ਲੁਧਿਆਣਾ ਦੀ ਨੁਹਾਰ ਬਦਲਣ ਲਈ ਵਿਸ਼ਵ ਪੱਧਰੀ ਸਟ੍ਰੀਟ ਪ੍ਰਾਜੈਕਟ: ਸੰਜੀਵ ਅਰੋੜਾ

ਲੁਧਿਆਣਾ ਦੀ ਸਟ੍ਰੀਟ ਰੀਡਿਜ਼ਾਈਨ ਯੋਜਨਾ ਵਿੱਚ ਸਾਈਕਲ ਸਵਾਰਾਂ, ਪੈਦਲ ਯਾਤਰੀਆਂ ਅਤੇ ਵਿਕਰੇਤਾਵਾਂ ਨੂੰ ਤਰਜੀਹ: ਸੰਜੀਵ ਅਰੋੜਾ

ਲੁਧਿਆਣਾ ਦੀਆਂ ਗਲ਼ੀਆਂ ਨੂੰ ਵਿਸ਼ਵ ਪੱਧਰੀ ਤਰਜ਼ ’ਤੇ ਨਵਿਆਉਣ ਲਈ ਜ਼ੀਰੋ ਰੁੱਖਾਂ ਦੀ ਕਟਾਈ ਵਾਲਾ ਸਮਾਵੇਸ਼ੀ ਡਿਜ਼ਾਈਨ : ਸੰਜੀਵ ਅਰੋੜਾ

ਚੰਡੀਗੜ੍ਹ; 24ਜਨਵਰੀ 2026 (ਦੀ ਪੰਜਾਬ ਵਾਇਰ)– ਪੰਜਾਬ  ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸੰਜੀਵ ਅਰੋੜਾ ਨੇ ਭਗਵੰਤ ਮਾਨ ਅਗਵਾਈ ਵਾਲੀ ਸਰਕਾਰ ਦੇ ਇੱਕ ਅਹਿਮ ਵਿਸ਼ਵ ਪੱਧਰੀ ਸਟ੍ਰੀਟ ਪ੍ਰੋਜੈਕਟ ਦੀ ਸ਼ੁਰੂਆਤ ਦਾ ਐਲਾਨ ਕੀਤਾ, ਜਿਸਦਾ ਉਦੇਸ਼ ਲੁਧਿਆਣਾ ਸ਼ਹਿਰ ਨੂੰ ਸੁਰੱਖਿਅਤ, ਸਮਾਵੇਸ਼ੀ, ਟਿਕਾਊ ਅਤੇ ਸਮਾਰਟ ਗਤੀਸ਼ੀਲਤਾ ਦੇ ਮਾਡਲ ਵਿੱਚ ਤਬਦੀਲ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਇਹ ਪਹਿਲਕਦਮੀ ਲੋਕਾਂ ਲਈ ਖੂਬਸੂਰਤ ਤੇ ਆਧੁਨਿਕ ਢੰਗ ਦੀਆਂ ਗਲੀਆਂ ਵਾਲੇ ਸ਼ਹਿਰ ਦੇ ਸੁਪਨੇ ਨੂੰ ਬੁਨਿਆਦੀ ਤੌਰ ’ਤੇ ਪੂਰਾ ਕਰਨ ਕੋਸ਼ਿਸ਼  ਹੈ।

 ਪ੍ਰਾਜੈਕਟ ਦੇ ਵੇਰਵੇ ਸਾਂਝੇ ਕਰਦਿਆਂ ਪੰਜਾਬ ਦੇ ਸਥਾਨਕ ਵਿਕਾਸ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ 10 ਅਹਿਮ ਸ਼ਹਿਰੀ ਗਲਿਆਰਿਆਂ ਵਿੱਚ 15 ਕਿਲੋਮੀਟਰ ਸੜਕਾਂ ਨੂੰ ਇੱਕ ਆਧੁਨਿਕ ਕਪਲੀਟ ਸਟ੍ਰੀਟ ਪਹੁੰਚ ਅਧੀਨ ਵਿਆਪਕ ਤੌਰ ’ਤੇ ਮੁੜ ਵਿਕਸਤ ਕੀਤਾ ਜਾਵੇਗਾ, ਜਿਸ ਵਿੱਚ ਵਾਹਨਾਂ ਦੀ ਟ੍ਰੈਫਿਕ ਦੇ ਨਾਲ-ਨਾਲ ਪੈਦਲ ਚੱਲਣ ਵਾਲਿਆਂ, ਸਾਈਕਲ ਸਵਾਰਾਂ, ਜਨਤਕ ਆਵਾਜਾਈ ਉਪਭੋਗਤਾਵਾਂ ਅਤੇ ਗਲੀ ਵਿਕਰੇਤਾਵਾਂ ਨੂੰ ਤਰਜੀਹ ਦਿੱਤੀ ਜਾਵੇਗੀ। ਮੰਤਰੀ ਨੇ ਕਿਹਾ ,‘‘ ਇਸ ਦਾ ਉਦੇਸ਼ ਗਲੀਆਂ ਨੂੰ ਸੁਚੱਜਤਾ ਤੇ ਤਰੀਕੇ ਨਾਲ  ਲੋਕਾਂ ਲਈ ਉਪਬਲਧ ਕਰਾਉਣਾ ਹੈ। ਇਹ ਗਲੀਆਂ ਹੁਣ ਸਿਰਫ਼ ਟ੍ਰੈਫਿਕ ਗਲਿਆਰੇ ਨਹੀਂ ਰਹਿਣਗੀਆਂ ਸਗੋਂ ਜੀਵੰਤ ਜਨਤਕ ਥਾਵਾਂ ਹੋਣਗੀਆਂ ਜੋ ਸੁਰੱਖਿਅਤ, ਪਹੁੰਚਯੋਗ ਅਤੇ ਵਾਤਾਵਰਣ ਪੱਖੀ ਹੋਣਗੀਆਂ,।’’

ਇਸ ਪ੍ਰੋਜੈਕਟ ਦੀਆਂ ਮੁੱਖ ਵਿਸ਼ੇਸ਼ਤਾਵਾਂ ਬਾਰੇ ਦੱਸਿਦਆਂ  ਸਥਾਨਕ ਵਿਕਾਸ ਮੰਤਰੀ ਨੇ ਕਿਹਾ ਕਿ ਇਸ ਵਿੱਚ 15 ਕਿਲੋਮੀਟਰ ਵਿਸ਼ਵ ਪੱਧਰੀ ਗਲੀਆਂ, 5.3 ਕਿਲੋਮੀਟਰ ਸਮਰਪਿਤ ਪਹੁੰਚਯੋਗ ਫੁੱਟਪਾਥ ਅਤੇ 15.7 ਕਿਲੋਮੀਟਰ ਸੀਮਾਬੱਧ ਸਾਈਕਲ ਲੇਨ ਅਤੇ ਸਮਰਪਿਤ ਸਾਈਕਲ ਟਰੈਕਾਂ ਦਾ ਵਿਕਾਸ ਸ਼ਾਮਲ ਹੈ। ਉਨ੍ਹਾਂ ਕਿਹਾ ਕਿ 40 ਮੀਂਹ ਅਤੇ ਸਨ-ਸ਼ੈਲਟਰਜ਼, 10 ਜਨਤਕ ਪਖ਼ਾਨੇ , 36 ਵਾਟਰ ਏਟੀਐਮਜ਼ ਦੀ ਸਥਾਪਨਾ ਸਮੇਤ ਰੋਜ਼ੀ-ਰੋਟੀ ਕਮਾਉਣ  ਲਈ 250 ਵੈਂਡਿੰਗ ਥਾਵਾਂ ਬਣਾਈਆਂ ਜਾਣਗੀਆਂ।

ਪ੍ਰੋਜੈਕਟ ਦੀਆਂ ਸੰਭਾਵਨਾਵਾਂ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਕੋਈ ਦਰਖ਼ਤ ਕੱਟਿਆ ਨਹੀਂ ਜਾਵੇਗਾ, 3,633 ਤੋਂ ਵੱਧ ਨਵੇਂ ਰੁੱਖ ਲਗਾਏ ਜਾਣ ਤੋਂ ਇਲਾਵਾ ਹਰਿਆ-ਭਰਿਆ ਵਾਤਾਵਰਣ ਸਿਰਜਣ ਲਈ 54 ਰੇਨ ਵਾਟਰ ਹਾਰਵੈਸਟਿੰਗ ਪਿਟਜ਼ ਬਣਾਏ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਹਨ੍ਹੇਰੀ-ਝੱਖੜ ਜਾਂ ਬਰਸਾਤੀ ਪਾਣੀ ਲਈ ਨਵੀਂ ਡਰੇਨੇਜ , ਐਲਈਡੀ ਸਟਰੀਟ ਲਾਈਟਾਂ, ਲੈਂਡਸਕੇਪਿੰਗ ਅਤੇ ਜੰਕਸ਼ਨ ਸੁਧਾਰ ਵੀ ਕੀਤੇ ਜਾਣਗੇ।

ਮੰਤਰੀ ਨੇ ਦੱਸਿਆ ਕਿ 162 ਕਰੋੜ ਰੁਪਏ ਦੇ ਇਸ ਪ੍ਰੋਜੈਕਟ ਨੂੰ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਦੁਆਰਾ ਪਾਇਲਟ ਕੀਤਾ ਜਾ ਰਿਹਾ ਹੈ, ਜਿਸਦੀ ਟੈਂਡਰਿੰਗ ਪ੍ਰਕਿਰਿਆ ਇਸ ਸਮੇਂ ਚੱਲ ਰਹੀ ਹੈ ਅਤੇ ਇਸਨੂੰ ਅਗਸਤ ਦੇ ਅੰਤ ਤੱਕ ਲਾਗੂ ਕਰਨ ਦੀ ਯੋਜਨਾ ਹੈ। ਮੰਤਰੀ ਨੇ ਕਿਹਾ,‘‘ਪ੍ਰੋਜੈਕਟ ਵਿੱਚ ਸੁਚੱਜੇ ਤੇ ਰੁਕਾਵਟ ਰਹਿਤ ਡਿਜ਼ਾਈਨ ਅੰਸ਼ ਸ਼ਾਮਲ ਹੋਣਗੇ, ਜਿਸ ਵਿੱਚ ਕਰਬ ਰੈਂਪ, ਟੈਕਟਾਈਲ ਪੇਵਿੰਗ, ਜ਼ੈਬਰਾ ਕਰਾਸਿੰਗ ਅਤੇ ਟੇਬਲਟੌਪ ਕਰਾਸਿੰਗ ਸ਼ਾਮਲ ਹਨ ਤਾਂ ਜੋ ਸਭ ਲਈ ਪਹੁੰਚਯੋਗਤਾ  ਯਕੀਨੀ ਬਣਾਈ ਜਾ ਸਕੇ,’’

ਐਗਜ਼ੀਕਿਊਸ਼ਨ ਮਾਡਲ ਦੀ ਵਿਆਖਿਆ ਕਰਦਿਆਂ ਸੰਜੀਵ ਅਰੋੜਾ ਨੇ ਕਿਹਾ ਕਿ ਪ੍ਰੋਜੈਕਟ ਹਾਈਬ੍ਰਿਡ ਐਨੂਇਟੀ ਮਾਡਲ ਦੇ ਤਹਿਤ ਲਾਗੂ ਕੀਤਾ ਜਾਵੇਗਾ, ਜੋ ਉੱਚ-ਗੁਣਵੱਤਾ ਵਾਲੀ ਉਸਾਰੀ ਅਤੇ ਲੰਬੇ ਸਮੇਂ ਦੇ ਰੱਖ-ਰਖਾਅ  ਨੂੰ ਯਕੀਨੀ ਬਣਾਏਗਾ।  ਉਨ੍ਹਾਂ ਕਿਹਾ, ‘‘ਰਿਆਇਤੀਕਰਤਾ ਰੱਖ-ਰਖਾਅ ਦੇ ਪੜਾਅ ਦੌਰਾਨ ਰੱਖ-ਰਖਾਅ ਲਈ ਜ਼ਿੰਮੇਵਾਰ ਹੋਵੇਗਾ, ਜਿਸਦੀ ਸਾਲਾਨਾ ਸੰਚਾਲਨ ਅਤੇ ਰੱਖ-ਰਖਾਅ ਦੀ ਲਾਗਤ ਉਸਾਰੀ ਲਾਗਤ ਦੇ 2.5 ਫੀਸਦੀ ਹੋਣ ਦਾ ਅਨੁਮਾਨ ਹੈ,’’

ਵਿਆਪਕ ਪ੍ਰਭਾਵ ਬਾਰੇ ਦੱਸਦਿਆਂ ਮੰਤਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਹਰੇ -ਭਰੇ ਬੁਨਿਆਦੀ ਢਾਂਚੇ ਰਾਹੀਂ ਸਥਿਰਤਾ ਨੂੰ ਏਕੀਕ੍ਰਿਤ ਕਰਦਾ ਹੈ, ਗੈਰ-ਮੋਟਰਾਈਜ਼ਡ ਆਵਾਜਾਈ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਸੁਧਰੇ ਹੋਏ ਸਾਈਨੇਜ, ਸਟ੍ਰੀਟ ਫਰਨੀਚਰ, ਸਮਰਪਿਤ ਪਾਰਕਿੰਗ, ਸਾਈਕਲ ਸਟੈਂਡ, ਪੁਲਿਸ ਬੂਥ ਅਤੇ ਸ਼ਹਿਰ ਦੇ ਗੇਟਵੇ ਰਾਹੀਂ ਸੜਕ ਸੁਰੱਖਿਆ ਨੂੰ ਵਧਾਉਂਦਾ ਹੈ।  ਮੰਤਰੀ ਨੇ ਅੱਗੇ ਕਿਹਾ, ‘‘ਖਾਸ ਗਲਿਆਰਿਆਂ, ਜਿਨ੍ਹਾਂ ਵਿੱਚ ਸ਼ੇਰਪੁਰ ਚੌਕ ਤੋਂ ਜਗਰਾਉਂ ਪੁਲ, ਮਾਡਲ ਟਾਊਨ ਰੋਡ ਅਤੇ ਗਿੱਲ ਨਹਿਰ ਪੁਲ ਤੋਂ ਗਿੱਲ ਪਿੰਡ ਸ਼ਾਮਲ ਹਨ, ਨੂੰ ਵਿਲੱਖਣ ਡਿਜ਼ਾਈਨ ਥੀਮਾਂ, ਨਾਲ ਦੁਬਾਰਾ ਵਿਕਸਤ ਕੀਤਾ ਜਾਵੇਗਾ ’’।

ਇਸ ਪਹਿਲਕਦਮੀ ਦੀ ਅਹਿਮੀਅਤ ਨੂੰ ਦੁਹਰਾਉਂਦਿਆਂ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਇਹ ਪ੍ਰੋਜੈਕਟ ਆਧੁਨਿਕ, ਲੋਕ-ਪੱਖੀ ਸ਼ਹਿਰ ਬਣਾਉਣ ਦੇ ਪੰਜਾਬ ਸਰਕਾਰ ਦੇ ਟੀਚੇ ਨਾਲ ਮੇਲ ਖਾਂਦਾ ਹੈ। ਉਨ੍ਹਾਂ ਕਿਹਾ, ‘‘ਇਹ ਪ੍ਰੋਜੈਕਟ ਜੀਵਨ ਦੀ ਗੁਣਵੱਤਾ ਵਿੱਚ ਮਹੱਤਵਪੂਰਨ ਸੁਧਾਰ ਕਰੇਗਾ, ਭੀੜ-ਭੜੱਕਾ ਘਟਾਏਗਾ, ਸੜਕ ਸੁਰੱਖਿਆ ਨੂੰ ਵਧਾਏਗਾ, ਸਥਾਨਕ ਕਾਰੋਬਾਰਾਂ ਲਈ ਲਾਹੇਵੰਦ  ਅਤੇ ਲੁਧਿਆਣਾ ਨੂੰ ਉੱਤਰੀ ਭਾਰਤ ਵਿੱਚ ਸ਼ਹਿਰੀ ਬਦਲਾਅ ਦੀ ਨਵੇਕਲੀ ਉਦਾਹਰਣ ਵਜੋਂ ਸਥਾਪਿਤ ਕਰੇਗਾ,’’

Exit mobile version