ਗੁਰਦਾਸਪੁਰ, 20 ਜਨਵਰੀ 2026 (ਮੰਨਣ ਸੈਣੀ)। ਮਹਾਨ ਤਪੱਸਵੀ ਯੋਗੀਰਾਜ ਸਤਿਗੁਰੂ ਸ਼੍ਰੀ ਬਾਬਾ ਲਾਲ ਦਿਆਲ ਜੀ ਦੇ 671ਵੇਂ ਜਨਮ ਦਿਵਸ ਦੇ ਸ਼ੁਭ ਅਵਸਰ ‘ਤੇ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਸਰਕਾਰ ਦੇ ਇਸ ਫੈਸਲੇ ਨਾਲ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੰਗ ਨੂੰ ਪ੍ਰਵਾਨ ਕਰਵਾਉਣ ਲਈ ਨਿਭਾਈ ਗਈ ਅਹਿਮ ਭੂਮਿਕਾ ਲਈ ਅੱਜ ਵੱਡੀ ਗਿਣਤੀ ਵਿੱਚ ਸੇਵਾਦਾਰਾਂ ਨੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਅਤੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਰਮਨ ਬਹਿਲ ਦੇ ਯਤਨਾਂ ਸਦਕਾ ਪੂਰੀ ਹੋਈ ਮੰਗ
ਸ਼ਰਧਾਲੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਰਮਨ ਬਹਿਲ ਨੂੰ ਮਿਲ ਕੇ ਇੱਕ ਮੰਗ ਪੱਤਰ ਸੌਂਪਿਆ ਸੀ, ਜਿਸ ਵਿੱਚ ਬਾਬਾ ਲਾਲ ਜੀ ਦੇ ਜਨਮ ਦਿਵਸ ਮੌਕੇ ਜ਼ਿਲ੍ਹੇ ਵਿੱਚ ਛੁੱਟੀ ਕਰਨ ਦੀ ਬੇਨਤੀ ਕੀਤੀ ਗਈ ਸੀ। ਰਮਨ ਬਹਿਲ ਨੇ ਸ਼ਰਧਾਲੂਆਂ ਦੀ ਭਾਵਨਾਵਾਂ ਨੂੰ ਸਮਝਦਿਆਂ ਇਸ ਮੰਗ ਨੂੰ ਤੁਰੰਤ ਪੰਜਾਬ ਸਰਕਾਰ ਦੇ ਸਾਹਮਣੇ ਰੱਖਿਆ ਅਤੇ ਨਿੱਜੀ ਦਿਲਚਸਪੀ ਲੈ ਕੇ ਇਸ ਨੂੰ ਮਨਜ਼ੂਰ ਕਰਵਾਇਆ।
ਸ਼ਰਧਾਲੂਆਂ ਨੇ ਘਰ ਜਾ ਕੇ ਕੀਤਾ ਸਨਮਾਨ
ਇਸ ਖੁਸ਼ੀ ਦੇ ਮੌਕੇ ਸੇਵਾਦਾਰਾਂ ਦੇ ਇੱਕ ਵਫ਼ਦ ਨੇ ਰਮਨ ਬਹਿਲ ਦੇ ਨਿਵਾਸ ਅਸਥਾਨ ‘ਤੇ ਪਹੁੰਚ ਕੇ ਉਨ੍ਹਾਂ ਦਾ ਧੰਨਵਾਦ ਕੀਤਾ। ਸ਼ਰਧਾਲੂਆਂ ਨੇ ਕਿਹਾ ਕਿ ਰਮਨ ਬਹਿਲ ਹਮੇਸ਼ਾ ਹੀ ਧਾਰਮਿਕ ਕਾਰਜਾਂ ਅਤੇ ਲੋਕਾਂ ਦੀਆਂ ਮੰਗਾਂ ਲਈ ਤਤਪਰ ਰਹਿੰਦੇ ਹਨ। ਉਨ੍ਹਾਂ ਨੇ ਯਾਦ ਕਰਵਾਇਆ ਕਿ ਸਾਲ 2023 ਵਿੱਚ ਵੀ ਬਹਿਲ ਵੱਲੋਂ ਸੰਗਤਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਗਈਆਂ ਸਨ ਅਤੇ ਇਸ ਵਾਰ ਵੀ ਉਨ੍ਹਾਂ ਦੀ ਦਿਨ-ਰਾਤ ਦੀ ਮਿਹਨਤ ਸਦਕਾ ਹੀ ਇਹ ਛੁੱਟੀ ਸੰਭਵ ਹੋ ਸਕੀ ਹੈ।
ਇਹ ਪ੍ਰਮੁੱਖ ਸ਼ਖਸੀਅਤਾਂ ਰਹੀਆਂ ਮੌਜੂਦ
ਧੰਨਵਾਦ ਕਰਨ ਵਾਲੇ ਜਥੇ ਵਿੱਚ ਯੋਗੇਸ਼ ਸ਼ਰਮਾ, ਨਰੇਸ਼ ਕਾਲੀਆ, ਸਾਬੀ, ਵਿਪਨ, ਅਮਨ, ਕੁੱਕੂ, ਸੂਰਜ ਸੂਰੀ, ਰਾਕੇਸ਼, ਜੱਗੂ, ਅਜੈ, ਸੁਭਾਸ਼, ਡਿੰਪਲ, ਰਾਕੇਸ਼ ਮਹਾਜਨ, ਰਜਿੰਦਰ ਸ਼ਰਮਾ, ਰਜਿੰਦਰ ਮਹਾਜਨ, ਤਿਲਕ ਰਾਜ, ਬਲਬਰੀ ਸ਼ਰਮਾ, ਲਵਲੀ, ਅਜੀਤ ਕੁਮਾਰ, ਪੰਡਿਤ ਨੀਰਜ ਸ਼ਰਮਾ ਅਤੇ ਲੁਭਾਇਆ ਸਮੇਤ ਕਈ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
