ਗੁਰਦਾਸਪੁਰ, 24 ਦਸੰਬਰ 2025 (ਮੰਨਨ ਸੈਣੀ)– ਜ਼ਿਲ੍ਹਾ ਸਿੱਖਿਆ ਅਫ਼ਸਰ ਪਰਮਜੀਤ ਕੌਰ ਦੀ ਨਿਗਰਾਨੀ ਅਤੇ ਜ਼ਿਲ੍ਹਾ ਗਾਈਡੈਂਸ ਕੌਂਸਲਰ ਪਰਮਿੰਦਰ ਸਿੰਘ ਸੈਣੀ ਦੇ ਪ੍ਰਬੰਧਾਂ ਹੇਠ ਸਮੱਗਰਾ ਸਿੱਖਿਆ ਅਭਿਆਨ ਅਧੀਨ ਵਿਦਿਆਰਥੀ ਦੀ ਸੁਰੱਖਿਆ ਸਬੰਧੀ ਇੱਕ ਰੋਜ਼ਾ ਜ਼ਿਲ੍ਹਾ ਪੱਧਰੀ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ। ਜ਼ਿਲ੍ਹੇ ਦੇ ਸਾਰੇ ਬਲਾਕਾਂ ਦੇ ਬੀ.ਐਨ.ਓ., ਬੀ.ਪੀ.ਓ. ਅਤੇ ਬਲਾਕ ਗਾਈਡੈਂਸ ਕੌਂਸਲਰਾਂ ਨੂੰ ਸਿਖਲਾਈ ਦਿੱਤੀ ਗਈ।
ਇਸ ਮੌਕੇ ਰਾਜ ਪੱਧਰੀ ਟ੍ਰੇਨਿੰਗ ਪ੍ਰਾਪਤ ਜ਼ਿਲ੍ਹਾ ਗਾਈਡੈਂਸ ਕਾਊਸਲਰ ਪਰਮਿੰਦਰ ਸਿੰਘ ਸੈਣੀ, ਸਹਾਇਕ ਜ਼ਿਲ੍ਹਾ ਗਾਈਡੈਂਸ ਕਾਊਸਲਰ ਮੁਕੇਸ਼ ਵਰਮਾ ਅਤੇ ਹਰੀਸ਼ ਕੁਮਾਰ ਨੇ ਜ਼ਿਲ੍ਹੇ ਦੇ ਵੱਖ–ਵੱਖ ਬਲਾਕਾਂ ਦੇ ਅਧਿਕਾਰੀਆਂ ਨੂੰ ਪੋਕਸੋ , ਆਫ਼ਤ ਪ੍ਰਬੰਧਨ ਅਤੇ ਸਾਈਬਰ ਸੁਰੱਖਿਆ ਨਾਲ ਸਬੰਧਤ ਸਾਵਧਾਨੀਆਂ ਬਾਰੇ ਜਾਣਕਾਰੀ ਦਿੱਤੀ। ਜ਼ਿਲ੍ਹਾ ਗਾਈਡੈਂਸ ਕਾਊਸਲਰ ਪਰਮਿੰਦਰ ਸਿੰਘ ਸੈਣੀ ਨੇ ਕਿਹਾ ਕਿ ਜੇਕਰ ਵਿਦਿਅਕ ਸੰਸਥਾਵਾਂ ਵਿੱਚ ਸੁਰੱਖਿਆ ਦੇ ਮਿਆਰ ਸਹੀ ਹੋਣਗੇ ਤਾਂ ਵਿਦਿਆਰਥੀਆਂ ਦਾ ਮਾਨਸਿਕ ਸੰਤੁਲਨ ਚੰਗਾ ਰਹੇਗਾ ਅਤੇ ਉਹ ਆਪਣੀ ਯੋਗਤਾ ਅਨੁਸਾਰ ਜ਼ਿੰਦਗੀ ਵਿੱਚ ਤਰੱਕੀ ਕਰ ਸਕਣਗੇ।
ਜ਼ਿਲ੍ਹਾ ਰਿਸੋਰਸ ਪਰਸਨ ਮੁਕੇਸ਼ ਵਰਮਾ ਨੇ ਇਸ ਪ੍ਰੋਗਰਾਮ ਤਹਿਤ ਸੁਰੱਖਿਆ ਅਤੇ ਸੁਰੱਖਿਆ ਨਾਲ ਸਬੰਧਤ ਯੋਜਨਾਵਾਂ ਜਿਵੇਂ ਕਿ ਪੋਕਸੋ ਐਕਟ 2012, ਜੁਵੇਨਾਈਲ ਜਸਟਿਸ ਐਕਟ 2015, ਬਾਲ ਕਿਸ਼ੋਰ ਐਕਟ 1986, ਬਾਲ ਅਧਿਕਾਰਾਂ ਦੀ ਸੁਰੱਖਿਆ CPCR ਐਕਟ 2005, RTE ਐਕਟ 2009, ਸੁਪਰੀਮ ਕੋਰਟ ਜੱਜਮੈਂਟ NDMA ਦਿਸ਼ਾ–ਨਿਰਦੇਸ਼ 2021 ਅਤੇ ਸੜਕ ਸੁਰੱਖਿਆ ਆਦਿ ਬਾਰੇ ਸਿਖਲਾਈ ਦਿੱਤੀ ਗਈ ਤਾਂ ਜੋ ਵਿਦਿਆਰਥੀ ਉਨ੍ਹਾਂ ਐਕਟਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣ। ਰਿਸੋਰਸ ਪਰਸਨ ਹਰੀਸ਼ ਕੁਮਾਰ ਨੇ ਕਰੀਅਰ ਐਡਵਾਈਜ਼ਰ ਐਪ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
