ਗੁਰਦਾਸਪੁਰ ਪੁਲਿਸ ਦੀ ਚੌਕਸੀ ਸਦਕਾ ਨਵੇਂ ਸਾਲ ਦਾ ਸ਼ਾਂਤੀਪੂਰਨ ਆਗਾਜ਼, ਐਸਐਸਪੀ ਅਦਿਤਿਆ ਅਤੇ ਟੀਮ ਨੇ ਖੁਦ ਸੰਭਾਲਿਆ ਮੋਰਚਾ

ਪੁਲਿਸ ਦੀ ਸਰਗਰਮੀ ਸਿਰਫ਼ ਜਸ਼ਨਾਂ ਤੱਕ ਸੀਮਤ ਨਹੀਂ, ਜ਼ਿਲ੍ਹੇ ਨੂੰ ਅਪਰਾਧ-ਮੁਕਤ ਰੱਖਣ ਲਈ ਚੌਕਸੀ ਭਵਿੱਖ ਵਿੱਚ ਵੀ ਰਹੇਗੀ ਜਾਰੀ-ਐਸਐਸਪੀ ਆਦਿੱਤਿਆ

ਗੁਰਦਾਸਪੁਰ, 1 ਜਨਵਰੀ 2026 (ਮੰਨਨ ਸੈਣੀ)– ਗੁਰਦਾਸਪੁਰ ਪੁਲਿਸ ਦੀ ਸਖ਼ਤ ਚੌਕਸੀ ਅਤੇ ਮੁਸਤੈਦੀ ਕਾਰਨ ਜ਼ਿਲ੍ਹੇ ਵਿੱਚ ਨਵਾਂ ਸਾਲ 2026 ਅਮਨ ਅਤੇ ਸ਼ਾਂਤੀ ਨਾਲ ਸ਼ੁਰੂ ਹੋਇਆ। ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਗਏ ਪੁਖਤਾ ਇੰਤਜ਼ਾਮਾਂ ਸਦਕਾ ਕਿਤੇ ਵੀ ਕੋਈ ਅਣਸੁਖਾਵੀਂ ਘਟਨਾ ਵਾਪਰਨ ਦੀ ਖ਼ਬਰ ਨਹੀਂ ਮਿਲੀ, ਜਿਸ ਕਾਰਨ ਲੋਕਾਂ ਨੇ ਬਿਨਾਂ ਕਿਸੇ ਡਰ ਦੇ ਨਵੇਂ ਸਾਲ ਦੇ ਜਸ਼ਨ ਮਨਾਏ। ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਐਸਐਸਪੀ ਅਦਿਤਿਆ ਅਤੇ ਐਸਪੀ ਜੁਗਰਾਜ ਸਿੰਘ ਨੇ ਖੁਦ ਮੋਰਚਾ ਸੰਭਾਲਿਆ। ਇਸ ਮੌਕੇ ਉਨ੍ਹਾਂ ਦੇ ਨਾਲ ਡੀਐਸਪੀ ਸਿਟੀ ਮੋਹਨ ਸਿੰਘ ਅਤੇ ਐਸਐਚਓ  ਸਿਟੀ ਦਵਿੰਦਰ ਪ੍ਰਕਾਸ਼ ਸਮੇਤ ਭਾਰੀ ਪੁਲਿਸ ਫੋਰਸ ਮੌਜੂਦ ਸੀ। ਇਨ੍ਹਾਂ ਸਾਰੇ ਉੱਚ ਅਧਿਕਾਰੀਆਂ ਨੇ ਸ਼ਹਿਰ ਦੇ ਮੁੱਖ ਕੇਂਦਰ ਹਨੂਮਾਨ ਚੌਕ ਵਿਖੇ ਖੁਦ ਜਾ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਤਾਇਨਾਤ ਮੁਲਾਜ਼ਮਾਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ।

ਐਸਐਸਪੀ ਆਦਿੱਤਿਆ ਨੇ ਦੱਸਿਆ ਕਿ ਨਵੇਂ ਸਾਲ ਦੀ ਪੂਰਵ ਸੰਧਿਆ ਤੇ ਪੂਰੇ ਜ਼ਿਲ੍ਹੇ ਵਿੱਚ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਸੀ। ਮੁੱਖ ਬਜ਼ਾਰਾਂ, ਧਾਰਮਿਕ ਸਥਾਨਾਂ, ਹੋਟਲਾਂ ਅਤੇ ਰੈਸਟੋਰੈਂਟਾਂ ਦੇ ਬਾਹਰ ਪੁਲਿਸ ਬਲ ਤਾਇਨਾਤ ਰਿਹਾ। ਇਸ ਤੋਂ ਇਲਾਵਾ ਨਾਕਿਆਂ ਤੇ ਵਾਹਨਾਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ। ਖਾਸ ਕਰਕੇ ਡਰਿੰਕ ਐਂਡ ਡਰਾਈਵ (ਨਸ਼ੇ ਵਿੱਚ ਗੱਡੀ ਚਲਾਉਣਾ) ਅਤੇ ਹੁਲੜਬਾਜ਼ੀ ਕਰਨ ਵਾਲਿਆਂ ਤੇ ਤਿੱਖੀ ਨਜ਼ਰ ਰੱਖੀ ਗਈ। ਰਾਤ ਭਰ ਪੁਲਿਸ ਦੀਆਂ ਪੀ.ਸੀ.ਆਰ ਟੀਮਾਂ ਨੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਲਗਾਤਾਰ ਗਸ਼ਤ ਜਾਰੀ ਰੱਖੀ।

ਐਸਐਸਪੀ ਅਦਿਤਿਆ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਨਵੇਂ ਸਾਲ ਦੀ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਪੁਲਿਸ ਦੀ ਇਹ ਸਰਗਰਮੀ ਸਿਰਫ਼ ਜਸ਼ਨਾਂ ਤੱਕ ਸੀਮਤ ਨਹੀਂ ਹੈ, ਸਗੋਂ ਜ਼ਿਲ੍ਹੇ ਨੂੰ ਅਪਰਾਧ-ਮੁਕਤ ਰੱਖਣ ਲਈ ਇਹ ਚੌਕਸੀ ਭਵਿੱਖ ਵਿੱਚ ਵੀ ਜਾਰੀ ਰਹੇਗੀ।

ਡੀਐਸਪੀ ਮੋਹਨ ਸਿੰਘ ਅਤੇ ਐਸਐਚਓ ਦਵਿੰਦਰ ਪ੍ਰਕਾਸ਼ ਦੀ ਅਗਵਾਈ ਵਿੱਚ ਪੁਲਿਸ ਟੀਮਾਂ ਨੇ ਕਾਲਜ ਰੋਡ, ਰੇਲਵੇ ਰੋਡ ਅਤੇ ਹੋਰ ਸੰਵੇਦਨਸ਼ੀਲ ਇਲਾਕਿਆਂ ਵਿੱਚ ਵੀ ਮੌਜੂਦਗੀ ਦਰਜ ਕਰਵਾਈ, ਜਿਸ ਨਾਲ ਆਮ ਜਨਤਾ ਵਿੱਚ ਸੁਰੱਖਿਆ ਦਾ ਭਾਵ ਮਜ਼ਬੂਤ ਹੋਇਆ।

Exit mobile version