ਗੁਰਦਾਸਪੁਰ ਦੇ ਜੇਲ ਰੋਡ ‘ਤੇ ਫਾਇਰਿੰਗ ਦੇ ਮਾਮਲੇ: ਇਮੀਗ੍ਰੇਸ਼ਨ ਸੈਂਟਰ ‘ਤੇ ਗੋਲੀਬਾਰੀ ਕਰਨ ਵਾਲੇ 2 ਦੋਸ਼ੀ ਅਸਲੇ ਸਮੇਤ ਕਾਬੂ

ਡੋਮੀਨੋਜ਼ ਪਿੱਜ਼ਾ ਦੇ ਬਾਹਰ ਫਾਇਰਿੰਗ ਸਬੰਧੀ ਇਰਾਦਾ ਕਤਲ ਸਹਿਤ ਵੱਖ ਵੱਖ ਧਾਰਾਵਾਂ ਸਹਿਤ ਮਾਮਲਾ ਦਰਜ

ਗੁਰਦਾਸਪੁਰ, 29 ਦਸੰਬਰ 2025 (ਮਨਨ ਸੈਣੀ): ਸ਼ਹਿਰ ਦੇ ਜੇਲ ਰੋਡ ਇਲਾਕੇ ਵਿੱਚ ਲਗਾਤਾਰ ਵਾਪਰ ਰਹੀਆਂ ਫਾਇਰਿੰਗ ਦੀਆਂ ਘਟਨਾਵਾਂ ਨੂੰ ਲੈ ਕੇ ਗੁਰਦਾਸਪੁਰ ਪੁਲਿਸ ਹਰਕਤ ਵਿੱਚ ਆ ਗਈ ਹੈ। ਪੁਲਿਸ ਨੇ ਜਿੱਥੇ 25 ਦਸੰਬਰ ਨੂੰ ਇਮੀਗ੍ਰੇਸ਼ਨ ਸੈਂਟਰ ‘ਤੇ ਹੋਈ ਫਾਇਰਿੰਗ ਦੀ ਗੁੱਥੀ ਸੁਲਝਾਉਂਦੇ ਹੋਏ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ, ਉੱਥੇ ਹੀ 27 ਦਸੰਬਰ ਨੂੰ ਡੋਮੀਨੋਜ਼ ਪਿੱਜ਼ਾ ਦੇ ਬਾਹਰ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਅਣਪਛਾਤਿਆਂ ਖਿਲਾਫ ਇਰਾਦਾ ਕਤਲ ਸਮੇਤ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਅੱਗੇ ਵਧਾ ਦਿੱਤੀ ਹੈ।

ਇਮੀਗ੍ਰੇਸ਼ਨ ਸੈਂਟਰ ਫਾਇਰਿੰਗ ਕੇਸ: ਦੋ ਗ੍ਰਿਫਤਾਰ, ਗੈਂਗਸਟਰ ਨਿਸ਼ਾਨ ਜੌੜੀਆਂ ਨਾਲ ਜੁੜੇ ਤਾਰ

ਐਸਪੀ (ਡੀ) ਡੀਕੇ ਚੌਧਰੀ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 25 ਦਸੰਬਰ ਦੀ ਰਾਤ ਨੂੰ ਜੇਲ ਰੋਡ ਸਥਿਤ ਔਸੀ ਇਮੀਗ੍ਰੇਸ਼ਨ ਸੈਂਟਰ ਦੇ ਸ਼ਟਰ ‘ਤੇ ਹੋਈ ਫਾਇਰਿੰਗ ਮਾਮਲੇ ਵਿੱਚ ਪੁਲਿਸ ਨੇ ਤਕਨੀਕੀ ਜਾਂਚ ਦੇ ਆਧਾਰ ‘ਤੇ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਬਟਾਲਾ ਦੇ ਮੁਹੱਲਾ ਸ਼ੁਕਰਪੁਰਾ ਦੇ ਰਹਿਣ ਵਾਲੇ ਕਰਮਜੀਤ ਸਿੰਘ ਉਰਫ਼ ਕਰਮ ਅਤੇ ਰੋਹਿਤ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਦੋਸ਼ੀਆਂ ਕੋਲੋਂ ਇੱਕ .30 ਬੋਰ ਦਾ ਪਿਸਤੌਲ, ਅੱਠ ਜ਼ਿੰਦਾ ਕਾਰਤੂਸ, ਇੱਕ ਏਅਰ ਪਿਸਤੌਲ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ (ਜਿਸ ‘ਤੇ ਜਾਅਲੀ ਨੰਬਰ ਪਲੇਟ ਲੱਗੀ ਸੀ) ਬਰਾਮਦ ਕੀਤਾ ਗਿਆ ਹੈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਵੇਂ ਦੋਸ਼ੀ ਪਿਛਲੇ ਡੇਢ-ਦੋ ਮਹੀਨਿਆਂ ਤੋਂ ਗੈਂਗਸਟਰ ਨਿਸ਼ਾਨ ਜੌੜੀਆਂ ਦੇ ਸੰਪਰਕ ਵਿੱਚ ਸਨ ਅਤੇ ਮੋਬਾਈਲ ਐਪ ਰਾਹੀਂ ਗੱਲਬਾਤ ਕਰਦੇ ਸਨ। ਪੁਲਿਸ ਮੁਤਾਬਕ ਦੋਸ਼ੀ ਕਰਮਜੀਤ ਸਿੰਘ ਖਿਲਾਫ ਪਹਿਲਾਂ ਵੀ ਮਾਮਲਾ ਦਰਜ ਹੈ, ਜਦਕਿ ਰੋਹਿਤ ਦਾ ਰਿਕਾਰਡ ਸਾਫ਼ ਹੈ। ਪੁਲਿਸ ਦੋਵਾਂ ਦਾ ਰਿਮਾਂਡ ਲੈ ਕੇ ਹੋਰ ਵਾਰਦਾਤਾਂ ਬਾਰੇ ਪੁੱਛਗਿੱਛ ਕਰੇਗੀ।

ਡੋਮੀਨੋਜ਼ ਪਿੱਜ਼ਾ ਫਾਇਰਿੰਗ ਕੇਸ: ਫਿਰੌਤੀ ਨਾ ਦੇਣ ‘ਤੇ ਚਲਾਈਆਂ ਗੋਲੀਆਂ

ਦੂਜੇ ਪਾਸੇ, ਜੇਲ ਰੋਡ ‘ਤੇ ਹੀ ਸਥਿਤ ਡੋਮੀਨੋਜ਼ ਪਿੱਜ਼ਾ ਦੇ ਬਾਹਰ 27 ਦਸੰਬਰ ਦੀ ਸ਼ਾਮ ਕਰੀਬ 8:02 ਵਜੇ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਥਾਣਾ ਸਿਟੀ ਪੁਲਿਸ ਨੇ ਬੀਤੇ ਦਿਨ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਅਨੁਸਾਰ ਇਹ ਮਾਮਲਾ ਫਿਰੌਤੀ ਨਾਲ ਜੁੜਿਆ ਹੈ। ਉਨ੍ਹਾਂ ਦੱਸਿਆ ਕਿ 10 ਦਸੰਬਰ 2025 ਤੋਂ ਉਨ੍ਹਾਂ ਨੂੰ ਵਿਦੇਸ਼ੀ ਨੰਬਰਾਂ ਤੋਂ ਕਾਲਾਂ ਆ ਰਹੀਆਂ ਸਨ, ਜਿਸ ਵਿੱਚ ਪਹਿਲਾਂ 20 ਲੱਖ ਅਤੇ ਬਾਅਦ ਵਿੱਚ 10 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ।

ਪੈਸੇ ਨਾ ਦੇਣ ‘ਤੇ ਦੋਸ਼ੀਆਂ ਨੇ ਡਰਾਉਣ ਦੀ ਨੀਅਤ ਨਾਲ ਰੈਸਟੋਰੈਂਟ ‘ਤੇ ਫਾਇਰ ਕੀਤੇ, ਜਿਸ ਨਾਲ ਦੁਕਾਨ ਦੇ ਸ਼ੀਸ਼ੇ ਟੁੱਟ ਗਏ, ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ‘ਤੇ ਅਣਪਛਾਤੇ ਵਿਅਕਤੀ ਖਿਲਾਫ ਇਰਾਦਾ ਕਤਲ ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Exit mobile version