ਭੱਠਲ ਦਾ ਬੰਬ ਧਮਾਕਿਆਂ ਵਾਲਾ ਬਿਆਨ ਅਤਿ ਗੰਭੀਰ, ਦੱਸਣ ਕਿਹੜੇ ਲੋਕ ਪੰਜਾਬ ਨੂੰ ਅੱਗ ਲਾਉਣਾ ਚਾਹੁੰਦੇ ਸਨ: ਕੁਲਦੀਪ ਧਾਲੀਵਾਲ

ਭੱਠਲ ਦੀ ਜ਼ੁਬਾਨੀ ਸਾਹਮਣੇ ਆਇਆ ਕਾਂਗਰਸ ਦਾ ਅਸਲੀ ਕਿਰਦਾਰ- ਧਾਲੀਵਾਲ

ਕੈਪਟਨ ਨੌਜਵਾਨ ਮਰਵਾਉਣ ਦੀ ਗੱਲ ਕਰ ਚੁੱਕੇ, ਹੁਣ ਭੱਠਲ ਨੇ ਖੋਲ੍ਹੇ ਬੰਬ ਧਮਾਕਿਆਂ ਦੇ ਰਾਜ਼: ਕੁਲਦੀਪ ਧਾਲੀਵਾਲ

ਸ੍ਰੀ ਅੰਮ੍ਰਿਤਸਰ ਸਾਹਿਬ, 28 ਜਨਵਰੀ 2026 (ਦੀ‌ ਪੰਜਾਬ ਵਾਇਰ)– ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਹਲਕਾ ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬੀਬੀ ਰਜਿੰਦਰ ਕੌਰ ਭੱਠਲ ਦੇ ਬੰਬ ਧਮਾਕਿਆਂ ਸਬੰਧੀ ਬਿਆਨ ਨੂੰ ਅਤਿ ਗੰਭੀਰ ਦੱਸਦਿਆਂ ਕਿਹਾ ਕਿ ਇਸ ਨੇ ਕਾਂਗਰਸ ਦਾ ਅਸਲੀ ਕਿਰਦਾਰ ਪੰਜਾਬੀਆਂ ਸਾਹਮਣੇ ਲਿਆ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਮੈਡਮ ਭੱਠਲ ਦੱਸਣ ਕਿ ਉਹ ਕਿਹੜੇ ਲੋਕ ਸਨ ਜੋ ਪੰਜਾਬ ਨੂੰ ਅੱਗ ਦੀ ਭੱਠੀ ਵਿੱਚ ਝੋਕਣਾ ਚਾਹੁੰਦੇ ਸਨ।

ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਬੀਬੀ ਭੱਠਲ ਦਾ ਇਹ ਬਿਆਨ ਦੱਸਦਾ ਹੈ ਕਿ ਕਾਂਗਰਸ ਨੇ ਪੰਜਾਬ ਨਾਲ ਕੀ ਧੋਖੇ ਕੀਤੇ ਹਨ। ਉਨ੍ਹਾਂ ਕਿਹਾ ਕਿ ਭੱਠਲ ਨੇ ਖੁਦ ਮੰਨਿਆ ਕਿ ਕੁਝ ਅਫ਼ਸਰਾਂ ਅਤੇ ਨੇਤਾਵਾਂ ਨੇ ਉਨ੍ਹਾਂ ਨੂੰ ਬੱਸਾਂ ਅਤੇ ਟਰੇਨਾਂ ਵਿੱਚ ਬੰਬ ਧਮਾਕੇ ਕਰਵਾ ਕੇ ਸਰਕਾਰ ਦੁਬਾਰਾ ਬਣਾਉਣ ਦੀ ਸਲਾਹ ਦਿੱਤੀ ਸੀ। ਧਾਲੀਵਾਲ ਨੇ ਕਿਹਾ ਕਿ ਇਹ ਖੁਲਾਸਾ ਸਾਬਤ ਕਰਦਾ ਹੈ ਕਿ ਕਾਂਗਰਸ ਸੱਤਾ ਲਈ ਲੋਕਾਂ ਨੂੰ ਮਰਵਾਉਣ, ਲੜਵਾਉਣ ਅਤੇ ਹਾਲਾਤ ਖ਼ਰਾਬ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੀ ਸੀ। ‘ਆਪ’ ਆਗੂ ਨੇ ਕਿਹਾ ਕਿ ਇਹ ਪਹਿਲਾ ਅਜਿਹਾ ਖੁਲਾਸਾ ਨਹੀਂ ਹੈ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੀ ਕਹਿ ਚੁੱਕੇ ਹਨ ਕਿ ਉਨ੍ਹਾਂ ਨੇ ਨੌਜਵਾਨਾਂ ਨੂੰ ਪੁਲਿਸ ਕੋਲ ਪੇਸ਼ ਕਰਵਾਇਆ ਅਤੇ ਉਨ੍ਹਾਂ ਨੂੰ ਮਾਰ ਦਿੱਤਾ ਗਿਆ। ਇਸੇ ਤਰ੍ਹਾਂ ਪ੍ਰਤਾਪ ਬਾਜਵਾ ਵੀ 32 ਬੰਬਾਂ ਦੀ ਗੱਲ ਕਰ ਚੁੱਕੇ ਹਨ। ਧਾਲੀਵਾਲ ਨੇ ਕਿਹਾ ਕਿ ਸਹਿਜੇ-ਸਹਿਜੇ ਸੱਚ ਬਾਹਰ ਆ ਰਿਹਾ ਹੈ ਕਿ ਕਾਂਗਰਸ ਨੇ ਪੰਜਾਬ ਨੂੰ ਬਰਬਾਦ ਕਰਨ ਵਿੱਚ ਕਿੰਨਾ ਵੱਡਾ ਰੋਲ ਅਦਾ ਕੀਤਾ। ਵਿਧਾਇਕ ਧਾਲੀਵਾਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬੇਨਤੀ ਕੀਤੀ ਕਿ ਇਸ ਬਿਆਨ ਦੀ ਜਾਂਚ ਕਰਾਈ ਜਾਵੇ ਅਤੇ ਪਤਾ ਲਗਾਇਆ ਜਾਵੇ ਕਿ ਕਿਹੜੇ ਸਿਆਸੀ ਨੇਤਾ ਅਤੇ ਅਫ਼ਸਰ ਸਨ ਜੋ ਪੰਜਾਬ ਨੂੰ ਅੱਗ ਦੀ ਭੱਠੀ ਵਿੱਚ ਝੋਕਦੇ ਸਨ। ਉਨ੍ਹਾਂ ਕਿਹਾ ਕਿ ਹਜ਼ਾਰਾਂ ਪਰਿਵਾਰਾਂ ਦੇ ਮੈਂਬਰ ਸ਼ਹੀਦ ਹੋਏ, ਚੌਂਕਾਂ ਵਿੱਚ ਬਲਾਸਟ ਹੋਏ, ਰਾਹ ਜਾਂਦੇ ਰਾਹੀ ਮਾਰੇ ਗਏ – ਇਨ੍ਹਾਂ ਸਭ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਹੋਣੀ ਚਾਹੀਦੀ ਹੈ। ਧਾਲੀਵਾਲ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਭੱਠਲ ਦੇ ਬਿਆਨ ਨੂੰ ਗੰਭੀਰਤਾ ਨਾਲ ਲੈਣ ਅਤੇ 1980 ਤੋਂ ਲੈ ਕੇ ਹੁਣ ਤੱਕ ਪੰਜਾਬ ਨਾਲ ਕੀ ਹੋਇਆ, ਇਸ ਉੱਤੇ ਡੂੰਘਾਈ ਨਾਲ ਸੋਚਣ। ਉਨ੍ਹਾਂ ਕਿਹਾ ਕਿ “ਇਹ ਲੋਕ ਪੰਜਾਬ ਦੀ ਬਰਬਾਦੀ ਦੇ ਦਲਾਲ ਬਣੇ ਰਹੇ, ਲੋਕਾਂ ਦੀ ਮੌਤ ਦੀ ਦਲਾਲੀ ਕਰਦੇ ਰਹੇ।”

Exit mobile version