26 ਜਨਵਰੀ ਤੋਂ ਪਹਿਲਾਂ ਗੁਰਦਾਸਪੁਰ ਵਿੱਚ ‘ਡਿਜੀਟਲ ਡਰ’ ਫੈਲਾਉਣ ਦੀ ਵੱਡੀ ਕੋਸ਼ਿਸ਼ ਨਾਕਾਮ

ਗੁਰਦਾਸਪੁਰ ਦੇ 6 ਵਿਦਿਅਕ ਅਦਾਰਿਆਂ ਨੂੰ ਮਿਲੀ ਬੰਬ ਦੀ ਧਮਕੀ ਨਿਕਲੀ ‘ਹੋਕਸ’ (ਅਫਵਾਹ)

ਗੁਰਦਾਸਪੁਰ ਪੁਲਿਸ ਨੇ ਸਾਰੇ ਸਕੂਲਾਂ ਅਤੇ ਕਾਲਜਾਂ ਦੀ ਬਾਰੀਕੀ ਨਾਲ ਲਈ ਤਲਾਸ਼ੀ, ਕਿਤੇ ਵੀ ਕੁਝ ਨਹੀਂ ਮਿਲਿਆ

ਐਸ.ਐਸ.ਪੀ. ਆਦਿਤਿਆ ਦਾ ਕਹਿਣਾ- ਜਨਤਾ ਅਫਵਾਹਾਂ ਵੱਲ ਧਿਆਨ ਨਾ ਦੇਵੇ, ਪੁਲਿਸ ਪੂਰੀ ਤਰ੍ਹਾਂ ਮੁਸਤੈਦ

ਗੁਰਦਾਸਪੁਰ, 23 ਜਨਵਰੀ 2025 (ਮੰਨਣ ਸੈਣੀ)। ਗਣਤੰਤਰ ਦਿਵਸ ਦੇ ਪਵਿੱਤਰ ਤਿਉਹਾਰ ਤੋਂ ਠੀਕ ਪਹਿਲਾਂ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੀ ਸ਼ਾਂਤੀ ਭੰਗ ਕਰਨ ਅਤੇ ਜਨਤਾ ਵਿੱਚ ‘ਡਿਜੀਟਲ ਡਰ’ ਪੈਦਾ ਕਰਨ ਦੀ ਇੱਕ ਵੱਡੀ ਪਰ ਨਾਕਾਮ ਕੋਸ਼ਿਸ਼ ਕੀਤੀ ਗਈ ਹੈ। ਸ਼ੁੱਕਰਵਾਰ ਨੂੰ ਗੁਰਦਾਸਪੁਰ ਪੁਲਿਸ ਜ਼ਿਲ੍ਹੇ ਦੇ ਅਧੀਨ ਆਉਂਦੇ ਛੇ ਪ੍ਰਮੁੱਖ ਸਕੂਲਾਂ ਅਤੇ ਕਾਲਜਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਪੂਰੇ ਇਲਾਕੇ ਵਿੱਚ ਤਣਾਅਪੂਰਨ ਸਥਿਤੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ, ਪੁਲਿਸ ਦੀ ਮੁਸਤੈਦੀ ਨੇ ਜਲਦੀ ਹੀ ਸਥਿਤੀ ਨੂੰ ਕਾਬੂ ਹੇਠ ਕਰ ਲਿਆ ਅਤੇ ਹਾਲਾਤ ਆਮ ਵਰਗੇ ਹੋ ਗਏ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਡੀ.ਸੀ. ਦਫ਼ਤਰ ਨੂੰ ਵੀ ਬੰਬ ਨਾਲ ਉਡਾਉਣ ਦੀ ਝੂਠੀ ਧਮਕੀ (ਹੋਕਸ) ਮਿਲੀ ਸੀ, ਜਿਸ ਦੀ ਜਾਂਚ ਦੌਰਾਨ ਕੁਝ ਵੀ ਬਰਾਮਦ ਨਹੀਂ ਹੋਇਆ ਸੀ। ਅਣਪਛਾਤੀ ਈਮੇਲ ਰਾਹੀਂ ਮਿਲੀ ਇਸ ਧਮਕੀ ਵਿੱਚ ਸਕੂਲਾਂ ਅਤੇ ਕਾਲਜਾਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਗਈ ਸੀ।

ਸੂਚਨਾ ਮਿਲਦੇ ਹੀ ਸਬੰਧਤ ਸਕੂਲ ਅਤੇ ਕਾਲਜ ਪ੍ਰਬੰਧਕਾਂ ਨੇ ਸੁਰੱਖਿਆ ਦੇ ਮੱਦੇਨਜ਼ਰ ਤੁਰੰਤ ਵਿਦਿਆਰਥੀਆਂ ਨੂੰ ਛੁੱਟੀ ਕਰ ਦਿੱਤੀ ਅਤੇ ਉਨ੍ਹਾਂ ਨੂੰ ਸੁਰੱਖਿਅਤ ਘਰ ਭੇਜ ਦਿੱਤਾ। ਇਸ ਤੋਂ ਬਾਅਦ ਗੁਰਦਾਸਪੁਰ ਦੇ ਐਸ.ਐਸ.ਪੀ. ਆਦਿਤਿਆ ਦੀ ਅਗਵਾਈ ਹੇਠ ਬੰਬ ਨਿਰੋਧਕ ਦਸਤਿਆਂ, ਐਂਟੀ-ਸਬੋਤਾਜ ਟੀਮਾਂ, ਉੱਚ ਅਧਿਕਾਰੀਆਂ ਅਤੇ ਥਾਣਾ ਮੁਖੀਆਂ ਸਮੇਤ ਭਾਰੀ ਪੁਲਿਸ ਬਲ ਨੇ ਮੋਰਚਾ ਸੰਭਾਲਦਿਆਂ ਉਨ੍ਹਾਂ ਸਾਰੇ ਛੇ ਅਦਾਰਿਆਂ ਨੂੰ ਘੇਰੇ ਵਿੱਚ ਲੈ ਲਿਆ ਜਿਨ੍ਹਾਂ ਨੂੰ ਧਮਕੀ ਮਿਲੀ ਸੀ। ਡੌਗ ਸਕੁਐਡ ਅਤੇ ਮੈਟਲ ਡਿਟੈਕਟਰਾਂ ਦੀ ਮਦਦ ਨਾਲ ਕਮਰਿਆਂ, ਛੱਤਾਂ ਅਤੇ ਗਰਾਊਂਡਾਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ।


ਪੁਲਿਸ ਦੀ ਕਾਰਵਾਈ ਅਤੇ ਪੁਸ਼ਟੀ

ਕਈ ਘੰਟਿਆਂ ਦੀ ਜਾਂਚ ਤੋਂ ਬਾਅਦ ਐਸ.ਐਸ.ਪੀ. ਗੁਰਦਾਸਪੁਰ ਆਦਿਤਿਆ ਨੇ ਪੁਸ਼ਟੀ ਕੀਤੀ ਕਿ ਕਿਤੇ ਵੀ ਕੋਈ ਸ਼ੱਕੀ ਵਸਤੂ ਜਾਂ ਵਿਸਫੋਟਕ ਨਹੀਂ ਮਿਲਿਆ ਹੈ ਅਤੇ ਇਸ ਨੂੰ ਇੱਕ ‘ਹੋਕਸ’ (ਝੂਠੀ ਧਮਕੀ) ਕਰਾਰ ਦਿੱਤਾ। ਉਨ੍ਹਾਂ ਦੱਸਿਆ ਕਿ ਇਹ ਧਮਕੀਆਂ ਇੱਕੋ ਪੈਟਰਨ ‘ਤੇ ਅਧਾਰਿਤ ਸਨ ਅਤੇ ਇਹ ਮੇਲ ਕਈ ਹੋਰ ਥਾਵਾਂ ‘ਤੇ ਵੀ ਭੇਜੀ ਗਈ ਸੀ।

ਜਾਣਕਾਰੀ ਦਿੰਦੇ ਹੋਏ ਐਸਐਸਪੀ ਅਦਿਤਿਯ

ਐਸ.ਐਸ.ਪੀ. ਆਦਿਤਿਆ ਨੇ ਜਨਤਾ ਨੂੰ ਭਰੋਸਾ ਦਿੰਦਿਆਂ ਕਿਹਾ:

“ਕੁਝ ਸ਼ਰਾਰਤੀ ਅਨਸਰ ਗਣਤੰਤਰ ਦਿਵਸ ਦੇ ਮੌਕੇ ‘ਤੇ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਸੀਂ ਸਾਰੇ ਅਦਾਰਿਆਂ ਦੀ ਜਾਂਚ ਕਰ ਲਈ ਹੈ ਅਤੇ ਡਰਨ ਦੀ ਕੋਈ ਲੋੜ ਨਹੀਂ ਹੈ। ਜਨਤਾ ਕਿਸੇ ਵੀ ਤਰ੍ਹਾਂ ਦੀ ਅਫਵਾਹ ‘ਤੇ ਧਿਆਨ ਨਾ ਦੇਵੇ। ਪੁਲਿਸ ਪੂਰੀ ਤਰ੍ਹਾਂ ਅਲਰਟ ਹੈ ਅਤੇ ਇਨ੍ਹਾਂ ਈਮੇਲਾਂ ਪਿੱਛੇ ਮੌਜੂਦ ਸਮਾਜ ਵਿਰੋਧੀ ਅਨਸਰਾਂ ਦੀ ਪਛਾਣ ਲਈ ਸਾਈਬਰ ਸੈੱਲ ਦੀ ਮਦਦ ਲਈ ਜਾ ਰਹੀ ਹੈ। ਜ਼ਿਲ੍ਹੇ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।”

ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਡੀ.ਆਈ.ਜੀ. ਬਾਰਡਰ ਰੇਂਜ ਸੰਦੀਪ ਗੋਇਲ ਵੱਲੋਂ ਵੀ ਸਪੱਸ਼ਟ ਕੀਤਾ ਗਿਆ ਸੀ ਕਿ ਅਣਪਛਾਤੀ ਈਮੇਲ ਭੇਜਣ ਵਾਲੇ ਸਾਈਬਰ ਸੈੱਲ ਦੇ ਰਾਡਾਰ ‘ਤੇ ਹਨ। ਉਨ੍ਹਾਂ ਦੱਸਿਆ ਸੀ ਕਿ ਇਹ ਈਮੇਲ ਕਿੱਥੋਂ ਜਨਰੇਟ ਹੋ ਰਹੀ ਹੈ, ਇਸ ਦੀ ਤਕਨੀਕੀ ਜਾਂਚ ਜਾਰੀ ਹੈ। ਗਣਤੰਤਰ ਦਿਵਸ ਦੇ ਮੱਦੇਨਜ਼ਰ ਸਰਹੱਦ ‘ਤੇ ਪਹਿਲਾਂ ਹੀ ‘ਹਾਈ ਅਲਰਟ’ ਜਾਰੀ ਹੈ।

Exit mobile version