ਡਾ.ਉਬਰਾਏ ਨੇ ਮਹਰੂਮ ਪੱਤਰਕਾਰ ਹਰਜੀਤ ਗਰੇਵਾਲ ਦੇ ਪਰਿਵਾਰ ਦੀ ਫ਼ੜੀ ਬਾਂਹ

ਪੱਤਰਕਾਰ ਦੀ ਵਿਧਵਾ ਪਤਨੀ ਦੀ 2500 ਰੁਪਏ ਮਹੀਨਾਵਾਰ  ਪੈਨਸ਼ਨ ਸ਼ੁਰੂ

ਪੈਨਸ਼ਨ ਦਾ ਪਹਿਲਾ ਚੈੱਕ ਅੰਤਿਮ ਅਰਦਾਸ ਮੌਕੇ ਪਰਿਵਾਰ ਨੂੰ ਸੌਂਪਿਆ

ਅੰਮ੍ਰਿਤਸਰ 12 ਜਨਵਰੀ 2026 (ਦੀ ਪੰਜਾਬ ਵਾਇਰ)- ਹਰ ਔਖੀ ਘੜੀ ਵੇਲੇ ਲੋੜਵੰਦਾਂ ਦੀ ਮਦਦ ਲਈ ਸਭ ਤੋਂ ਪਹਿਲਾਂ ਅੱਗੇ ਆਉਣ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਟਰੱਸਟ ਦੇ ਬਾਨੀ ਡਾ.ਐਸ.ਪੀ.ਸਿੰਘ ਉਬਰਾਏ ਵੱਲੋਂ ਪਿਛਲੇ ਦਿਨੀਂ ਇੱਕ ਸੜਕ ਹਾਦਸੇ ‘ਚ ਆਪਣੀ ਜਾਨ ਗਵਾਉਣ ਵਾਲੇ ਅੰਮ੍ਰਿਤਸਰ ਦੇ ਸੀਨੀਅਰ ਪੱਤਰਕਾਰ ਹਰਜੀਤ ਸਿੰਘ ਗਰੇਵਾਲ ਦੇ ਪਰਿਵਾਰ ਦੀ ਇਸ ਔਖੀ ਘੜੀ ਵੇਲੇ ਬਾਂਹ ਫੜਦਿਆਂ,ਉਸ ਦੀ ਵਿਧਵਾ ਪਤਨੀ ਦੀ ਮਹੀਨਾਵਾਰ ਪੈਨਸ਼ਨ ਸ਼ੁਰੂ ਕੀਤੀ ਗਈ ਹੈ।

      ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ.ਐਸ.ਪੀ.ਸਿੰਘ ਉਬਰਾਏ ਨੇ ਦੱਸਿਆ ਕਿ ਟਰੱਸਟ ਦੀ ਅੰਮ੍ਰਿਤਸਰ ਟੀਮ ਵੱਲੋਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਕਿ ਅੰਮ੍ਰਿਤਸਰ ਦੇ ਸੀਨੀਅਰ ਪੱਤਰਕਾਰ ਹਰਜੀਤ ਸਿੰਘ ਗਰੇਵਾਲ ਦੀ ਇੱਕ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋ ਗਈ ਹੈ ਅਤੇ ਉਹ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਤਿੰਨ ਬੱਚਿਆਂ ਨੂੰ ਛੱਡ ਗਏ ਹਨ। ਉਨ੍ਹਾਂ  ਦੱਸਿਆ ਕਿ ਪਰਿਵਾਰ ਦੀ ਲੋੜ ਨੂੰ ਸਮਝਦਿਆਂ ਹੋਇਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪੱਤਰਕਾਰ ਹਰਜੀਤ ਗਰੇਵਾਲ ਦੀ ਵਿਧਵਾ ਪਤਨੀ ਨੂੰ ਘਰ ਦੇ ਗੁਜ਼ਾਰੇ ਲਈ 2500 ਰੁਪਏ ਮਹੀਨਾ ਪੈਨਸ਼ਨ ਦੇਣ ਦਾ ਫੈਸਲਾ ਕੀਤਾ ਹੈ। ਜਿਸ ਦਾ ਪਹਿਲਾ ਚੈੱਕ ਅੱਜ ਹਰਜੀਤ ਸਿੰਘ ਦੀ ਅੰਤਿਮ ਅਰਦਾਸ ਮੌਕੇ ਟਰੱਸਟ ਦੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ ਤੇ ਜਨਰਲ ਸਕੱਤਰ ਮਨਪ੍ਰੀਤ ਸਿੰਘ ਸੰਧੂ ਦੀ ਮੌਜ਼ੂਦਗੀ ‘ਚ ਪੀੜਤ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਗੇ ਤੋਂ ਹਰ ਮਹੀਨੇ ਪੈਨਸ਼ਨ ਸਿੱਧੀ ਪਰਿਵਾਰ ਦੇ ਬੈਂਕ ਖਾਤੇ ਵਿਚ ਭੇਜ ਦਿੱਤੀ ਜਾਇਆ ਕਰੇਗੀ।

Exit mobile version