ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 11 ਕੈਡਿਟ ਦੀ ਐਨ.ਡੀ.ਏ. ਅਤੇ ਹੋਰ ਪ੍ਰਮੁੱਖ ਰੱਖਿਆ ਸਿਖਲਾਈ ਅਕੈਡਮੀਆਂ ਲਈ ਚੋਣ

ਹੁਣ ਤੱਕ 289 ਕੈਡਿਟ ਵੱਖ-ਵੱਖ ਰੱਖਿਆ ਸਿਖਲਾਈ ਅਕੈਡਮੀਆਂ ਵਿੱਚ ਹੋਏ ਸ਼ਾਮਲ: ਅਮਨ ਅਰੋੜਾ

ਚੰਡੀਗੜ੍ਹ, 27 ਜਨਵਰੀ 2026 ( ਦੀ ਪੰਜਾਬ ਵਾਇਰ)– ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਐਸਏਐਸ ਨਗਰ ਦੇ 11 ਕੈਡਿਟਾਂ ਨੇ ਪਿਛਲੇ ਇੱਕ ਮਹੀਨੇ ਦੌਰਾਨ ਵੱਕਾਰੀ ਨੈਸ਼ਨਲ ਡਿਫੈਂਸ ਅਕੈਡਮੀ (ਐਨਡੀਏ) ਅਤੇ ਹੋਰ ਪ੍ਰਮੁੱਖ ਰੱਖਿਆ ਸਿਖਲਾਈ ਅਕੈਡਮੀਆਂ ਵਿੱਚ ਦਾਖਲਾ ਪ੍ਰਾਪਤ ਕੀਤਾ ਹੈ।

ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਪ੍ਰਾਪਤੀ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਹਥਿਆਰਬੰਦ ਸੈਨਾਵਾਂ ਵਿੱਚ ਭਰਤੀ ਹੋਣ ਲਈ ਨੌਜਵਾਨ ਪ੍ਰਤਿਭਾ ਨੂੰ ਨਿਖਾਰਨ ਪ੍ਰਤੀ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ। ਉਨ੍ਹਾਂ ਕਿਹਾ ਕਿ ਇਸ ਸੰਸਥਾ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੁੱਲ 289 ਕੈਡੇਟ ਵੱਖ-ਵੱਖ ਰੱਖਿਆ ਸਿਖਲਾਈ ਅਕੈਡਮੀਆਂ ਵਿੱਚ ਸ਼ਾਮਲ ਹੋਏ ਹਨ।ਕੈਡਿਟਾਂ ਨੂੰ ਸਿਖਲਾਈ ਅਕੈਡਮੀਆਂ ਵਿੱਚ ਚੋਣ ‘ਤੇ ਵਧਾਈ ਦਿੰਦਿਆਂ, ਸ੍ਰੀ ਅਮਨ ਅਰੋੜਾ ਨੇ ਕੈਡਿਟਾਂ ਦੀ ਭਵਿੱਖ ਵਿੱਚ ਸਫਲਤਾ ਦੀ ਕਾਮਨਾ ਕੀਤੀ ਅਤੇ ਉਨ੍ਹਾਂ ਨੂੰ ਸਖ਼ਤ ਮਿਹਨਤ ਕਰਨ ਅਤੇ ਮਿਸਾਲੀ ਅਧਿਕਾਰੀ ਬਣਨ ਲਈ ਉਤਸ਼ਾਹਿਤ ਕੀਤਾ।ਸ੍ਰੀ ਅਰੋੜਾ ਨੇ ਕਿਹਾ ਕਿ ਅੱਠ ਕੈਡਿਟਾਂ ਨੇ ਐਨਡੀਏ ਦੇ 155ਵੇਂ ਕੋਰਸ ਲਈ ਚੋਣ ਹੋਈ ਹੈ, ਜਿਨ੍ਹਾਂ ਵਿੱਚ ਲੁਧਿਆਣਾ ਤੋਂ ਵਿਸ਼ਵਰੂਪ ਸਿੰਘ ਗਰੇਵਾਲ ਅਤੇ ਭਾਸਕਰ ਜੈਨ,ਪਟਿਆਲਾ ਤੋਂ ਅਪਾਰਦੀਪ ਸਿੰਘ ਸਾਹਨੀ, ਪਠਾਨਕੋਟ ਤੋਂ ਪਰਮਦੀਪ ਸਿੰਘ, ਬਠਿੰਡਾ ਤੋਂ ਰੇਹਾਨ ਯਾਦਵ, ਸੰਗਰੂਰ ਤੋਂ ਸੁਖਪ੍ਰੀਤ ਸਿੰਘ, ਜਲੰਧਰ ਤੋਂ ਪ੍ਰਿੰਸ ਕੁਮਾਰ ਦੂਬੇ ਅਤੇ ਸ਼ੌਰਿਆ ਵਰਧਨ ਸਿੰਘ ਸ਼ਾਮਲ ਹਨ। ਰੋਪੜ ਜ਼ਿਲ੍ਹੇ ਦੇ ਕੈਡਿਟ ਗੁਰਕੀਰਤ ਸਿੰਘ ਦੀ ਇੰਡੀਅਨ ਨੇਵਲ ਅਕੈਡਮੀ (ਆਈਐਨਏ) ਦੇ 117ਵੇਂ ਕੋਰਸ ਵਿੱਚ ਸਿਲੈਕਸ਼ਨ ਹੋਈ ਹੈ। ਇਸ ਤੋਂ ਇਲਾਵਾ, ਬਠਿੰਡਾ ਦੇ ਗੁਰਨੂਰ ਸਿੰਘ ਦੀ ਮਿਲਟਰੀ ਕਾਲਜ ਆਫ਼ ਇਲੈਕਟ੍ਰਾਨਿਕਸ ਐਂਡ ਮਕੈਨੀਕਲ ਇੰਜੀਨੀਅਰਿੰਗ (ਐਮਸੀਈਐਮਈ) ਸਿਕੰਦਰਾਬਾਦ ਵਿਖੇ ਕੈਡੇਟਸ ਟ੍ਰੇਨਿੰਗ ਵਿੰਗ (ਸੀਟੀਡਬਲਯੂ) ਵਿੱਚ ਚੋਣ ਹੋਈ ਹੈ , ਜਦੋਂ ਕਿ ਜਲੰਧਰ ਦਾ ਆਕਾਸ਼ ਸਿੰਘ ਕੁਸ਼ਵਾਹਾ ਤਕਨੀਕੀ ਐਂਟਰੀ ਸਕੀਮ (ਟੀਈਐਸ)-54 ਕੋਰਸ ਲਈ ਮਿਲਟਰੀ ਕਾਲਜ ਆਫ਼ ਟੈਲੀਕਮਿਊਨੀਕੇਸ਼ਨ ਇੰਜੀਨੀਅਰਿੰਗ (ਐਮਸੀਟੀਈ) ਮਹੂ ਵਿਖੇ ਸੀਟੀਡਬਲਯੂ ਵਿੱਚ ਸ਼ਾਮਲ ਹੋਏ। ਗੁਰਨੂਰ ਸਿੰਘ ਨੇ ਤਕਨੀਕੀ ਐਂਟਰੀ ਸਕੀਮ (ਟੀਈਐਸ)-54 ਕੋਰਸ ਲਈ ਦੇਸ਼ ਭਰ ਵਿੱਚੋਂ 15ਵਾਂ ਰੈਂਕ ਪ੍ਰਾਪਤ ਕੀਤਾ ਹੈ।

Exit mobile version