📰 ਪੰਚਾਇਤੀ ਜ਼ਮੀਨ ‘ਤੇ ਨਾਜਾਇਜ਼ ਕਬਜ਼ਾ: ਸਰਪੰਚ ਅਤੇ ਪੰਚਾਂ ਨੇ ਕੀਤੀ ਸ਼ਿਕਾਇਤ, BDPO ਨੇ ਲਿਆ ਨੋਟਿਸ, ਮਾਮਲਾ ਦਰਜ਼

FIR

ਗੁਰਦਾਸਪੁਰ, 6 ਦਿਸੰਬਰ 2025 (ਮਨਨ ਸੈਣੀ)। ਥਾਣਾ ਬਹਿਰਾਮਪੁਰ ਦੀ ਪੁਲਿਸ ਵੱਲੋਂ ਪੰਚਾਇਤੀ ਜ਼ਮੀਨ ਤੇ ਨਾਜਾਇਜ਼ ਕਬਜ਼ਾ ਕਰਨ ਦੇ ਚਲਦੇ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਬੀਡੀਪੀਓ ਦੀ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਤੋਂ ਬਾਅਦ ਕੀਤਾ ਗਿਆ ਹੈ। ਇਸ ਸਬੰਧੀ ਸਰਪੰਚ ਅਤੇ ਪੰਚਾਂ ਨੇ ਬੀ.ਡੀ.ਪੀ.ਓ. ਦੋਰਾਂਗਲਾ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਪਿੰਡ ਦੀ ਪੰਚਾਇਤ ਤੇ ਕੁਝ ਵੱਲੋਂ ਨਾਜ਼ਾਇਜ ਕਬਜਾ ਕੀਤਾ ਜਾ ਰਿਹਾ ਹੈ। ਜਿਸ ਦੀ ਜਾਂਚ ਕਰਨ ਤੋ ਬਾਅਦ ਬੀਡੀਪੀਓ ਵੱਲੋਂ ਥਾਣਾ ਬਹਿਰਾਮਪੁਰ ਦੀ ਪੁਲਿਸ ਨੂੰ ਲਿਖ ਕੇ ਮਾਮਲਾ ਦਰਜ ਕਰਨ ਲਈ ਪੱਤਰ ਲਿਖਿਆ ਗਿਆ।

ਕੀ ਹੈ ਮਾਮਲਾ?

ਪੁਲਿਸ ਵੱਲੋਂ ਦਰਜ ਕੀਤੇ ਗਏ ਮਾਮਲੇ ਅੰਦਰ ਦੱਸਿਆ ਗਿਆ ਹੈ ਕਿ ਦਰਖ਼ਾਸਤ ਨੰਬਰੀ 1700 ਮਿਤੀ 05.12.2025 ਅਨੁਸਾਰ, ਗ੍ਰਾਮ ਪੰਚਾਇਤ ਬਾਹਮਣੀ ਨੇ ਬੀ.ਡੀ.ਪੀ.ਓ. ਅਫ਼ਸਰ ਸ੍ਰੀ ਦਿਲਬਾਗ ਸੰਧੂ ਨੂੰ ਸੂਚਿਤ ਕੀਤਾ ਕਿ ਪਿੰਡ ਦੇ ਕੁਝ ਵਿਅਕਤੀਆਂ ਨੇ ਪੰਚਾਇਤੀ ਜ਼ਮੀਨ, ਜਿਸ ਦਾ ਖ਼ਸਰਾ ਨੰਬਰ 111 ਹੈ ਅਤੇ ਜੋ ਪਾਰਕ ਲਈ ਰਾਖਵੀਂ ਰੱਖੀ ਗਈ ਹੈ, ‘ਤੇ ਨਾਜਾਇਜ਼ ਕਬਜ਼ਾ ਕਰ ਲਿਆ ਹੈ।


ਦੋਸ਼ੀ ਵੱਲੋਂ ਪੱਕੀ ਉਸਾਰੀ ਦੀ ਤਿਆਰੀ

ਗ੍ਰਾਮ ਪੰਚਾਇਤ ਵੱਲੋਂ ਇਹ ਖ਼ਾਸ ਤੌਰ ‘ਤੇ ਧਿਆਨ ਵਿੱਚ ਲਿਆਂਦਾ ਗਿਆ ਕਿ ਦੋਸ਼ੀ ਪਿੰਦਰ ਸਿੰਘ ਵਾਸੀ ਬਾਹਮਣੀ ਵੱਲੋਂ ਪੰਚਾਇਤੀ ਜ਼ਮੀਨ ‘ਤੇ ਪੱਕੀ ਉਸਾਰੀ ਕੀਤੀ ਜਾ ਰਹੀ ਹੈ ਅਤੇ 05.12.2025 ਉਸ ਉੱਪਰ ਲੈਟਰ (ਲੈਂਟਰ/ਛੱਤ) ਪਾਉਣ ਦੀ ਤਿਆਰੀ ਵਜੋਂ ਸਟਰਿੰਗ (ਸ਼ਟਰਿੰਗ) ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਨਾਜਾਇਜ਼ ਉਸਾਰੀ ਨੂੰ ਰੋਕਣ ਲਈ ਗ੍ਰਾਮ ਪੰਚਾਇਤ ਵੱਲੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ ਸੀ।


BDPO ਵੱਲੋਂ ਕਾਰਵਾਈ ਸ਼ੁਰੂ

ਸ੍ਰੀ ਦਿਲਬਾਗ ਸੰਧੂ, ਬੀ.ਡੀ.ਪੀ.ਓ. ਅਫ਼ਸਰ ਦੋਰਾਂਗਲਾ, ਨੇ ਸ਼ਿਕਾਇਤ ਦਾ ਨੋਟਿਸ ਲੈਂਦੇ ਹੋਏ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ 05.12.2025 ਨੂੰ ਹੀ ਕਬਜ਼ਾ ਕਰਨ ਵਾਲੇ ਵਿਅਕਤੀਆਂ ਨੂੰ ਦਫ਼ਤਰ ਵਿਖੇ ਬੁਲਾਇਆ ਗਿਆ ਸੀ। ਮਾਮਲਾ ਦਰਜ ਹੋਣ ਤੋਂ ਬਾਅਦ ਅਗਲੇਰੀ ਕਾਨੂੰਨੀ ਕਾਰਵਾਈ ਜਾਰੀ ਹੈ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਥਾਣਾ ਬਹਿਰਾਮਪੁਰ ਅੰਦਰ ਸ਼ਿਕਾਇਤ ਦਰਜ ਕਰਕੇ ਮਾਮਲਾ ਦਰਜ ਕਰਵਾਇਆ ਗਿਆ ਹੈ।

Exit mobile version