ਚੰਡੀਗੜ੍ਹ 16 ਜਨਵਰੀ 2026 (ਦੀ ਪੰਜਾਬ ਵਾਇਰ)– ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਬਾਸਮਤੀ ਚੌਲ ਨਿਰਯਾਤਕ ਸੰਕਟ ਵਿੱਚ ਹਨ ਅਤੇ ਈਰਾਨ ਵਿੱਚ ਵਧ ਰਹੀ ਅਨਿਸ਼ਚਿਤਤਾ ਕਾਰਨ ਉਨ੍ਹਾਂ ਦੀ 2,000ਕਰੋੜ ਰੁਪਏ ਤੋੰ ਵੱਧ ਦੀ ਬਰਾਮਦ ਰੁਕ ਗਈ ਹੈ ਅਤੇ ਭੁਗਤਾਨ ਵੀ ਸੁਚਾਰੂ ਨਹੀਂ ਹਨ। ਈਰਾਨ ਵਪਾਰ ਰੁਕਾਵਟ ਦੇ ਚਲਦਿਆਂ ਮੰਡੀਆਂ ਦੀਆਂ ਕੀਮਤਾਂ ਵਿਚ ਵੀ ਗਿਰਾਵਟ ਆਈ ਹੈ।
ਉਨ੍ਹਾਂ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਬੇਨਤੀ ਕੀਤੀ ਕਿ ਕਿਸਾਨਾਂ, ਮਿੱਲਰਾਂ ਅਤੇ ਨਿਰਯਾਤਕਾਂ ਦੇ ਹਿੱਤਾਂ ਦੀ ਰਾਖੀ ਲਈ ਕੇਂਦਰ ਦੇ ਤੁਰੰਤ ਦਖਲ ਦੀ ਲੋੜ ਹੈ। ਇਹ ਦੇਰੀ ਪੰਜਾਬ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾ ਰਹੀ ਹੈ ਅਤੇ ਬਾਸਮਤੀ ਚੌਲ ਨਿਰਯਾਤਕਾਂ ਨੂੰ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
