ਕਿਹਾ ਕਿ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੀ ਦੁਰਵਰਤੋਂ ਕਰ ਕੇ ਆਪ ਉਮੀਦਵਾਰਾਂ ਨੂੰ ਅਨੇਕਾਂ ਜ਼ਿਲ੍ਹਿਆਂ ਵਿਚ ਬਿਨਾਂ ਮੁਕਾਬਲਾ ਜੇਤੂ ਬਣਾਇਆ
ਬਠਿੰਡਾ/ਚੰਡੀਗੜ੍ਹ, 6 ਦਸੰਬਰ 2025 (ਦੀ ਪੰਜਾਬ ਵਾਇਰ)– ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਨੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੂੰ ਵਰਤ ਕੇ ਸੂਬੇ ਵਿਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਸਵਾਂਗ ਵਿਚ ਬਦਲ ਦਿੱਤਾ ਹੈ ਅਤੇ ਵਿਰੋਧੀ ਧਿਰਾਂ ਖਾਸ ਤੌਰ ’ਤੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਰੋਕਿਆ ਗਿਆ ਹੈ।
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪਟਿਆਲਾ ਦੇ ਐਸ ਐਸ ਪੀ ਵਰੁਣ ਸ਼ਰਮਾ ਦੀ ਵੀਡੀਓ ਕਾਨਫਰੰਸ ਕਾਲ ਤੋਂ ਸਪਸ਼ਟ ਹੈ ਕਿ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਰੋਕਣ ਵਾਸਤੇ ਰਿਟਰਨਿੰਗ ਅਫਸਰਾਂ ਦੇ ਦਫਤਰ ਪਹੁੰਚਣ ਤੋਂ ਰੋਕਿਆ ਗਿਆ। ਉਹਨਾਂ ਕਿਹਾ ਕਿ ਇਹੀ ਤਰੀਕਾ ਹੋਰ ਐਸ ਐਸ ਪੀਜ਼ ਨੇ ਵਰਤਿਆ ਹੈ ਜਿਹਨਾਂ ਨੇ ਵਿਰੋਧੀ ਦੇ ਉਮੀਦਵਾਰਾਂ ਨੂੰ ਉਹਨਾਂ ਦੇ ਘਰਾਂ ਜਾਂ ਰਸੇ ਵਿਚ ਰੋਕ ਲਿਆ ਤਾਂ ਉਹ ਸਰਕਾਰੀ ਅਫਸਰਾਂ ਕੋਲ ਨਾ ਪਹੁੰਚ ਸਕਣ। ਉਹਨਾਂ ਕਿਹਾ ਕਿ ਇਸੇ ਤਰੀਕੇ ਡਿਪਟੀ ਕਮਿਸ਼ਨਰਾਂ ਨੂੰ ਗੈਰ ਕਾਨੂੰਨੀ ਹਦਾਇਤਾਂ ਦਿੱਤੀਆਂ ਗਈਆਂ ਕਿ ਉਹ ਵਿਰੋਧੀ ਧਿਰ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਦੇਣ।
ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਸ ਨਾਲ ਅਜਿਹੇ ਹਾਲਾਤ ਬਣ ਗਏ ਕਿ ਅਨੇਕਾਂ ਜ਼ਿਲ੍ਹਿਆਂ ਵਿਚ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰਾਂ ਦੀ ਜਿੱਤ ਹੋ ਗਈ ਹੈ। ਉਹਨਾਂ ਕਿਹਾ ਕਿ ਤਰਨ ਤਾਰਨ ਵਿਚ 20 ਜ਼ਿਲ੍ਹਾ ਪ੍ਰੀਸ਼ਦ ਸੀਟਾਂ ਵਿਚੋਂ 9 ਸੀਟਾਂ ’ਤੇ ਆਪ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਐਲਾਨੇ ਗਏ ਹਨ। ਉਹਨਾਂ ਕਿਹਾ ਕਿ ਤਰਨ ਤਾਰਨ ਬਲਾਕ ਸੰਮਤੀ ਵਿਚ 17 ਵਿਚੋਂ 12 ਵਿਚ ਆਪ ਉਮੀਦਵਾਰ ਜੇਤੂ ਐਲਾਨੇ ਗਏ ਹਨ, ਗੰਡੀਵਿੰਢ ਵਿਚ 15 ਵਿਚੋਂ 15, ਪੱਟੀ ਵਿਚ 16 ਵਿਚੋਂ 14, ਭਿਖੀਵਿੰਢ ਵਿਚ 23 ਵਿਚੋਂ 23 ਅਤੇ ਵਲਟੋਹਾ ਵਿਚ 18 ਵਿਚੋਂ 16 ਸੀਟਾਂ ’ਤੇ ਆਪ ਜੇਤੂ ਐਲਾਨੀ ਗਈ ਹੈ। ਉਹਨਾਂ ਕਿਹਾ ਕਿ ਗੁਰਦਾਸਪੁਰ ਵਿਚ ਵੀ ਇਹੋ ਹਾਲਾਤ ਹਨ ਤੇ ਆਪ ਦੇ ਉਮੀਦਵਾਰ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੀ ਮਦਦ ਨਾਲ ਜੇਤੂ ਐਲਾਨੇ ਜਾ ਰਹੇ ਹਨ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਾਲਾਤ ਬਹੁਤ ਗੰਭੀਰ ਹਨ। ਉਹਨਾਂ ਕਿਹਾ ਕਿ ਪਟਿਆਲਾ ਦੇ ਐਸ ਐਸ ਪੀ ਵਰੁਣ ਸ਼ਰਮਾ ਦੀ ਕਾਨਫਰੰਸ ਕਾਲ ਨੇ ਸਾਬਤ ਕਰ ਦਿੱਤਾ ਹੈ ਕਿ ਆਪ ਸਰਕਾਰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਜਿੱਤਣ ਵਾਸਤੇ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਲੋਕਤੰਤਰ ਦੀ ਰਾਖੀ ਵਾਸਤੇ ਦ੍ਰਿੜ੍ਹ ਸੰਕਲਪ ਹੈ ਤੇ ਉਹ ਮੌਜੂਦਾ ਚੋਣਾਂ ਵਿਚ ਲੋਕਤੰਤਰ ਦਾ ਕਤਲ ਕਰਨ ਵਾਲੇ ਸਾਰੇ ਪੁਲਿਸ ਅਫਸਰਾਂ ਜਿਹਨਾਂ ਵਿਚ ਵਰੁਣ ਸ਼ਰਮਾ ਵੀ ਸ਼ਾਮਲ ਹੈ, ਨੂੰ ਉਹਨਾਂ ਦੇ ਗੈਰ ਕਾਨੂੰਨੀ ਤੇ ਗੈਰ ਸੰਵਿਧਾਨਕ ਕੰਮਾਂ ਵਾਸਤੇ ਜੇਲ੍ਹ ਕਰਵਾ ਕੇ ਛੱਡੇਗਾ।
ਸਰਦਾਰ ਬਾਦਲ ਨੇ ਸਥਾਨਕ ਵਪਾਰੀ ਤੇ ਸਮਾਜ ਸੇਵੀ ਰਾਜਿੰਦਰ ਮਿੱਤਲ ਜਿਹਨਾਂ ਨੇ ਏਮਜ਼ ਵਿਚ ਦਾਖਲ ਮਰੀਜ਼ਾਂ ਦੇ ਵਾਰਸਾਂ ਵਾਸਤੇ ’ਸਰਾਂ’ ਬਣਵਾਈ, ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਾਨੂੰ ਅਜਿਹੇ ਹੋਰ ਸਮਾਜ ਸੇਵੀਆਂ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਸ੍ਰੀ ਰਾਜਿੰਦਰ ਮਿੱਲ ਵੱਲੋਂ ਦਿੱਤੀਆਂ ਸਮਾਜ ਸੇਵਾਵਾਂ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਥੋੜ੍ਹੀ ਹੈ।
