ਪੀੜਤ ਅਧਿਆਪਕਾਂਵਾਂ ਨੂੰ ਇਨਸਾਫ ਦਿਵਾਉਣ ਲਈ ਜਨਤਕ ਜਥੇਬੰਦੀਆਂ ਵੱਲੋਂ ਤਿਆਰੀਆਂ ਸ਼ੁਰੂ।

20 ਜਨਵਰੀ ਦੇ ਧਰਨੇ ਲਈ ਮੀਟਿੰਗਾਂ ਦਾ ਦੌਰ ਸ਼ੁਰੂ

ਗੁਰਦਾਸਪੁਰ, 8 ਜਨਵਰੀ 2026 (ਮੰਨਨ ਸੈਣੀ)– ਵੱਖ ਵੱਖ ਜੱਥੇਬੰਦੀਆਂ ਵੱਲੋਂ ਦੋ ਅਧਿਆਪਕਾਂਵਾ ਨੂੰ ਤੰਗ ਪ੍ਰੇਸ਼ਾਨ ਕਰਨ ਅਤੇ ਜਿਨਸੀ ਸ਼ੋਸ਼ਣ ਦੀ ਕੋਸ਼ਿਸ਼ ਕਰਨ ਵਾਲੇ ਬੀ.ਪੀ.ਈ.ਓ ਕਾਦੀਆਂ ਬਲਾਕ-2 ਪੋਹਲਾ ਸਿੰਘ ਖਿਲਾਫ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕੀਤੀ ਜਾ ਰਹੀ ਢਿੱਲੀ ਕਾਰਗੁਜ਼ਾਰੀ ਖਿਲਾਫ ਜਨਤਕ ਜੱਥੇਬੰਦੀਆਂ ਵੱਲੋਂ 20 ਜਨਵਰੀ ਨੂੰ ਡਿਪਟੀ ਕਮਿਸ਼ਨਰ ਦਫਤਰ ਗੁਰਦਾਸਪੁਰ ਮੂਹਰੇ ਵਿਸ਼ਾਲ ਧਰਨਾ ਲਗਾਉਣ ਦੇ ਐਲਾਨ ਨੂੰ ਅਮਲੀ ਜਾਮਾ ਪਹਿਨਾਉਣ ਲਈ ਪਿੰਡ ਪੱਧਰ ਤੇ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ।

ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਦੀ ਅਗਵਾਈ ਹੇਠ ਡਾਇਰੈਕਟਰ ਸਕੂਲ ਐਜੂਕੇਸ਼ਨ ਪੰਜਾਬ ਨੂੰ ਮਿਲ ਕੇ ਸਾਰੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਬੀ ਪੀ ਈ ਓ ਕਾਦੀਆਂ 2 ਖਿਲਾਫ ਕਾਰਵਾਈ ਕਰਨ ਦਾ ਮੁੱਦਾ ਉਠਾਇਆ ਹੈ। ਉੱਧਰ ਪੀੜਤ ਅਧਿਆਪਕਾਂ ਨੇ ਮਹਿਲਾ ਕਮਿਸ਼ਨ ਪੰਜਾਬ ਅਤੇ ਐਸ ਸੀ ਕਮਿਸ਼ਨ ਪੰਜਾਬ ਨੂੰ ਨਿੱਜੀ ਤੌਰ ਤੇ ਮਿਲ ਕੇ ਸਾਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਕਾਰਵਾਈ ਦੀ ਮੰਗ ਕੀਤੀ ਹੈ। ਮਹਿਲਾ ਕਮਿਸ਼ਨ ਪੰਜਾਬ ਵਲੋਂ ਸਾਰੇ ਮਾਮਲੇ ਦੀ ਜਾਂਚ ਪੜਤਾਲ ਲਈ ਡੀ ਪੀ ਆਈ ਐਲੀਮੈਂਟਰੀ ਸਿੱਖਿਆ ਪੰਜਾਬ ਨੂੰ ਆਦੇਸ਼ ਦਿੱਤੇ ਹਨ। ਐਸ ਸੀ ਕਮਿਸ਼ਨ ਪੰਜਾਬ ਵਲੋਂ ਐਸ ਐਸ ਪੀ ਬਟਾਲਾ ਨੂੰ ਮਹਿਲਾ ਅਧਿਆਪਕਾ ਦਾ ਪੁਤਲਾ ਫੂਕਨ ਵਾਲੇ ਅਧਿਆਪਕਾਂ ਅਤੇ ਸੋਸ਼ਲ ਮੀਡੀਆ ਤੇ ਉਸ ਦੇ ਪਿਤਾ ਖਿਲਾਫ ਭੱਦੀ ਸ਼ਬਦਾਵਲੀ ਰਾਂਹੀ ਪ੍ਰੇਸ਼ਾਨ ਕਰਨ ਵਿਰੁੱਧ ਬਿਆਨ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਇਸਤਰੀ ਮੁਲਾਜ਼ਮ ਤਾਲਮੇਲ ਫਰੰਟ ਦੀ ਕਨਵੀਨਰ ਮੈਡਮ ਬਲਵਿੰਦਰ ਕੌਰ ਅਤੇ ਡੀ.ਟੀ.ਐੱਫ. ਦੇ ਜ਼ਿਲ੍ਹਾ ਸਕੱਤਰ ਅਮਰਜੀਤ ਸਿੰਘ ਕੋਠੇ ਨੇ ਕਿਹਾ ਕਿ ਬੀਤੇ 4 ਮਹੀਨਿਆਂ ਤੋਂ ਕਾਦੀਆਂ ਬਲਾਕ-2 ਦੇ ਬੀ.ਪੀ.ਈ.ਓ. ਪੋਹਲਾ ਸਿੰਘ ਖਿਲਾਫ ਤੰਗ ਪ੍ਰੇਸ਼ਾਨ ਕਰਨ ਅਤੇ ਜਿਨਸੀ ਸ਼ੋਸ਼ਣ ਕਰਨ ਦੀ ਕੋਸ਼ਿਸ਼ ਵਿਰੁੱਧ ਪਹਿਲਾਂ ਜ਼ਿਲ੍ਹਾ ਸਿੱਖਿਆ ਵਿਭਾਗ ਗੁਰਦਾਸਪੁਰ ਅਤੇ ਹੁਣ ਡਿਪਟੀ ਕਮਿਸ਼ਨਰ ਦਫਤਰ ਗੁਰਦਾਸਪੁਰ ਦੇ ਗੇੜ੍ਹੇ ਮਾਰਨੇ ਪੈ ਰਹੇ ਹਨ।ਜਦਕਿ ਪੀੜ੍ਹਿਤ ਅਧਿਆਪਕਾਂਵਾਂ ਵਿਰੁੱਧ ਬੀ.ਪੀ.ਈ.ਓ. ਪੋਹਲਾ ਸਿੰਘ ਕੂੜ੍ਹ ਪ੍ਰਚਾਰ ਕਰਕੇ ਉਹਨਾਂ ਦੇ ਮਾਨ ਸਨਮਾਨ ਨੂੰ ਹੋਰ ਜ਼ਿਆਦਾ ਠੇਸ ਪਹੁੰਚਾ ਕੇ ਉਹਨਾਂ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰ ਰਿਹਾ ਹੈ।ਉਹਨਾਂ ਕਿਹਾ ਕਿ ਬੀਤੀ 11 ਨਵੰਬਰ ਨੂੰ ਜ਼ਿਲ੍ਹਾ ਸਿੱਖਿਆ ਵਿਭਾਗ (ਐਲੀਮੈਂਟਰੀ ਸਿੱਖਿਆ) ਅਤੇ 22 ਦਸੰਬਰ ਨੂੰ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਧਰਨਾ ਲਗਾ ਕੇ ਸਾਰਾ ਮਾਮਲਾ ਧਿਆਨ ਵਿੱਚ ਲਿਆਂਦਾ ਗਿਆ ਸੀ।ਜਿਸ ਵਿੱਚ ਏਡੀਸੀ ਗੁਰਦਾਸਪੁਰ ਵੱਲੋਂ ਮਾਮਲੇ ਸੰਬੰੰਧੀ 16 ਦਸੰਬਰ ਨੂੰ 5 ਦਿਨ ਅਤੇ ਬਾਅਦ ਵਿੱਚ 24 ਦਸੰਬਰ ਨੂੰ 2 ਦਿਨ੍ਹਾਂ ਦਾ ਸਮਾਂ ਮੰਗਿਆ ਗਿਆ ਸੀ।ਪਰ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਬਜਾਇ ਸਿਰਫ ਗੋਂਗਲ਼ੂਆਂ ਤੋਂ ਮਿੱਟੀ ਹੀ ਝਾੜ੍ਹੀ ਜਾ ਰਹੀ ਹੈ ਅਤੇ ਇਸੇ ਹੀ ਢਿੱਲੀ ਕਾਰਗੁਜ਼ਾਰੀ ਕਾਰਨ ਬੀ.ਪੀ.ਈ.ਓ ਦੇ ਹੌਂਸਲੇ ਬੁਲੰਦ ਹੋ ਰਹੇ ਹਨ। ਔਰਤ ਫਰੰਟ ਵੱਲੋਂ ਐਸ ਸੀ ਬੀ ਸੀ ਵਿਚਾਰ ਧਾਰਾ ਦਾ ਲਵਾਦਾ ਪਹਿਨ ਕੇ ਬੀ ਪੀ ਈ ਓ ਕਾਦੀਆਂ 2 ਦੇ ਹੱਕ ਵਿੱਚ ਭੁਗਤਣ ਲਈ ਸੰਘਰਸ਼ ਕਰ ਰਹੀਆਂ ਪੀੜਤ ਅਧਿਆਪਕਾਂਵਾਂ ਅਤੇ ਸਹਿਯੋਗੀ ਸੰਘਰਸ਼ੀਲ ਆਗੂਆਂ ਵਿਰੁੱਧ ਝੂਠੀਆਂ ਸ਼ਿਕਾਇਤਾਂ ਕਰਨ ਅਤੇ ਮੀਡੀਆ ਵਿੱਚ ਭੱਦੀ ਸ਼ਬਦਾਵਲੀ ਵਰਤਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਅਤੇ ਇਸ ਸੰਗਠਨ ਦੇ ਜ਼ਿਮੇਵਾਰ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਨਸਾਫ਼ ਦੇ ਤਕਾਜ਼ੇ ਤੇ ਸਹੀ ਅਤੇ ਗ਼ਲਤ ਦੀ ਪਹਿਚਾਣ ਕਰਦਿਆਂ ਪੀੜਤ ਅਧਿਆਪਕਾਂਵਾਂ ਨੂੰ ਇਨਸਾਫ ਦਿਵਾਉਣ ਲਈ ਦ੍ਰਿੜਤਾ ਨਾਲ ਪਹਿਰਾ ਦੇਣ।ਆਗੂਆਂ ਨੇ ਕਿਹਾ ਕਿ ਇਹ ਵਰਤਾਰਾ ਮਹਿਜ਼ ਸਿੱਖਿਆ ਵਿਭਾਗ ਦਾ ਹੀ ਨਹੀਂ ਹੈ ਬਲਕਿ ਜਿੱਥੇ ਜਿੱਥੇ ਔਰਤਾਂ ਦੀ ਪ੍ਰਤੀਨਿਧਤਾ ਵਧੀ ਹੈ, ਉਹਨਾਂ ਵਿਭਾਗਾਂ ਵਿੱਚ ਬੈਠੇ ਔਰਤ ਵਿਰੋਧੀ ਮਾਨਸਿਕਤਾ ਨਾਲ ਸੰਬੰਧਤ ਵਿਅਕਤੀ ਇਸ ਤਰ੍ਹਾਂ ਦੇ ਵਰਤਾਰੇ ਨੂੰ ਅੰਜ਼ਾਮ ਦੇ ਰਹੇ ਹਨ।ਜਿਹਨਾਂ ਨੂੰ ਨੱਥ ਪਾਉਣ ਦੀ ਸਖਤ ਲੋੜ੍ਹ ਹੈ।ਉਹਨਾਂ ਕਿਹਾ ਕਿ ਇਸ ਮਾਮਲੇ ਰਾਹੀਂ ਬੀ.ਪੀ.ਈ.ਓ. ਪੋਹਲਾ ਸਿੰਘ ਖਿਲਾਫ ਸਖਤ ਕਾਰਵਾਈ ਕਰਵਾ ਕੇ ਇਸ ਕਿਸਮ ਦੀ ਮਿਸਾਲ ਕਾਇਮ ਕੀਤੀ ਜਾ ਸਕਦੀ ਹੈ।।ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਰਲੋਕ ਸਿੰਘ ਬਹਿਰਾਮਪੁਰ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਰਾਜ ਕੁਮਾਰ ਪੰਡੋਰੀ, ਇਫਟੂ ਦੇ ਸੂਬਾ ਵਿੱਤ ਸਕੱਤਰ ਜੋਗਿੰਦਰਪਾਲ ਪਨਿਆੜ, ਜ਼ਿਲ੍ਹਾ ਪ੍ਰਧਾਨ ਸੁਖਦੇਵ ਰਾਜ ਬਹਿਰਾਮਪੁਰ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਅਮਰ ਕ੍ਰਾਂਤੀ, ਡੈਮੋਕ੍ਰੇਟਿਕ ਪੈਨਸ਼ਨਰਜ਼ ਫਰੰਟ ਦੇ ਪ੍ਰਿੰਸੀਪਲ ਅਮਰਜੀਤ ਸਿੰਘ ਮਨੀ ਜਮਹੂਰੀ ਅਧਿਕਾਰ ਸਭਾ ਦੇ ਅਮਰਜੀਤ ਸ਼ਾਸ਼ਤਰੀ, ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਹਰਦੀਪ ਕੁਮਾਰ, ਸੁਰਿੰਦਰ ਸਿੰਘ ਸਰਬਜੀਤ ਸਿੰਘ ਅਤੇ ਸੁਖਜਿੰਦਰ ਸਿੰਘ ਸ਼ਾਮਿਲ ਹੋਏ।

Exit mobile version