“ਔਰਤਾਂ ਦੇ ਨਿੱਜੀ ਜੀਵਨ” ਬਾਰੇ ਬੋਲਣਾ ਸਹੀ ਨਹੀ, ਨਾਰੀ ਦੀ ਇੱਜਤ ਕਰਨਾ ਸੱਭ ਦਾ ਫਰਜ਼- ਰਮਨ ਬਹਿਲ
ਗੁਰਦਾਸਪੁਰ ਬਲਾਕ ਸਮਿਤੀ ’ਚ 21 ’ਚੋਂ 15 ਸੀਟਾਂ ਬਿਨਾਂ ਮੁਕਾਬਲਾ ਆਪ ਦੇ ਖਾਤੇ ’ਚ!
ਗੁਰਦਾਸਪੁਰ, 8 ਦਿਸੰਬਰ 2025 (ਮਨਨ ਸੈਣੀ)। ਜ਼ਿਲ੍ਹੇ ’ਚ ਬਲਾਕ ਸਮਿਤੀ ਤੇ ਜ਼ਿਲਾ ਪ੍ਰੀਸ਼ਦ ਚੋਣਾਂ ਦਾ ਪਾਰਾ ਪੂਰੀ ਤਰ੍ਹਾਂ ਚੜ੍ਹ ਗਿਆ ਹੈ। ਹਰੇਕ ਪਾਰਟੀ ਵੱਲੋਂ ਆਪਣੇ ਆਪਣੇ ਉਮੀਦਵਾਰਾ ਲਈ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਆਪਣੀ ਆਪਣੀ ਪਾਰਟੀ ਦੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ।
ਉੱਥੇ ਹੀ ਅੱਜ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਮਨ ਬਹਿਲ ਵੱਲੋਂ ਪ੍ਰੈਸ ਵਾਰਤਾ ਕੀਤੀ ਗਈ ਅਤੇ ਦੱਸਿਆ ਗਿਆ ਕਿ ਗੁਰਦਾਸਪੁਰ ਬਲਾਕ ਸਮਿਤੀ ਦੀਆਂ 21 ਸੀਟਾਂ ’ਚੋਂ 15 ਸੀਟਾਂ ਬਿਨਾਂ ਮੁਕਾਬਲਾ ਹੀ ਜਿੱਤ ਲਇਆ ਗਇਆ ਹਨ। ਉਹਨਾਂ ਕਿਹਾ, “ਇਹ ਲੋਕਾਂ ਦਾ ਆਪ ਵੱਲ ਖਿੱਚਦਾ ਜਨੂੰਨ ਹੀ ਹੈ। ਬਹਿਲ ਨੇ ਬਾਕੀ ਰਹਿੰਦੇ 6 ਬਲਾਕਾਂ ਤੇ 3 ਜ਼ਿਲਾ ਪ੍ਰੀਸ਼ਦ ਜ਼ੋਨਾਂ ’ਚ ਵੀ ਆਮ ਆਦਮੀ ਪਾਰਟੀ ਦੀ ਜਿੱਤਣ ਦੀ ਗੱਲ ਕਹੀ।
ਵਿਧਾਇਕ ’ਤੇ ਤਿੱਖੇ ਸ਼ਬਦੀ ਹਮਲੇ
ਇਸ ਮੌਕੇ ਤੇ ਆਮ ਦੇ ਗੁਰਦਾਸਪੁਰ ਤੋਂ ਹਲਕਾ ਇੰਚਾਰਜ ਰਮਨ ਬਹਿਲ ਨੇ ਗੁਰਦਾਸਪੁਰ ਦੇ ਕਾਂਗਰਸੀ ਵਿਧਾਇਕ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਬਹਿਲ ਵੱਲੋਂ ਬੋਲਦਿਆਂ ਕਿਹਾ ਗਿਆ ਕਿ, “ਵਿਧਾਇਕ ਸਾਹਿਬ ਦੀਆਂ ਗੱਲਾਂ ’ਚ ਨਾ ਵਜ਼ਨ ਹੈ, ਨਾ ਗਿਆਨ। ਜਿਹੜੀਆਂ ਗੱਲਾਂ ਪਹਿਲਾਂ ਬਦਨਾਮੀ ਸਮਝੀਆਂ ਜਾਂਦੀਆਂ ਸਨ, ਉਹਨਾਂ ਜਰਿਏ ਹੁਣ ਮਸ਼ਹੂਰੀ ਪ੍ਰਾਪਤ ਕਰਨ ਦੀ ਕੌਸ਼ਿਸ਼ ਕੀਤੀ ਜਾ ਰਹੀ ਹੈ। ਗੁਰਦਾਸਪੁਰ ਵਰਗੇ ਸੰਸਕਾਰੀ ਇਲਾਕੇ ’ਚ ਰਾਜਨੀਤੀ ਨੂੰ ਨਿਚਲੇ ਪੱਤਰ ਤੱਕ ਡੇਗਣਾ ਬਹੁਤ ਵੱਡੀ ਤਰਾਸਦੀ ਹੈ।” ਉਹਨਾਂ ਅੱਗੇ ਕਿਹਾ, “ਚੋਣਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਨੇ, ਪਰ ਸਿਆਸਤ ਦੀ ਮਰਿਆਦਾ ਨਹੀਂ ਡਿੱਗਣੀ ਚਾਹੀਦੀ। ਨੇਤਾ ਸਮਾਜ ਨੂੰ ਰਾਹ ਦਿਖਾਉਣ ਵਾਲੇ ਹੁੰਦੇ ਨੇ”

ਕਾਂਗਰਸ ਅਤੇ ਅਕਾਲੀ ਦਲ ਵੱਲੋਂ ਲਗਾਏ ਗਏ ਦੋਸ਼ਾ ਨੂੰ ਸਿਰੇ ਤੋਂ ਨਕਾਰਿਆ
ਵਿਧਾਇਕ ਅਤੇ ਅਕਾਲੀ ਦਲ ਵੱਲੋਂ ਕਾਗਜ ਰੱਦ ਕਰਵਾਉਣ ਅਤੇ ਧੱਕੇਸ਼ਾਹੀ ਦੇ ਦੋਸ਼ਾ ਦਾ ਜਵਾਬ ਦਿੰਦੇ ਹੋਏ ਬਹਿਲ ਨੇ ਯਾਦ ਦਵਾਇਆ ਕਿ ਕਾਂਗਰਸ ਦੀ ਪਿਛਲੀ ਸਰਕਾਰ ਨੇ 17 ਦੇ 17 ਬਲਾਕਾਂ ’ਚ ਨਾਮਜ਼ਦਗੀਆਂ ਰੱਦ ਕਰਵਾ ਕੇ ਆਪਣੇ ਬੰਦਿਆਂ ਨੂੰ ਬਿਨਾਂ ਮੁਕਾਬਲੇ ਜਿਤਾਇਆ ਸੀ। “ਅਸੀਂ ਤਾਂ ਅੱਜ ਤੱਕ ਇੱਕ ਵੀ ਕਾਗਜ਼ ਰੱਦ ਨਹੀਂ ਕਰਵਾਇਆ। ਜਿਹੜੇ ਕਾਂਗਰਸੀ ਅੱਜ ਡਰ ਕੇ ਭੱਜ ਰਹੇ ਨੇ, ਉਹਨਾਂ ਨੇ ਜਾਣ-ਬੁੱਝ ਕੇ ਗਲਤ ਕਾਗਜ਼ ਪਾ ਕੇ ਆਪਣੇ ਆਪ ਨੂੰ ਬਾਹਰ ਕਰਵਾ ਲਿਆ।” ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਸਮੇਂ ਵੀ ਕਿਸੇ ਨੂੰ ਚੋਣਾਂ ਨਹੀਂ ਲੜ੍ਹਨ ਦਿੱਤਿਆ ਗਇਆ, ਪਰ ਉਨ੍ਹਾਂ ਵੱਲੋਂ ਇਸ ਤਰ੍ਹਾਂ ਦਾ ਕੁਝ ਨਹੀਂ ਕੀਤਾ ਗਿਆ।
ਔਰਤਾਂ ਦੇ ਨਿੱਜੀ ਜੀਵਨ ’ਤੇ ਬੋਲਣ ਵਾਲਿਆਂ ਨੂੰ ਲਤਾੜ
ਸਭ ਤੋਂ ਤਿੱਖਾ ਹਮਲਾ ਕਰਦਿਆਂ ਰਮਨ ਬਹਿਲ ਨੇ ਕਿਹਾ, “ਵਿਧਾਇਕ ਸਾਹਿਬ ਨੂੰ ਨਾ ਸਰਕਾਰੀ ਅਫ਼ਸਰਾਂ ਨਾਲ ਮੰਦੀ ਭਾਸ਼ਾ ਦਾ ਇਸਤੇਮਾਲ ਕਰਨ ’ਚ ਸ਼ਰਮ ਆਉਂਦੀ, ਨਾ ਔਰਤਾਂ ਦੇ ਨਿੱਜੀ ਜੀਵਨ ਨੂੰ ਪਬਲਿੱਕ ਵਿੱਚ ਲਿਆਉਣ ’ਚ ਹਿਚਕ। ਉਨ੍ਹਾਂ ਕਿਹਾ ਕਿ ਕਿਸੇ ਔਰਤ ਦੇ ਪਰਿਵਾਰਕ ਜੀਵਨ ’ਤੇ ਉਂਗਲ ਚੁੱਕਣਾ ਕਿਸੇ ਵੀ ਸੂਰਤ ’ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।” ਦੱਸਣਯੋਗ ਹੈ ਕਿ ਵਿਧਾਇਕ ਵੱਲੋਂ ਪ੍ਰੈਸ ਕਾਨਫਰੈਂਸ ਕਰ ਇੱਕ ਮਹਿਲਾ ਅਧਿਕਾਰੀ ਤੇ ਵਿਵਾਦਿਤ ਟਿੱਪਣੀ ਕਰਦੇ ਹੋਏ ਕਈ ਦੋਸ਼ ਲਗਾਏ ਗਏ ਸਨ।
“ਕਾਂਗਰਸ ਦਾਗੀਆਂ ਨੂੰ ਟਿਕਟਾਂ ਦੇ ਰਹੀ, ਅਸੀਂ ਸਾਫ਼-ਸੁਥਰੇ ਬੰਦੇ ਖੜ੍ਹੇ ਕੀਤੇ”
ਬਹਿਲ ਨੇ ਕਿਹਾ ਕਿ ਕਾਂਗਰਸ ਪਾਰਟੀ ਦਾਗੀ ਤੇ ਵਿਵਾਦਾਂ ’ਚ ਘਿਰੇ ਲੋਕਾਂ ਨੂੰ ਮੈਦਾਨ ’ਚ ਉਤਾਰ ਰਹੀ ਹੈ, ਜਦਕਿ ਆਪ ਨੇ ਸਿਰਫ਼ ਸਾਫ਼-ਸੁਥਰੀ ਛਵੀ ਵਾਲੇ ਵਰਕਰਾਂ ਨੂੰ ਮੌਕਾ ਦਿੱਤਾ ਹੈ।
ਅੰਤ ’ਚ ਰਮਨ ਬਹਿਲ ਨੇ ਕਿਹਾ, “ਅੱਜ ਵਪਾਰੀ ਵਰਗ ਤੇ ਆਮ ਲੋਕ ਮਾਨ ਸਰਕਾਰ ਦੇ ਕੰਮਾਂ ਤੋਂ ਪੂਰੀ ਤਰ੍ਹਾਂ ਖੁਸ਼ ਨੇ। ਆਪ ਪੂਰੀ ਇਮਾਨਦਾਰੀ ਤੇ ਮਿਹਨਤ ਨਾਲ ਚੋਣ ਲੜ ਰਹੀ ਹੈ। ਕਾਂਗਰਸ ਵਾਲਿਆਂ ਦੀ ਕਥਨੀ-ਕਰਨੀ ਦਾ ਫ਼ਰਕ ਲੋਕ ਵੇਖ ਚੁੱਕੇ ਨੇ। ਹੁਣ ਬੇਸਿਰ-ਪੈਰ ਦੀਆਂ ਗੱਲਾਂ ਨਾਲ ਕੋਈ ਰੋਟੀ ਨਹੀਂ ਸਿੱਕਣੀ।”
ਇਸ ਮੌਕੇ ਤੇ ਬਹਿਲ ਵੱਲੋਂ ਅਕਾਲੀ ਦਲ ਦੇ ਆਗੂ ਗੁਰਬਚਨ ਸਿੰਘ ਬੱਬੇਹਾਲੀ ਤੇ ਵੀ ਤਿੱਖੇ ਵਾਰ ਕੀਤੇ ਗਏ। ਦੋਸ਼ ਲਗਾਉਂਦੇ ਹੋਏ ਉਨ੍ਹਾਂ ਕਿਹਾ ਕਿ ਬੱਬੇਹਾਲੀ ਵੱਲੋ ਵੀ ਆਪਣੀ ਸਰਕਾਰ ਦੌਰਾਨ ਕਿਸੇ ਨੂੰ ਵੀ ਚੋਣ ਨਹੀਂ ਲੜਨ ਦਿੱਤੀ ਗਈ ਸੀ ਅਤੇ ਉਨ੍ਹਾਂ ਵੀ ਧੱਕਾਸ਼ਾਹੀ ਨੂੰ ਹੀ ਆਪਣੀ ਰਾਜਨੀਤੀ ਬਣਾਇਆ ਸੀ।