ਗੁਰਦਾਸਪੁਰ, 21 ਦਸੰਬਰ 2025 (ਮੰਨਨ ਸੈਣੀ)ਸਿੱਖਿਆ ਦੀ ਤਾਕਤ ਨਾਲ ਜ਼ਿੰਦਗੀਆਂ ਬਦਲ ਸਕਣ ਦੀ ਪ੍ਰਭਾਵਸ਼ਾਲੀ ਮਿਸਾਲ ਕਾਇਮ ਕਰਦਿਆਂ 4 ਸਿੱਖ ਰੈਜੀਮੈਂਟ, ਤਿਬਰੀ ਕੈਂਟ ਦੇ ਕਮਾਂਡਿੰਗ ਅਫ਼ਸਰ ਕਰਨਲ ਨਿਤਿਨ ਗੌਤਮ ਨੇ ਆਪਣੀ ਸਮਾਜ-ਸੇਵੀ ਧਰਮਪਤਨੀ ਸ਼੍ਰੀਮਤੀ ਸਵਾਤੀ ਗੌਤਮ ਨਾਲ ਮਿਲ ਕੇ ਸਲੱਮ ਏਰੀਆ ਮਾਨ ਕੌਰ ਵਿਖੇ ਸਥਿਤ ਪਰਲੀਮੀਨਰੀ ਐਜੂਕੇਸ਼ਨ ਸਟੱਡੀ ਸੈਂਟਰ ਦਾ ਦੌਰਾ ਕੀਤਾ। ਇਸ ਮੌਕੇ ਮੇਜਰ ਡੀ. ਵੀ. ਬਸਨੈੱਟ (ਕੇ.ਸੀ.) ਅਤੇ ਉਨ੍ਹਾਂ ਦੀ ਧਰਮਪਤਨੀ ਸ਼੍ਰੀਮਤੀ ਅਨੀਸ਼ਾ ਬਸਨੈੱਟ ਵੀ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ।ਸਾਰੇ ਮਹਿਮਾਨਾਂ ਦਾ ਨੈਸ਼ਨਲ ਅਵਾਰਡੀ ਸ਼੍ਰੀ ਰੋਮੇਸ਼ ਮਹਾਜਨ ਵੱਲੋਂ ਸਲੱਮ ਏਰੀਆ ਦੇ ਬੱਚਿਆਂ ਸਮੇਤ ਗਰਮਜੋਸ਼ੀ ਅਤੇ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ। ਉਨ੍ਹਾਂ ਵਲੋਂ ਰੋਮੇਸ਼ ਮਹਾਜਨ ਦੀ ਦੂਰਦਰਸ਼ੀ ਅਗਵਾਈ ਹੇਠ ਚੱਲ ਰਹੀਆਂ ਲੋਕ-ਭਲਾਈ ਗਤੀਵਿਧੀਆਂ ਦੀ ਖੁੱਲ੍ਹ ਕੇ ਸਰਾਹਨਾ ਕੀਤੀ।ਇਕੱਠ ਨੂੰ ਸੰਬੋਧਨ ਕਰਦਿਆਂ ਦੱਸਿਆ ਗਿਆ ਕਿ ਲਗਭਗ ਦਸ ਸਾਲ ਪਹਿਲਾਂ ਇਹ ਕੇਂਦਰ ਸਿਰਫ਼ ਤਿੰਨ ਬੱਚਿਆਂ ਨਾਲ ਇੱਕ ਟੈਂਟ ਵਿੱਚ ਸ਼ੁਰੂ ਹੋਇਆ ਸੀ, ਜੋ ਅੱਜ ਇੱਕ ਆਧੁਨਿਕ ਸਿੱਖਿਆ ਸੰਸਥਾ ਦਾ ਰੂਪ ਧਾਰ ਚੁੱਕਾ ਹੈ। ਵਰਤਮਾਨ ਸਮੇਂ ਵਿੱਚ ਇਸ ਕੇਂਦਰ ਵਿਖੇ 92 ਬੱਚੇ ਸਿੱਖਿਆ ਹਾਸਲ ਕਰ ਰਹੇ ਹਨ, ਜੋ ਲਗਨ, ਸਮਰਪਣ ਅਤੇ ਸਮੁਦਾਇਕ ਸਾਂਝੀ ਕੋਸ਼ਿਸ਼ ਦੀ ਪ੍ਰਤੀਕ ਹੈ।ਮੁੱਖ ਮਹਿਮਾਨ ਕਮਾਂਡਿੰਗ ਅਫ਼ਸਰ ਕਰਨਲ ਨਿਤਿਨ ਗੌਤਮ ਨੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਮਨ ਲਗਾ ਕੇ, ਅਨੁਸ਼ਾਸਨ ਅਤੇ ਆਤਮ-ਵਿਸ਼ਵਾਸ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਚਾਹੇ ਮੁੰਡੇ ਹੋਣ ਜਾਂ ਕੁੜੀਆਂ ਅਤੇ ਭਵਿੱਖ ਵਿੱਚ ਕੋਈ ਵੀ ਪੇਸ਼ਾ ਚੁਣਿਆ ਜਾਵੇ। ਮਹਿਮਾਨ ਦੰਪਤੀ ਨੇ ਬੱਚਿਆਂ ਨਾਲ ਨਿੱਜੀ ਤੌਰ ‘ਤੇ ਗੱਲਬਾਤ ਕਰਕੇ ਉਨ੍ਹਾਂ ਨੂੰ ਵੱਡੇ ਸੁਪਨੇ ਦੇਖਣ ਅਤੇ ਉਨ੍ਹਾਂ ਨੂੰ ਸਾਕਾਰ ਕਰਨ ਲਈ ਮਿਹਨਤ ਕਰਨ ਦਾ ਹੌਸਲਾ ਦਿੱਤਾ।ਇਸ ਮੌਕੇ ਬੱਚਿਆਂ ਵੱਲੋਂ ਰੰਗਾਰੰਗ ਸਾਂਸਕ੍ਰਿਤਕ ਪ੍ਰੋਗਰਾਮ, ਕਵਿਤਾਵਾਂ ਅਤੇ ਯੋਗਾ ਪ੍ਰਦਰਸ਼ਨ ਪੇਸ਼ ਕੀਤੇ ਗਏ।ਕਰਨਲ ਨਿਤਿਨ ਗੌਤਮ ਅਤੇ ਸ਼੍ਰੀਮਤੀ ਸਵਾਤੀ ਗੌਤਮ ਵੱਲੋਂ ਬੱਚਿਆਂ ਨੂੰ ਸਟਡੀ ਕਿੱਟਾਂ, ਖਾਣ-ਪੀਣ ਦੀਆਂ ਵਸਤੂਆਂ ਅਤੇ ਰਿਫ੍ਰੈਸ਼ਮੈਂਟ ਵੀ ਵੰਡੀਆਂ ਗਈਆਂ ਅਤੇ ਬਾਲ ਕਲਿਆਣ ਦੇ ਖੇਤਰ ਵਿੱਚ ਸ਼੍ਰੀ ਰੋਮੇਸ਼ ਮਹਾਜਨ ਦੀ ਨਿਰੰਤਰ ਅਤੇ ਨਿਸ਼ਕਾਮ ਸੇਵਾ ਦੀ ਪ੍ਰਸ਼ੰਸਾ ਕੀਤੀ ਗਈ।ਇਸ ਦੌਰਾਨ ਡਿਸਟ੍ਰਿਕਟ ਚਾਈਲਡ ਵੈਲਫੇਅਰ ਕੌਂਸਲ, ਗੁਰਦਾਸਪੁਰ ਵੱਲੋਂ ਚਲਾਏ ਜਾ ਰਹੇ ਪ੍ਰੋਜੈਕਟਾਂ ਅਤੇ ਗਤੀਵਿਧੀਆਂ ਨੂੰ ਦਰਸਾਉਂਦਾ ਯਾਦਗਾਰ ਸੋਵੀਨਾਰ “A Journey of Incremental Steps Towards Child Welfare”, ਜੋ ਸ਼੍ਰੀ ਕੇ. ਏ. ਪੀ. ਸਿਨ੍ਹਾ, ਚੀਫ਼ ਸੈਕਟਰੀ ਪੰਜਾਬ ਵੱਲੋਂ ਹਾਲ ਹੀ ਵਿੱਚ ਜਾਰੀ ਕੀਤਾ ਗਿਆ ਸੀ, ਸ਼੍ਰੀ ਰੋਮੇਸ਼ ਮਹਾਜਨ ਅਤੇ ਕੋਆਰਡੀਨੇਟਰ ਸ਼੍ਰੀ ਬਖ਼ਸ਼ੀ ਰਾਜ ਵੱਲੋਂ ਮਹਿਮਾਨਾਂ ਨੂੰ ਭੇਟ ਕੀਤਾ ਗਿਆ।ਸ਼੍ਰੀ ਰੋਮੇਸ਼ ਮਹਾਜਨ ਨੇ ਕਿਹਾ,“ਤੁਹਾਡਾ ਸਾਡੇ ਸਲੱਮ ਸਕੂਲ ਵਿੱਚ ਆਉਣਾ ਸਿਰਫ਼ ਪਿੱਛੜੇ ਬੱਚਿਆਂ ਦਾ ਹੀ ਨਹੀਂ, ਸਗੋਂ ਸਾਡੇ ਸਟਾਫ਼ ਦਾ ਵੀ ਹੌਸਲਾ ਕਾਫ਼ੀ ਵਧਾ ਗਿਆ ਹੈ। ਬੱਚਿਆਂ ਨਾਲ ਤੁਹਾਡੀ ਪ੍ਰੇਰਣਾਦਾਇਕ ਗੱਲਬਾਤ ਉਨ੍ਹਾਂ ਦੀ ਜ਼ਿੰਦਗੀ ‘ਤੇ ਡੂੰਘਾ ਅਤੇ ਸਥਾਈ ਪ੍ਰਭਾਵ ਛੱਡੇਗੀ।”ਇਸ ਮੌਕੇ ਕੇ.ਪੀ. ਲਾਈਨ ਇੰਚਾਰਜ, ਕੇਂਦਰ ਦੇ ਅਧਿਆਪਕ ਆਸੂ ਅਤੇ ਮੰਜੀਤ ਕੌਰ, ਕੇਅਰ ਗਿਵਰ ਮੈਡਮ ਕਿਰਨ, ਓਪਨ ਸ਼ੈਲਟਰ ਹੋਮ ਦੀ ਹੈੱਡ ਗਰਲ ਅਤੇ ਸਲੱਮ ਏਰੀਆ ਦੇ ਕਈ ਮਾਣਯੋਗ ਵਿਅਕਤੀ ਵੀ ਹਾਜ਼ਰ ਸਨ।
ਕਮਾਂਡਿੰਗ ਅਫ਼ਸਰ ਕਰਨਲ ਨਿਤਿਨ ਗੌਤਮ ਵੱਲੋਂ ਸਲੱਮ ਏਰੀਆ ਦੇ ਬੱਚਿਆਂ ਵਿੱਚ ਨਵੀਂ ਆਸ ਅਤੇ ਆਤਮ-ਵਿਸ਼ਵਾਸ ਦਾ ਸੰਚਾਰ
