ਗੈਂਗਸਟਰਾਂ ਦੇ ਪਰਿਵਾਰਾਂ ਦੇ ਵਿਆਹਾਂ ‘ਚ ਜਾ ਰਹੇ ਅਕਾਲੀ ਆਗੂ, ਕੀ ਗੈਂਗਸਟਰਾਂ ਰਾਹੀਂ ਸੱਤਾ ‘ਚ ਆਉਣਾ ਚਾਹੁੰਦੇ ਸੁਖਬੀਰ ਬਾਦਲ?: ਧਾਲੀਵਾਲ

ਪਹਿਲਾਂ ਅੱਤਵਾਦ ਦੀ ਭੱਠੀ ‘ਚ ਝੋਕਿਆ, ਹੁਣ ਗੈਂਗਸਟਰਾਂ ਨਾਲ ਸਾਂਝਾਂ ਪਾ ਰਿਹਾ ਅਕਾਲੀ ਦਲ: ‘ਆਪ’

ਸੁਖਬੀਰ ਬਾਦਲ ਇੱਕ ਪਾਸੇ ਗੈਂਗਸਟਰ ਖ਼ਤਮ ਕਰਨ ਦੀ ਗੱਲ ਕਰਦੇ, ਦੂਜੇ ਪਾਸੇ ਗੈਂਗਸਟਰਾਂ ਦੇ ਵਿਆਹਾਂ ‘ਚ ਸ਼ਾਮਿਲ: ਕੁਲਦੀਪ ਧਾਲੀਵਾਲ

 ਚੰਡੀਗੜ੍ਹ, 31ਜਨਵਰੀ 2026 (ਦੀ ਪੰਜਾਬ ਵਾਇਰ)– ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਹਲਕਾ ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸ੍ਰੋਮਣੀ  ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਹੋਰ ਅਕਾਲੀ ਆਗੂਆਂ ਵੱਲੋਂ ਗੈਂਗਸਟਰਾਂ ਦੇ ਪਰਿਵਾਰਾਂ ਦੇ ਸਮਾਗਮਾਂ ਵਿੱਚ ਸ਼ਾਮਿਲ ਹੋਣ ‘ਤੇ ਤਿੱਖੇ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਗੈਂਗਸਟਰਵਾਦ ਅਤੇ ਡਰੱਗ ਮਾਫੀਏ ਖ਼ਿਲਾਫ਼ ਵੱਡੀ ਜੰਗ ਲੜ ਰਹੀ ਹੈ ਤਾਂ ਅਕਾਲੀ ਦਲ ਗੈਂਗਸਟਰਾਂ ਨਾਲ ਸਾਂਝਾਂ ਪਾ ਰਿਹਾ ਹੈ।

ਵਿਧਾਇਕ ਧਾਲੀਵਾਲ ਨੇ ਅੰਮ੍ਰਿਤਸਰ ਵਿੱਚ ਅੰਮ੍ਰਿਤਪਾਲ ਸਿੰਘ ਬਾਠ ਦੀ ਭੈਣ ਦੇ ਵਿਆਹ ਸਮਾਗਮ ਵਿੱਚ ਸੁਖਬੀਰ ਸਿੰਘ ਬਾਦਲ, ਵਿਰਸਾ ਸਿੰਘ ਵਲਟੋਹਾ, ਗਨੀਵ ਕੌਰ ਮਜੀਠੀਆ, ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਸ਼ਮੂਲੀਅਤ ਵਾਲੀਆਂ ਤਸਵੀਰਾਂ ਦਿਖਾਈਆਂ। ਉਨ੍ਹਾਂ ਕਿਹਾ ਕਿ ਇਹ ਤਸਵੀਰਾਂ ਅਕਾਲੀ ਦਲ ਬਾਦਲ ਦੀਆਂ ਨੀਅਤਾਂ ਅਤੇ ਤਰਜੀਹਾਂ ‘ਤੇ ਗੰਭੀਰ ਸਵਾਲ ਖੜ੍ਹੇ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸ਼ਮੂਲੀਅਤ ਦਰਸਾਉਂਦੀ ਹੈ ਕਿ ਜਦੋਂ ਮਾਨ ਸਰਕਾਰ ਗੈਂਗਸਟਰ ਖ਼ਤਮ ਕਰਨਾ ਚਾਹੁੰਦੀ ਹੈ ਤਾਂ ਅਕਾਲੀ ਦਲ ਗੈਂਗਸਟਰਾਂ ਨੂੰ ਪਾਲ ਰਿਹਾ ਹੈ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਸਬੰਧ ਬਣਾ ਰਿਹਾ ਹੈ।

ਧਾਲੀਵਾਲ ਨੇ ਕਿਹਾ ਕਿ ਇੱਕ ਪਾਸੇ ਸੁਖਬੀਰ ਬਾਦਲ ਦੂਜੇ-ਤੀਜੇ ਦਿਨ ਬਿਆਨ ਦਿੰਦੇ ਹਨ ਕਿ ਗੈਂਗਸਟਰਵਾਦ ਖ਼ਤਮ ਨਹੀਂ ਹੋ ਰਿਹਾ । ਦੂਜੇ ਪਾਸੇ ਉਹੀ ਸੁਖਬੀਰ ਬਾਦਲ ਗੈਂਗਸਟਰਾਂ ਦੇ ਪਰਿਵਾਰਾਂ ਦੇ ਵਿਆਹਾਂ ਵਿੱਚ ਸ਼ਾਮਿਲ ਹੋ ਕੇ ਸਾਬਤ ਕਰ ਰਹੇ ਹਨ ਕਿ ਉਨ੍ਹਾਂ ਦੀ ਸਿਆਸੀ ਲੜਾਈ ਗੈਂਗਸਟਰਾਂ ਦੇ ਸਿਰ ‘ਤੇ ਹੈ ਅਤੇ ਉਹ ਗੈਂਗਸਟਰਾਂ ਨੂੰ ਵਰਤ ਕੇ ਪੰਜਾਬ ਦੀ ਸੱਤਾ ‘ਤੇ ਆਉਣਾ ਚਾਹੁੰਦੇ ਹਨ।

ਆਪ ਆਗੂ ਨੇ ਕਿਹਾ ਕਿ ਪਹਿਲਾਂ ਅਕਾਲੀ ਦਲ ਨੇ ਪੰਜਾਬ ਦੇ ਮੁੰਡਿਆਂ ਨੂੰ ਅੱਤਵਾਦ ਦੀ ਭੱਠੀ ਵਿੱਚ ਝੋਕਿਆ ਸੀ। ਉਸੇ ਤਰ੍ਹਾਂ ਅੱਜ ਅਕਾਲੀ ਦਲ ਪੰਜਾਬ ਦੇ ਮੁੰਡਿਆਂ ਨੂੰ ਗੈਂਗਸਟਰ ਬਣਾ ਕੇ ਆਪਣੀ ਕੁਰਸੀ ਦੀ ਲਾਲਸਾ ਪੂਰੀ ਕਰਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਕਾਂਗਰਸ ਉਸ ਕਾਲੇ ਦੌਰ ਲਈ ਜ਼ਿੰਮੇਵਾਰ ਸੀ ਉੱਥੇ ਅਕਾਲੀ ਦਲ ਵੀ ਬਰਾਬਰ ਦਾ ਜ਼ਿੰਮੇਵਾਰ ਸੀ।

ਧਾਲੀਵਾਲ ਨੇ ਪੰਜਾਬੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਲੋਕਾਂ ਤੋਂ ਸਾਵਧਾਨ ਅਤੇ ਚੌਕੰਨੇ ਰਹਿਣਾ ਚਾਹੀਦਾ ਹੈ। ਪਹਿਲਾਂ ਵੀ ਕਾਂਗਰਸ ਅਤੇ ਅਕਾਲੀਆਂ ਨੇ ਪੰਜਾਬ ਨੂੰ ਅੱਗ ਦੀ ਭੱਠੀ ਵਿੱਚ ਧੱਕਿਆ ਸੀ ਅਤੇ ਹੁਣ ਫਿਰ ਗੈਂਗਸਟਰਾਂ ਨੂੰ ਪਾਲ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਹੇ ਹਨ।

ਵਿਧਾਇਕ ਧਾਲੀਵਾਲ ਨੇ ਕਿਹਾ ਕਿ ਭਾਵੇਂ ਇਹ ਲੋਕ ਜੋ ਮਰਜ਼ੀ ਕਰ ਲੈਣ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਵਾਅਦਾ ਹੈ ਕਿ ਪੰਜਾਬ ਵਿੱਚੋਂ ਗੈਂਗਸਟਰਵਾਦ ਅਤੇ ਡਰੱਗ ਮਾਫੀਆ ਜ਼ਰੂਰ ਖ਼ਤਮ ਕੀਤਾ ਜਾਵੇਗਾ।

Exit mobile version