਿਆ ਦਾ ਅਹਿਮ ਰੋਲ ਹੋਵੇਗਾ। ਉਨ੍ਹਾਂ ਕਿਹਾ ਕਿ ਸਿਰਫ ਇੱਕ ਜਾਂ ਡੇਢ ਪ੍ਰਤੀਸ਼ਤ ਨਾਲ ਸਕੂਲਾਂ ਕਾਲਜਾਂ ਅਤੇ ਰਿਸਰਚਾਂ ਉੱਤੇ ਕੰਮ ਨਹੀਂ ਕੀਤਾ ਜਾ ਸਕਦਾ, ਘੱਟੋ ਘੱਟ 10 ਪ੍ਰਤੀਸ਼ਤ ਬਜਟ ਦਾ ਹਿੱਸਾ ਸਿੱਖਿਆ ਪ੍ਰਣਾਲੀ ਲਈ ਹੋਣਾ ਚਾਹੀਦਾ ਹੈ।